ਲੰਡਨ (ਆਈਏਐੱਨਐੱਸ) : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਦਾ ਮੰਨਣਾ ਹੈ ਕਿ 2-2 ਨਾਲ ਡਰਾਅ ਹੋਈ ਮੌਜੂਦਾ ਐਸ਼ੇਜ਼ ਸੀਰੀਜ਼ ਵਿਚ ਟਿਮ ਪੇਨ ਦੀ ਕਪਤਾਨੀ ਵਾਲੀ ਆਸਟ੍ਰੇਲੀਆਈ ਟੀਮ ਮੇਜ਼ਬਾਨ ਇੰਗਲੈਂਡ ਤੋਂ ਬਿਹਤਰ ਸੀ। ਆਸਟ੍ਰੇਲੀਆ ਨੇ ਐਸ਼ੇਜ਼ ਨੂੰ ਆਪਣੇ ਕੋਲ ਕਾਇਮ ਰੱਖਿਆ ਹੈ। ਪੋਂਟਿੰਗ ਨੇ ਕਿਹਾ ਕਿ ਆਸਟ੍ਰੇਲੀਆ ਇਸ ਸੀਰੀਜ਼ ਨੂੰ ਗੁਆਏ ਹੋਏ ਮੌਕੇ ਵਜੋਂ ਦੇਖੇਗੀ। ਮੈਨੂੰ ਲਗਦਾ ਹੈ ਕਿ ਉਹ ਬੇਸ਼ੱਕ ਇੰਗਲੈਂਡ ਤੋਂ ਬਿਹਤਰ ਟੀਮ ਸੀ। ਉਨ੍ਹਾਂ ਨੇ ਪੂਰੀ ਸੀਰੀਜ਼ ਵਿਚ ਸ਼ਾਨਦਾਰ ਕ੍ਰਿਕਟ ਖੇਡੀ ਹੈ। ਹੈਡਿੰਗਲੇ ਵਿਚ ਉਨ੍ਹਾਂ ਨੂੰ ਜਿੱਤਣਾ ਚਾਹੀਦਾ ਸੀ। ਆਸਟ੍ਰੇਲੀਆ ਜੇ ਇਹ ਸੀਰੀਜ਼ ਜਿੱਤ ਜਾਂਦੀ ਤਾਂ ਉਹ 2001 ਤੋਂ ਬਾਅਦ ਤੋਂ ਇੰਗਲੈਂਡ ਵਿਚ ਪਹਿਲੀ ਵਾਰ ਐਸ਼ੇਜ਼ ਆਪਣੇ ਨਾਂ ਕਰਦੀ। ਦੋ ਵਾਰ ਦੇ ਵਿਸ਼ਵ ਜੇਤੂ ਕਪਤਾਨ ਨੇ ਕਿਹਾ ਕਿ 2-2 ਦਾ ਨਤੀਜਾ ਇਸ ਗੱਲ ਨੂੰ ਸਾਫ਼ ਤੌਰ 'ਤੇ ਨਹੀਂ ਦੱਸਦਾ ਕਿ ਇਹ ਸੀਰੀਜ਼ ਕਿਸ ਤਰ੍ਹਾਂ ਖੇਡੀ ਗਈ ਤੇ ਮਹਿਮਾਨ ਟੀਮ ਨੇ ਪੰਜ ਟੈਸਟ ਮੈਚਾਂ ਵਿਚ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ। ਪੋਂਟਿੰਗ ਨੇ ਕਿਹਾ ਕਿ ਪੇਨ ਦੀ ਕਪਤਾਨੀ ਵਾਲੀ ਆਸਟ੍ਰੇਲੀਆਈ ਟੀਮ ਬੇਸ਼ੱਕ ਟੈਸਟ ਸੀਰੀਜ਼ ਨਾ ਜਿੱਤ ਸਕੀ ਹੋਵੇ ਪਰ ਉਨ੍ਹਾਂ ਦੀ ਕੋਸ਼ਿਸ਼ ਨੂੰ ਯਕੀਨੀ ਤੌਰ 'ਤੇ ਤਾਰੀਫ਼ ਮਿਲਣੀ ਚਾਹੀਦੀ ਹੈ।

ਲਗਾਤਾਰ ਚੰਗਾ ਖੇਡ ਰਹੀ ਹੈ ਟੀਮ :

ਪੋਂਟਿੰਗ ਨੇ ਕਿਹਾ ਕਿ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਵਿਸ਼ਵ ਕੱਪ ਦੀ ਕਾਮਯਾਬੀ ਤੋਂ ਬਾਅਦ ਤੋਂ ਆਸਟ੍ਰੇਲੀਆ ਨੇ ਕਿਸ ਤਰ੍ਹਾਂ ਦੀ ਕ੍ਰਿਕਟ ਖੇਡੀ ਹੈ। ਟੀਮ ਪੰਜ ਮਹੀਨੇ ਤੋਂ ਲਗਾਤਾਰ ਸ਼ਾਨਦਾਰ ਖੇਡ ਰਹੀ ਹੈ। ਉਸ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਥਾਂ ਬਣਾਈ ਤੇ ਫਿਰ ਐਸ਼ੇਜ਼ ਨੂੰ ਆਪਣੇ ਕੋਲ ਰੱਖਿਆ। ਇਹ ਕੁਝ ਮਹੀਨੇ ਆਸਟ੍ਰੇਲੀਆ ਲਈ ਸ਼ਾਨਦਾਰ ਰਹੇ। ਆਸਟ੍ਰੇਲੀਆ ਨੇ ਹੁਣ 27 ਅਕਤੂਬਰ ਤੋਂ ਆਪਣੇ ਘਰ ਵਿਚ ਸ੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਖੇਡਣੀ ਹੈ।