ਵਿਜੇਨਗਰਮ (ਪੀਟੀਆਈ) : ਰੋਹਿਤ ਸ਼ਰਮਾ ਵੀਰਵਾਰ ਤੋਂ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂ ਹੋਣ ਵਾਲੇ ਤਿੰਨ ਦਿਨਾ ਅਭਿਆਸ ਮੈਚ 'ਚ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੀ ਅਗਵਾਈ ਕਰਨਗੇ ਜਿਸ ਵਿਚ ਉਹ ਸਲਾਮੀ ਬੱਲੇਬਾਜ਼ ਵਜੋਂ ਆਪਣੇ ਟਰਾਇਲ ਦੀ ਆਖ਼ਰੀ ਕੋਸ਼ਿਸ਼ ਵਿਚ ਖ਼ੁਦ ਨੂੰ ਸਾਬਤ ਕਰਨਾ ਚਾਹੁਣਗੇ। ਰਾਸ਼ਟਰੀ ਚੋਣ ਕਮੇਟੀ ਤੇ ਟੀਮ ਮੈਨੇਜਮੈਂਟ ਨੇ ਰੋਹਿਤ ਦੇ ਸ਼ਾਟ ਖੇਡਣ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਲਾਮੀ ਬੱਲੇਬਾਜ਼ ਵਜੋਂ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ ਤੇ ਅਗਲੇ ਪੰਜ ਟੈਸਟ ਇਸ 32 ਸਾਲ ਦੇ ਸਟਾਈਲਿਸ਼ ਬੱਲੇਬਾਜ਼ ਲਈ ਅਹਿਮ ਸਾਬਤ ਹੋਣਗੇ। ਦੂਜੇ ਸਲਾਮੀ ਬੱਲੇਬਾਜ਼ ਵਜੋਂ ਉਨ੍ਹਾਂ ਦੇ ਕੋਲ ਮਯੰਕ ਅੱਗਰਵਾਲ ਹੋਣਗੇ ਤੇ ਦੋਵੇਂ ਦੋ ਅਕਤੂਬਰ ਤੋਂ ਵਿਸ਼ਾਖਾਪਟਨਮ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਇਕ-ਦੂਜੇ ਨਾਲ ਤਾਲਮੇਲ ਬਿਠਾਉਣਾ ਚਾਹੁਣਗੇ। ਤੀਜੇ ਅਹਿਮ ਖਿਡਾਰੀ ਉਮੇਸ਼ ਯਾਦਵ ਹੋਣਗੇ ਜਿਨ੍ਹਾਂ ਨੂੰ ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਥਾਂ 'ਤੇ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਵੀਰਵਾਰ ਨੂੰ ਸਾਰਿਆਂ ਦਾ ਧਿਆਨ ਰੋਹਿਤ 'ਤੇ ਲੱਗਾ ਹੋਵੇਗਾ।

ਚਿੱਟੀ ਗੇਂਦ ਦੇ ਫਾਰਮੈਟ ਵਿਚ ਅਜੌਕੇ ਸਮੇਂ ਦੇ ਦਿੱਗਜ ਖਿਡਾਰੀਆਂ ਵਿਚੋਂ ਇਕ ਰੋਹਿਤ ਦਾ 27 ਟੈਸਟ ਮੈਚਾਂ ਵਿਚ ਔਸਤ 39.62 ਦਾ ਹੈ ਜਿਸ ਵਿਚ ਤਿੰਨ ਸੈਂਕੜੇ ਸ਼ਾਮਲ ਹਨ। ਲਾਲ ਗੇਂਦ ਦੇ ਉੱਪ ਕਪਤਾਨ ਅਜਿੰਕੇ ਰਹਾਣੇ ਤੇ ਤੇਜ਼ੀ ਨਾਲ ਅੱਗੇ ਵਧ ਰਹੇ ਹਨੂਮਾ ਵਿਹਾਰੀ ਨੇ ਵੈਸਟਇੰਡੀਜ਼ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਦਮ 'ਤੇ ਮੱਧਕ੍ਰਮ 'ਚ ਆਪਣੀ ਥਾਂ ਮਜ਼ਬੂਤ ਕੀਤੀ ਹੈ ਜਿਸ ਨਾਲ ਰੋਹਿਤ ਲਈ ਬਚਿਆ ਹੋਇਆ ਇੱਕੋ ਇਕ ਬਦਲ ਚੋਟੀ ਦੇ ਸਥਾਨ 'ਤੇ ਬੱਲੇਬਾਜ਼ੀ ਕਰਨਾ ਹੈ। ਤਿੰਨ ਦਿਨਾ ਮੈਚ ਵਿਚ ਦੱਖਣੀ ਅਫਰੀਕਾ ਦਾ ਲਾਲ ਗੇਂਦ ਦਾ ਗੇਂਦਬਾਜ਼ੀ ਹਮਲਾ ਕਾਫੀ ਚੰਗਾ ਹੈ ਜਿਸ ਵਿਚ ਕੈਗਿਸੋ ਰਬਾਦਾ, ਵਰਨੋਨ ਫਿਲੈਂਡਰ ਤੇ ਲੁੰਗੀ ਨਗੀਦੀ ਸ਼ਾਮਲ ਹਨ। ਵਿਸ਼ਾਖਾਪਟਨਮ ਵਿਚ ਸ਼ੁਰੂਆਤੀ ਟੈਸਟ ਮੈਚ ਤੋਂ ਪਹਿਲਾਂ ਇਹ ਚੰਗਾ ਅਭਿਆਸ ਹੋਵੇਗਾ। ਰੋਹਿਤ ਦੀ ਲਾਲ ਐੱਸਜੀ, ਡਿਊਕ ਜਾਂ ਕੂਕਾਬੁਰਾ ਗੇਂਦ ਖ਼ਿਲਾਫ਼ ਤਕਨੀਕ ਥੋੜ੍ਹੀ ਸ਼ੱਕ ਵਾਲੀ ਰਹੀ ਹੈ ਪਰ ਵਰਿੰਦਰ ਸਹਿਵਾਗ ਦੀ ਕਾਮਯਾਬੀ ਨੂੰ ਧਿਆਨ ਵਿਚ ਰੱਖਦੇ ਹੋਏ ਵਿਰਾਟ ਕੋਹਲੀ ਤੇ ਰਵੀ ਸ਼ਾਸਤਰੀ ਇਸ ਦਾਅ ਨੂੰ ਖੇਡਣ ਲਈ ਤਿਆਰ ਹਨ। ਜੇ ਇਹ ਅਸਰਦਾਰ ਰਹਿੰਦਾ ਹੈ ਤਾਂ ਇਸ ਕਦਮ ਨੂੰ ਸ਼ਾਨਦਾਰ ਮੰਨਿਆ ਜਾਵੇਗਾ ਪਰ ਜੇ ਅਜਿਹਾ ਨਾ ਹੋਇਆ ਤਾਂ ਏ ਟੀਮ ਵਿਚ ਸਲਾਮੀ ਬੱਲੇਬਾਜ਼ਾਂ ਵਜੋਂ ਸ਼ੁਭਮਨ ਗਿੱਲ, ਅਭਿਮਨਿਊ ਈਸ਼ਵਰਨ ਤੇ ਪਿ੍ਆਂਕ ਪਾਂਚਾਲ ਮੌਜੂਦ ਹੋਣਗੇ। ਲੋਕੇਸ਼ ਰਾਹੁਲ ਨੂੰ ਨਹੀਂ ਭੁੱਲਣਾ ਚਾਹੀਦਾ ਜੋ ਵੱਡੀ ਪਾਰੀ ਖੇਡਣਾ ਚਾਹੁਣਗੇ ਤਾਂਕਿ ਆਪਣੀ ਥਾਂ ਵਾਪਸ ਹਾਸਲ ਕਰ ਸਕਣ। ਉਥੇ ਪਿ੍ਰਥਵੀ ਸ਼ਾਅ ਵੀ ਡੋਪਿੰਗ ਦੀ ਪਾਬੰਦੀ ਤੋਂ ਬਾਅਦ ਵਾਪਸੀ ਕਰਨ ਲਈ ਬੇਤਾਬ ਹੋਣਗੇ। ਉੱਪ ਮਹਾਦੀਪ ਦੀਆਂ ਹੌਲੀ ਪਿੱਚਾਂ 'ਤੇ ਰੋਹਿਤ ਜੇ ਕਾਮਯਾਬ ਰਹਿੰਦੇ ਹਨ ਤਾਂ ਵੀ ਇਸ ਗੱਲ ਦੀ ਗਰੰਟੀ ਨਹੀਂ ਹੈ ਕਿ ਉਹ ਨਿਊਜ਼ੀਲੈਂਡ ਦੇ ਮੈਦਾਨਾਂ 'ਤੇ ਇਸ ਨੂੰ ਦੁਹਰਾਉਣ ਵਿਚ ਕਾਮਯਾਬ ਹੋਣਗੇ ਜਿੱਥੇ ਟ੍ਰੈਂਟ ਬੋਲਟ ਉਨ੍ਹਾਂ ਖ਼ਿਲਾਫ਼ ਮੌਜੂਦ ਰਹਿਣਗੇ। ਭਾਰਤ ਦੇ ਬਿਹਤਰੀਨ ਵਨ ਡੇ ਸਲਾਮੀ ਬੱਲੇਬਾਜ਼ਾਂ ਵਿਚੋਂ ਇਕ ਲਈ ਹਾਲਾਂਕਿ ਸਫ਼ਰ ਕਾਫੀ ਮੁਸ਼ਕਲ ਹੋਵੇਗਾ ਕਿਉਂਕਿ ਅਗਲੇ ਛੇ ਮਹੀਨੇ ਖੇਡ ਦੇ ਇਸ ਰਵਾਇਤੀ ਫਾਰਮੈਟ ਵਿਚ ਉਨ੍ਹਾਂ ਦੀ ਕਿਮਸਤ ਦਾ ਫ਼ੈਸਲਾ ਕਰਨਗੇ।

ਟੀਮਾਂ 'ਚ ਸ਼ਾਮਲ ਖਿਡਾਰੀ :

ਬੋਰਡ ਪ੍ਰੈਜ਼ੀਡੈਂਟ ਇਲੈਵਨ :

ਰੋਹਿਤ ਸ਼ਰਮਾ (ਕਪਤਾਨ), ਮਯੰਕ ਅੱਗਰਵਾਲ, ਪਿ੍ਰਆਂਕ ਪਾਂਚਾਲ, ਅਭਿਮਨਿਊ ਈਸ਼ਵਰਨ, ਕਰੁਣ ਨਾਇਰ, ਸਿਧੇਸ਼ ਲਾਡ, ਕੇਐੱਸ ਭਰਤ (ਵਿਕਟਕੀਪਰ), ਜਲਜ ਸਕਸੇਨਾ, ਧਰਮਿੰਦਰ ਸਿੰਘ ਜਡੇਜਾ, ਆਵੇਸ਼ ਖਾਨ, ਇਸ਼ਾਨ ਪੋਰੇਲ, ਸ਼ਾਰਦੁਲ ਠਾਕੁਰ ਤੇ ਉਮੇਸ਼ ਯਾਦਵ।

ਦੱਖਣੀ ਅਫਰੀਕਾ :

ਫਾਫ ਡੁ ਪਲੇਸਿਸ (ਕਪਤਾਨ), ਟੇਂਬਾ ਬਾਵੁਮਾ (ਉੱਪ ਕਪਤਾਨ), ਥੇਉਨਿਸ ਡੀ ਬਰੂਏਨ, ਕਵਿੰਟਨ ਡਿਕਾਕ, ਡੀਨ ਐਲਗਰ, ਜੁਬੈਰ ਹਮਜਾ, ਕੇਸ਼ਵ ਮਹਾਰਾਜ, ਏਡੇਨ ਮਾਰਕਰੈਮ, ਸੇਨੁਰਾਨ ਮੁਥੁਸਾਮੀ, ਲੁੰਗੀ ਨਗੀਦੀ, ਐਨਰਿਕ ਨਾਰਟਜੇ, ਵਰਨੋਨ ਫਿਲੈਂਡਰ, ਡੇਨ ਪੀਟ, ਕੈਗਿਸੋ ਰਬਾਦਾ, ਰੂਡੀ ਸੇਕੇਂਡ।