ਵੀਵੀਐੱਸ ਲਕਸ਼ਮਣ ਦੀ ਕਲਮ ਤੋਂ

ਤੀਜੇ ਟੀ-20 ਮੈਚ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦਕਿ ਬੈਂਗਲੁਰੂ 'ਚ ਟੀਚੇ ਦਾ ਪਿੱਛਾ ਕਰਨਾ ਸਭ ਤੋਂ ਚੰਗਾ ਰਿਕਾਰਡ ਰਿਹਾ ਹੈ ਪਰ ਮੈਨੂੰ ਇਸ ਨਾਲ ਕੋਈ ਪਰੇਸ਼ਾਨੀ ਨਹੀਂ ਹੈ ਕਿਉਂਕਿ ਭਾਰਤੀ ਟੀਮ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟੀਮ ਤਿਆਰ ਕਰ ਰਹੀ ਹੈ ਤੇ ਖ਼ੁਦ ਨੂੰ ਚੁਣੌਤੀ ਦੇਣ ਨਾਲ ਸੌਖੀ ਸਥਿਤੀ 'ਚੋਂ ਬਾਹਰ ਕੱਢਣਾ ਚਾਹੁੰਦੀ ਹੈ। ਚਿੰਨਾਸਵਾਮੀ ਸਟੇਡੀਅਮ ਵਿਚ ਟੀਮ ਨੂੰ ਮਿਲੀ ਹਾਰ ਇਕ ਝਟਕਾ ਹੈ ਤੇ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ। ਭਾਰਤ ਦੀ ਬੱਲੇਬਾਜ਼ੀ ਟੀ-20 ਵਿਚ ਹਮਲਾਵਰ ਰੂਪ ਵਿਚ ਜਾਣੀ ਜਾਂਦੀ ਹੈ ਤੇ ਇਸ ਬੱਲੇਬਾਜ਼ੀ ਇਕਾਈ ਵਿਚ ਗਹਿਰਾਈ ਹੈ ਜਿਸ ਵਿਚ ਵਾਸ਼ਿੰਗਟਨ ਸੁੰਦਰ ਨੌਵੇਂ ਤੇ ਦੀਪਕ ਚਾਹਰ 10ਵੇਂ ਸਥਾਨ 'ਤੇ ਖੇਡਦੇ ਹਨ। ਮੈਨੂੰ ਲਗਦਾ ਹੈ ਕਿ ਇਸ ਮੈਚ ਵਿਚ ਮੱਧਕ੍ਰਮ ਨੂੰ ਸਬਕ ਮਿਲਿਆ ਹੋਵੇਗਾ ਜੋ ਪੂਰੀ ਤਰ੍ਹਾਂ ਨਾਕਾਮ ਰਿਹਾ। 50 ਓਵਰਾਂ ਦੀ ਕ੍ਰਿਕਟ ਵਾਂਗ ਟੀ-20 ਵਿਚ ਵੀ ਭਾਰਤ ਦੇ ਚੋਟੀ ਦੇ ਨੰਬਰ ਦੇ ਤਿੰਨ ਬੱਲੇਬਾਜ਼ ਮਜ਼ਬੂਤ ਹਨ। ਮੱਧ ਕ੍ਰਮ ਨੂੰ ਘੱਟ ਹੀ ਮੌਕਿਆਂ 'ਤੇ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਮਿਲਦਾ ਹੈ ਪਰ ਜਦ ਤੁਹਾਨੂੰ ਅਜਿਹੇ ਮੌਕੇ ਮਿਲਦੇ ਹਨ ਤਾਂ ਤੁਹਾਨੂੰ ਇਸ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ ਪਰ ਐਤਵਾਰ ਦੀ ਰਾਤ ਨੂੰ ਇਹ ਦੇਖਣ ਨੂੰ ਨਹੀਂ ਮਿਲਿਆ। ਇਕ ਸਮੇਂ ਭਾਰਤ ਦਾ ਸਕੋਰ ਇਕ ਵਿਕਟ 'ਤੇ 63 ਦੌੜਾਂ ਸੀ ਪਰ ਭਾਰਤੀ ਟੀਮ ਸਿਰਫ਼ 134 ਦੌੜਾਂ ਹੀ ਬਣਾ ਸਕੀ। ਰਿਸ਼ਭ ਪੰਤ ਕੁਝ ਸਮੇਂ ਤੋਂ ਦਬਾਅ ਵਿਚ ਹਨ। ਉਨ੍ਹਾਂ ਦਾ ਸਰਬੋਤਮ ਤਦ ਆਉਂਦਾ ਹੈ, ਜਦ ਉਹ ਖੁੱਲ੍ਹ ਕੇ ਖੇਡਦੇ ਹਨ ਪਰ ਮੌਜੂਦਾ ਸਮੇਂ ਵਿਚ ਉਹ ਕੁਝ ਉਲਝਣ ਵਿਚ ਦਿਖਾਈ ਦਿੰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਸ਼ਾਟ ਚੋਣ ਨੂੰ ਲੈ ਕੇ ਨਿੰਦਾ ਹੋਈ। ਉਹ ਸਟ੍ਰਾਈਕ ਬਦਲਣ ਦੇ ਤਰੀਕਿਆਂ ਦੀ ਭਾਲ ਵਿਚ ਕਈ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਜਦ ਅਜਿਹਾ ਨਹੀਂ ਹੁੰਦਾ ਤਾਂ ਉਹ ਬੇਕਾਰ ਸ਼ਾਟ ਖੇਡ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਦੀ ਹੁਣ ਦੀ ਮਾਨਸਿਕਤਾ ਨੂੰ ਦੇਖਦੇ ਹੋਏ ਉਹ ਨੰਬਰ ਪੰਜ ਜਾਂ ਨੰਬਰ ਛੇ 'ਤੇ ਬਿਹਤਰ ਹੋਣਗੇ ਜਿੱਥੇ ਉਹ ਪਹਿਲੀ ਗੇਂਦ ਤੋਂ ਚੰਗੇ ਸ਼ਾਟ ਖੇਡ ਸਕਦੇ ਹਨ। ਇਕ ਵਾਰ ਜਦ ਪੰਤ ਆਪਣਾ ਆਤਮਵਿਸ਼ਵਾਸ ਹਾਸਲ ਕਰ ਲੈਣਗੇ ਤਾਂ ਉਹ ਪੂਰੀ ਤਰ੍ਹਾਂ ਇਕ ਵੱਖਰੇ ਬੱਲੇਬਾਜ਼ ਦਿਖਾਈ ਦੇਣਗੇ। ਸ਼੍ਰੇਅਸ ਅਈਅਰ ਨੂੰ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ।

ਦੱਖਣੀ ਅਫਰੀਕਾ ਨੇ ਕੀਤਾ ਪ੍ਰਦਰਸ਼ਨ 'ਚ ਸੁਧਾਰ :

ਦੱਖਣੀ ਅਫਰੀਕਾ ਨੇ ਗੇਂਦ ਨਾਲ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕੀਤਾ ਹੈ। ਬਿਊਰੇਨ ਹੈਂਡਿ੍ਕਸ ਤੇ ਬਿਓਰਨ ਫੋਰਟਿਨ ਦੋਵਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਰੈਗੂਲਰ ਵਕਫ਼ੇ 'ਤੇ ਵਿਕਟਾਂ ਹਾਸਲ ਕੀਤੀਆਂ। ਕਪਤਾਨ ਕਵਿੰਟਨ ਡਿਕਾਕ ਨੇ ਮੈਚ ਦੇ ਆਖ਼ਰ ਤਕ ਬੱਲੇਬਾਜ਼ੀ ਕੀਤੀ ਤੇ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।