ਪੋਰਟ ਆਫ ਸਪੇਨ (ਪੀਟੀਆਈ) : ਰਿਸ਼ਭ ਪੰਤ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਿੱਖਣ ਦੇ ਦੌਰ 'ਚੋਂ ਗੁਜ਼ਰ ਰਹੇ ਹਨ ਤੇ ਉਨ੍ਹਾਂ ਨੇ ਕਿਹਾ ਕਿ ਉਹ ਹਰੇਕ ਦਿਨ ਖ਼ੁਦ ਵਿਚ ਕ੍ਰਿਕਟਰ ਤੇ ਇਨਸਾਨ ਦੇ ਰੂਪ ਵਿਚ ਸੁਧਾਰ ਕਰਨਾ ਚਾਹੁੰਦੇ ਹਨ। ਭਾਰਤ ਦਾ ਅਗਲੇ ਛੇ ਮਹੀਨੇ ਦਾ ਪ੍ਰੋਗਰਾਮ ਕਾਫੀ ਰੁੱਝਿਆ ਹੈ ਤਾਂ ਪੰਤ ਤੋਂ ਪੁੱਛਿਆ ਗਿਆ ਕਿ ਉਹ ਇਸ ਸਮੇਂ ਨੂੰ ਕਿਵੇਂ ਦੇਖਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਹਰੇਕ ਮੈਚ ਮਹੱਤਵਪੂਰਨ ਹੈ ਤੇ ਇਹ ਸਿਰਫ਼ ਅਗਲੇ ਛੇ ਮਹੀਨੇ ਦਾ ਮਾਮਲਾ ਨਹੀਂ ਹੈ। ਮੇਰੇ ਜੀਵਨ ਦਾ ਹਰੇਕ ਦਿਨ ਮਹੱਤਵਪੂਰਨ ਹੈ ਤੇ ਮੈਂ ਖਿਡਾਰੀ ਤੇ ਇਨਸਾਨ ਦੇ ਰੂਪ ਵਿਚ ਸੁਧਾਰ ਕਰਨਾ ਚਾਹੁੰਦਾ ਹਾਂ। ਮੈਂ ਇਸ ਨੂੰ ਲੈ ਕੇ ਉਤਸ਼ਾਹਤ ਹਾਂ। ਪੰਤ ਨੇ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਤੇ ਆਖ਼ਰੀ ਟੀ-20 ਅੰਤਰਰਾਸ਼ਟਰੀ ਮੈਚ ਵਿਚ ਸ਼ਾਨਦਾਰ ਅਰਧ ਸੈਂਕੜਾ ਲਾਇਆ ਪਰ ਕ੍ਰੀਜ਼ 'ਤੇ ਪੈਰ ਟਿਕਾਉਣ ਦੇ ਬਾਵਜੂਦ ਵਿਕਟ ਗੁਆਉਣ ਦੇ ਤਰੀਕੇ ਕਾਰਨ ਉਨ੍ਹਾਂ ਨੂੰ ਨਿੰਦਾ ਦਾ ਸਾਹਮਣਾ ਕਰਨਾ ਪਿਆ ਹੈ। ਪੰਤ ਨੇ ਕਿਹਾ ਕਿ ਨਿੱਜੀ ਤੌਰ 'ਤੇ ਮੈਂ ਹਰ ਵਾਰ ਵੱਡੀ ਪਾਰੀ ਖੇਡਣਾ ਚਾਹੁੰਦਾ ਹਾਂ ਪਰ ਮੈਂ ਜਦ ਵੀ ਕ੍ਰੀਜ਼ 'ਤੇ ਉਤਰਦਾ ਹਾਂ ਤਾਂ ਹਰ ਸਮੇਂ ਮੇਰਾ ਧਿਆਨ ਇਸ 'ਤੇ ਨਹੀਂ ਹੁੰਦਾ। ਕ੍ਰੀਜ਼ 'ਤੇ ਟਿਕਣ ਤੋਂ ਬਾਅਦ ਮੈਂ ਵਿਕਟ ਗੁਆਇਆ ਕਿਉਂਕਿ ਮੈਂ ਸਾਧਾਰਣ ਹੋ ਕੇ ਖੇਡਣਾ ਚਾਹੁੰਦਾ ਹਾਂ, ਸਕਾਰਾਤਮਕ ਕ੍ਰਿਕਟ ਜਿਸ ਨਾਲ ਮੇਰੀ ਟੀਮ ਨੂੰ ਮੈਚ ਜਿੱਤਣ ਵਿਚ ਮਦਦ ਮਿਲੇ। ਇਸ ਵਿਕਟਕੀਪਰ ਬੱਲੇਬਾਜ਼ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਟੀਮ ਮੈਨੇਜਮੈਂਟ ਹਰੇਕ ਖਿਡਾਰੀ ਦਾ ਸਮਰਥਨ ਕਰ ਰਹੀ ਹੈ ਤੇ ਉਨ੍ਹਾਂ ਨੂੰ ਵਾਜਬ ਮੌਕੇ ਦੇ ਰਹੀ ਹੈ। 21 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਅਸੀਂ ਤਜਰਬੇ ਨਹੀਂ ਕਰ ਰਹੇ ਕਿਉਂਕਿ ਅਸੀਂ ਟੀਮ ਵਿਚ ਸ਼ਾਮਲ ਸਾਰੇ ਖਿਡਾਰੀਆਂ ਨੂੰ ਮੌਕਾ ਦੇ ਰਹੇ ਹਾਂ। ਸਾਰਿਆਂ ਨੂੰ ਵਾਜਬ ਮੌਕੇ ਮਿਲ ਰਹੇ ਹਨ। ਸਾਰੇ ਆਪਣੀ ਸਥਿਤੀ ਨੂੰ ਲੈ ਕੇ ਕਿਸੇ ਦੁਚਿੱਤੀ 'ਚ ਨਹੀਂ ਹਨ ਕਿਉਂਕਿ ਟੀਮ ਮੈਨੇਜਮੈਂਟ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ।

ਵਿਸ਼ਵ ਕੱਪ 'ਚੋਂ ਬਾਹਰ ਹੋਣਾ ਸੀ ਨਿਰਾਸ਼ਾਜਨਕ :

ਨੌਜਵਾਨ ਵਿਕਟਕੀਪਰ ਬੱਲੇਬਾਜ਼ ਪੰਤ ਨੇ ਕਿਹਾ ਕਿ ਵਿਸ਼ਵ ਕੱਪ ਸੈਮੀਫਾਈਨਲ 'ਚੋਂ ਬਾਹਰ ਹੋਣਾ ਨਿਰਾਸ਼ਾਜਨਕ ਸੀ ਪਰ ਇਹ ਅੱਗੇ ਵਧਣ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਕੱਪ ਸੈਮੀਫਾਈਨਲ ਹਾਰਨ ਤੋਂ ਬਾਅਦ ਸਾਨੂੰ ਬੁਰਾ ਲੱਗ ਰਿਹਾ ਸੀ ਪਰ ਪੇਸ਼ੇਵਰ ਖਿਡਾਰੀ ਦੇ ਰੂਪ ਵਿਚ ਸਾਨੂੰ ਪਤਾ ਹੈ ਕਿ ਅਸੀਂ ਖ਼ਰਾਬ ਨਹੀਂ ਖੇਡੇ। ਇਹ ਸਿਰਫ਼ 45 ਮਿੰਟ (ਨਿਊਜ਼ੀਲੈਂਡ ਖ਼ਿਲਾਫ਼) ਦੀ ਖ਼ਰਾਬ ਕ੍ਰਿਕਟ ਸੀ। ਅਸੀਂ ਜਿੰਨੀ ਜ਼ਿਆਦਾ ਕ੍ਰਿਕਟ ਖੇਡਾਂਗੇ ਓਨਾ ਹੀ ਸਾਨੂੰ ਸਿੱਖਣ ਨੂੰ ਮਿਲੇਗਾ ਤੇ ਅਸੀਂ ਆਪਣੇ 'ਚ ਸੁਧਾਰ ਕਰਾਂਗੇ।