ਪੁਣੇ (ਪੀਟੀਆਈ) : ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਇੱਥੇ ਮਹਾਰਾਸ਼ਟਰ ਕ੍ਰਿਕਟ ਸੰਘ ਵਿਚ ਖੇਡੇ ਜਾ ਰਹੇ ਸੀਰੀਜ਼ ਦੇ ਦੂਜੇ ਮੈਚ ਦੇ ਤੀਜੇ ਦਿਨ ਸ਼ਨਿਚਰਵਾਰ ਨੂੰ ਸੁਰੱਖਿਆ ਨੂੰ ਤੋੜਦੇ ਹੋਏ ਇਕ ਪ੍ਰਸ਼ੰਸਕ ਮੈਦਾਨ ਵਿਚ ਵੜ ਗਿਆ। ਪ੍ਰਸ਼ੰਸਕ ਰੋਹਿਤ ਸ਼ਰਮਾ ਦੇ ਕੋਲ ਪੁੱਜਾ ਜੋ ਉਸ ਸਮੇਂ ਸਲਿਪ ਵਿਚ ਫੀਲਡਿੰਗ ਕਰ ਰਹੇ ਸਨ। ਪ੍ਰਸ਼ੰਸਕ ਨੇ ਜਿਵੇਂ ਹੀ ਰੋਹਿਤ ਦੇ ਪੈਰ ਫੜੇ ਤਾਂ ਉਨ੍ਹਾਂ ਦਾ ਬੈਲੰਸ ਵਿਗੜ ਗਿਆ ਤੇ ਉਹ ਡਿੱਗ ਪਏ। ਰੋਹਿਤ ਪ੍ਰਸ਼ੰਸਕ ਨੂੰ ਆਪਣੇ ਪੈਰਾਂ ਨੂੰ ਛੂਹਣ ਨਹੀਂ ਦੇਣਾ ਚਾਹੁੰਦੇ ਸਨ। ਇਸ ਦੌਰਾਨ ਰੋਹਿਤ ਦੇ ਨਾਲ ਭਾਰਤ ਦੀ ਟੈਸਟ ਟੀਮ ਦੇ ਉੱਪ ਕਪਤਾਨ ਅਜਿੰਕੇ ਰਹਾਣੇ ਵੀ ਨਾਲ ਸਨ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਪ੍ਰਸ਼ੰਸਕ ਨੂੰ ਮੈਦਾਨ 'ਚੋਂ ਬਾਹਰ ਕੱਢ ਦਿੱਤਾ। ਦੱਖਣੀ ਅਫਰੀਕਾ ਦੇ ਭਾਰਤ ਦੇ ਮੌਜੂਦਾ ਦੌਰੇ 'ਤੇ ਇਹ ਤੀਜੀ ਘਟਨਾ ਹੈ ਜਦ ਦਰਸ਼ਕ ਮੈਦਾਨ 'ਚ ਵੜ ਗਿਆ। ਵਿਸ਼ਾਖਾਪਟਨਮ ਵਿਚ ਪਹਿਲੇ ਟੈਸਟ ਵਿਚ ਇਕ ਪ੍ਰਸ਼ੰਸਕ ਮੈਦਾਨ ਵਿਚ ਆ ਗਿਆ ਸੀ ਤੇ ਉਸ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਹੱਥ ਮਿਲਾਇਆ ਤੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਮੋਹਾਲੀ ਵਿਚ ਦੋਵਾਂ ਟੀਮਾਂ ਵਿਚਾਲੇ ਦੂਜੇ ਟੀ-20 ਮੈਚ ਵਿਚ ਵੀ ਅੜਿੱਕਾ ਪੈਦਾ ਹੋਇਆ ਸੀ ਕਿਉਂਕਿ ਪ੍ਰਸ਼ੰਸਕ ਮੈਦਾਨ ਵਿਚ ਵੜ ਗਿਆ ਸੀ।