ਰਾਜਕੋਟ (ਪੀਟੀਆਈ) : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀਰਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੇ ਦੂਜੇ ਟੀ-20 ਮੈਚ ਲਈ ਤੇਜ਼ ਗੇਂਦਬਾਜ਼ਾਂ 'ਚ ਤਬਦੀਲੀ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਬੱਲੇਬਾਜ਼ੀ-ਲਾਈਨਅਪ ਦਾ ਬਚਾਅ ਕੀਤਾ ਜਿਸ ਵਿਚ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਪਿਛਲੇ ਕੁਝ ਸਮੇਂ ਤੋਂ ਜੂਝ ਰਹੇ ਹਨ। ਰੋਹਿਤ ਨੇ ਕਿਹਾ ਕਿ ਸਾਡੀ ਬੱਲੇਬਾਜ਼ੀ ਚੰਗੀ ਦਿਖਾਈ ਦਿੰਦੀ ਹੈ, ਇਸ ਲਈ ਮੈਨੂੰ ਨਹੀਂ ਲਗਦਾ ਕਿ ਸਾਨੂੰ ਆਪਣੀ ਬੱਲੇਬਾਜ਼ੀ ਵਿਚ ਕੁਝ ਤਬਦੀਲੀ ਕਰਨ ਦੀ ਲੋੜ ਹੈ। ਇਸ ਪਿੱਚ ਦਾ ਅੰਦਾਜ਼ਾਂ ਲਾਵਾਂਗੇ ਤੇ ਉਸੇ ਆਧਾਰ 'ਤੇ ਅਸੀਂ ਦੇਖਾਂਗੇ ਕਿ ਬਤੌਰ ਟੀਮ ਅਸੀਂ ਕੀ ਕਰ ਸਕਦੇ ਹਾਂ। ਪਿਛਲੇ ਮੈਚ ਵਿਚ ਅਸੀਂ ਜਿਸ ਤੇਜ਼ ਗੇਂਦਬਾਜ਼ੀ ਹਮਲੇ ਨਾਲ ਖੇਡੇ ਸੀ ਉਹ ਦਿੱਲੀ ਦੀ ਪਿੱਚ ਦੇ ਹਿਸਾਬ ਨਾਲ ਸੀ। ਅਸੀਂ ਮੁੜ ਪਿੱਚ ਦੇਖਾਂਗੇ ਤੇ ਸੋਚਾਂਗੇ ਕਿ ਆਪਣੀ ਗੇਂਦਬਾਜ਼ੀ ਲਾਈਨਅਪ ਵਿਚ ਕੀ ਕਰਨ ਦੀ ਲੋੜ ਹੈ। ਰੋਹਿਤ ਨੂੰ ਉਮੀਦ ਹੈ ਕਿ ਰਾਜਕੋਟ ਦੀ ਪਿੱਚ ਕੋਟਲਾ ਤੋਂ ਬਿਹਤਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਿੱਚ ਚੰਗੀ ਦਿਖਾਈ ਦੇ ਰਹੀ ਹੈ। ਰਾਜਕੋਟ ਵਿਚ ਹਮੇਸ਼ਾ ਹੀ ਬੱਲੇਬਾਜ਼ਾਂ ਲਈ ਪਿੱਚ ਚੰਗੀ ਰਹੀ ਹੈ ਤੇ ਇਸ ਤੋਂ ਗੇਂਦਬਾਜ਼ਾਂ ਨੂੰ ਵੀ ਥੋੜ੍ਹੀ ਮਦਦ ਮਿਲਦੀ ਹੈ। ਇਹ ਚੰਗੀ ਪਿੱਚ ਹੋਵੇਗੀ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਜੋ ਦਿੱਲੀ 'ਚ ਦੇਖਿਆ ਉਸ ਤੋਂ ਬਿਹਤਰ ਹੋਵੇਗੀ। ਤੁਹਾਨੂੰ ਇਹ ਜ਼ਰੂਰ ਦੱਸ ਦਈਏ ਕਿ ਅਸੀਂ ਥੋੜ੍ਹਾ ਵੱਖਰੀ ਤਰ੍ਹਾਂ ਖੇਡਾਂਗੇ।

ਸਾਨੂੰ ਗ਼ਲਤੀਆਂ 'ਤੇ ਦੇਣਾ ਪਵੇਗਾ ਧਿਆਨ

ਰੋਹਿਤ ਸ਼ਰਮਾ ਨੇ ਕਿਹਾ ਕਿ ਪਿਛਲੇ ਮੈਚ ਵਿਚ ਅਸੀਂ ਬਤੌਰ ਟੀਮ ਹਾਰੇ ਸੀ। ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੀਆਂ ਗ਼ਲਤੀਆਂ 'ਤੇ ਧਿਆਨ ਦਈਏ ਤੇ ਯਕੀਨੀ ਬਣਾਈਏ ਕਿ ਇਹ ਦੁਬਾਰਾ ਨਾ ਹੋਣ।

------------