ਏਂਟੀਗਾ (ਪੀਟੀਆਈ) : ਭਾਰਤੀ ਟੀਮ ਦੇ ਦੁਬਾਰਾ ਕੋਚ ਬਣੇ ਰਵੀ ਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਤਬਦੀਲੀ ਦੇ ਦੌਰ 'ਚੋਂ ਲੰਘ ਰਹੀ ਟੀਮ ਨੂੰ ਬਿਹਤਰ ਬਣਾਉਣ ਦੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਟੀਮ ਤਜਰਬੇ ਕਰਨ ਤੋਂ ਪਿੱਛੇ ਨਹੀਂ ਹਟੇਗੀ। ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਸ਼ੁੱਕਰਵਾਰ ਨੂੰ ਸ਼ਾਸਤਰੀ ਨੂੰ ਦੂਜੀ ਵਾਰ ਟੀਮ ਦਾ ਮੁੱਖ ਕੋਚ ਚੁਣਿਆ। ਸ਼ਾਸਤਰੀ ਦੀ ਉਮਰ 57 ਸਾਲ ਹੈ ਤੇ ਬੀਸੀਸੀਆਈ ਸੰਵਿਧਾਨ ਮੁਤਾਬਕ ਰਾਸ਼ਟਰੀ ਟੀਮ ਦੇ ਕੋਚ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਕਾਰਨ ਸ਼ਾਸਤਰੀ ਕੋਲ ਟੀਮ ਨਾਲ ਇਹ ਆਖ਼ਰੀ ਮੌਕਾ ਹੋਵੇਗਾ।

ਚਾਹੁੰਦਾ ਹਾਂ ਤਬਦੀਲੀ ਦਾ ਦੌਰ ਚੰਗਾ ਲੰਘੇ :

2023 ਵਿਸ਼ਵ ਕੱਪ ਵਿਚ ਅਜੇ ਕਾਫੀ ਸਮਾਂ ਹੈ ਤੇ 2021 ਟੀ-20 ਵਿਸ਼ਵ ਕੱਪ ਜਿੱਤਣਾ ਟੀਮ ਲਈ ਆਸ਼ਾਵਾਦੀ ਟੀਚਾ ਹੋ ਸਕਦਾ ਹੈ। ਸ਼ਾਸਤਰੀ ਨੇ ਕਿਹਾ ਕਿ ਅਗਲੇ ਦੋ ਸਾਲ ਸਾਨੂੰ ਇਹ ਦੇਖਣਾ ਪਵੇਗਾ ਕਿ ਤਬਦੀਲੀ ਦਾ ਦੌਰ ਠੀਕ ਲੰਘੇ ਕਿਉਂਕਿ ਟੀਮ ਵਿਚ ਕਈ ਨੌਜਵਾਨ ਖਿਡਾਰੀ ਆਉਣਗੇ, ਖ਼ਾਸ ਕਰਕੇ ਵਨ ਡੇ ਫਾਰਮੈਟ ਵਿਚ, ਇਸ ਨਾਲ ਟੈਸਟ ਟੀਮ ਵਿਚ ਵੀ ਕੁਝ ਨੌਜਵਾਨ ਆਉਣਗੇ।

ਅਜਿਹੀ ਵਿਰਾਸਤ ਛੱਡਾਂਗਾ ਕਿ ਟੀਮ ਖ਼ੁਸ਼ ਰਹੇ :

ਭਾਰਤੀ ਟੀਮ ਦੇ ਇਸ ਸਾਬਕਾ ਹਰਫ਼ਨਮੌਲਾ ਨੇ ਕਿਹਾ ਕਿ ਤੁਹਾਨੂੰ ਤਿੰਨ-ਚਾਰ ਗੇਂਦਬਾਜ਼ਾਂ ਦੀ ਪਛਾਣ ਕਰਨੀ ਪਵੇਗੀ ਤਾਂਕਿ ਉਨ੍ਹਾਂ ਨੂੰ ਪੂਲ ਵਿਚ ਜੋੜਿਆ ਜਾ ਸਕੇ, ਇਹ ਇਕ ਚੁਣੌਤੀ ਹੈ। ਮੈਂ ਚਾਹੁੰਦਾਂ ਹਾਂ ਕਿ 26 ਮਹੀਨੇ ਦੇ ਆਪਣੇ ਕਾਰਜਕਾਲ ਤੋਂ ਬਾਅਦ ਅਜਿਹੀ ਵਿਰਾਸਤ ਛੱਡ ਕੇ ਜਾਵਾਂ ਜਿੱਥੇ ਟੀਮ ਖ਼ੁਸ਼ ਰਹੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿਚ ਇਹ ਟੀਮ ਅਜਿਹੀ ਵਿਰਾਸਤ ਬਣਾਏਗੀ ਜੋ ਕਾਫੀ ਘੱਟ ਟੀਮਾਂ ਨੇ ਕੀਤਾ ਹੋਵੇਗਾ। ਸਿਰਫ਼ ਮੌਜੂਦਾ ਖੇਡ ਦੇ ਸਮੇਂ ਨਹੀਂ ਬਲਕਿ ਖੇਡ ਤੋਂ ਬਾਅਦ ਵੀ।

ਸਾਡੇ ਸਾਰਿਆਂ ਦੀ ਇਕ ਚਾਹਤ :

ਭਾਰਤੀ ਕੋਚ ਨੇ ਕਿਹਾ ਕਿ ਸਾਡੇ ਸਾਰਿਆਂ ਦੀ ਇਕੋ ਚਾਹਤ ਹੈ ਤੇ ਅਸੀਂ ਉਸ ਵਿਚ ਅੱਗੇ ਵਧ ਰਹੇ ਹਾਂ। ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ। ਟੀਮ ਵਿਚ ਜਿਸ ਤਰ੍ਹਾਂ ਦੇ ਨੌਜਵਾਨ ਆ ਰਹੇ ਹਨ। ਮੈਨੂੰ ਲਗਦਾ ਹੈ ਕਿ ਆਉਣ ਵਾਲਾ ਸਮਾਂ ਕਾਫੀ ਰੋਮਾਂਚਕ ਹੋਣ ਵਾਲਾ ਹੈ। ਜਦ ਤੁਸੀਂ ਸਰਬੋਤਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਹਰ ਦਿਨ ਆਪਣਾ ਪੱਧਰ ਉੱਚਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਨੂੰ ਸਾਰੀਆਂ ਬਾਰੀਕੀਆਂ 'ਤੇ ਧਿਆਨ ਦੇਣਾ ਪੈਂਦਾ ਹੈ। ਜਦ ਤੁਸੀਂ ਚੰਗਾ ਨਹੀਂ ਕਰਦੇ ਹੋ ਤਦ ਤੁਹਾਨੂੰ ਉਸ ਅੜਿੱਕੇ ਨੂੰ ਪਾਰ ਕਰਨ 'ਤੇ ਧਿਆਨ ਦੇਣਾ ਪੈਂਦਾ ਹੈ।

ਪਿਛਲੇ ਦੋ ਸਾਲ ਦਾ ਪ੍ਰਦਰਸ਼ਨ ਸ਼ਾਨਦਾਰ :

ਕੋਚ ਲਈ ਇੰਟਰਵਿਊ ਤੋਂ ਪਹਿਲਾਂ ਹੀ ਕਪਤਾਨ ਵਿਰਾਟ ਕੋਹਲੀ ਨੇ ਖੁੱਲ੍ਹ ਕੇ ਸ਼ਾਸਤਰੀ ਦੀ ਹਮਾਇਤ ਕੀਤੀ ਸੀ। ਉਨ੍ਹਾਂ ਨੂੰ ਭਾਰਤ ਵਿਚ 2021 ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤਕ (ਲਗਭਗ ਦੋ ਸਾਲ) ਲਈ ਕੋਚ ਨਿਯੁਕਤ ਕੀਤਾ ਗਿਆ ਹੈ। ਸ਼ਾਸਤਰੀ ਨੇ ਪਿਛਲੇ ਦੋ ਸਾਲ ਦੇ ਪ੍ਰਦਰਸ਼ਨ ਬਾਰੇ ਗੱਲ ਕਰਦੇ ਹੋਏ ਉਸ ਨੂੰ ਸ਼ਾਨਦਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ-ਤਿੰਨ ਸਾਲ ਵਿਚ ਟੀਮ ਨੇ ਸ਼ਾਨਦਾਰ ਤਰੀਕੇ ਨਾਲ ਨਿਰੰਤਰ ਪ੍ਰਦਰਸ਼ਨ ਕੀਤਾ ਪਰ ਜਿਵੇਂ ਕਿ ਮੈਂ ਕਿਹਾ ਕਿ ਉਨ੍ਹਾਂ ਇਕ ਪੱਧਰ ਬਣਾ ਲਿਆ ਹੈ ਤੇ ਹੁਣ ਉਸ ਪੱਧਰ ਤੋਂ ਉੱਪਰ ਉੱਠਣਾ ਪਵੇਗਾ। ਇਸ ਲਈ ਕੋਈ ਦੂਜਾ ਤਰੀਕਾ ਨਹੀਂ ਹੈ। ਤੁਹਾਨੂੰ ਪੂਰੀ ਕੋਸ਼ਿਸ਼ ਕਰਨੀ ਪਵੇਗੀ। ਇਸ ਕੋਸ਼ਿਸ਼ ਵਿਚ ਕਈ ਵਾਰ ਨਤੀਜੇ ਤੁਹਾਡੇ ਮੁਤਾਬਕ ਨਹੀਂ ਹੋਣਗੇ, ਕਈ ਵਾਰ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਸਰਬੋਤਮ ਟੀਮ ਕੀ ਹੋਵੇਗੀ। ਅਜਿਹਾ ਵੀ ਸਮਾਂ ਹੋਵੇਗਾ ਜਦ ਤੁਸੀਂ ਨੌਜਵਾਨਾਂ ਨੂੰ ਮੌਕਾ ਦਿਓਗੇ ਤਾਂ ਇਹ ਯਕੀਨੀ ਹੋ ਸਕੇ ਕਿ ਟੀਮ ਸਹੀ ਬਣੇ, ਤੁਹਾਨੂੰ ਹਰ ਚੀਜ਼ ਵਿਚ ਸੁਧਾਰ ਕਰਨਾ ਪਵੇਗਾ।

ਫੀਲਡਿੰਗ 'ਤੇ ਕਰਨਾ ਪਵੇਗਾ ਸੁਧਾਰ :

ਸ਼ਾਸਤਰੀ ਨੇ ਮੌਜੂਦਾ ਟੀਮ ਦੀ ਫੀਲਡਿੰਗ ਵਿਚ ਸੁਧਾਰ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ-ਪੰਜ ਸਾਲਾਂ ਵਿਚ ਇਸ ਟੀਮ ਵਿਚ ਸਭ ਤੋਂ ਚੰਗੀ ਗੱਲ ਫੀਲਡਿੰਗ ਵਿਚ ਸੁਧਾਰ ਹੈ ਤੇ ਸਾਡੀ ਕੋਸ਼ਿਸ਼ ਇਸ ਨੂੰ ਸਰਬੋਤਮ ਫੀਲਡਿੰਗ ਟੀਮ ਬਣਾਉਣ ਦੀ ਹੈ। ਇਸ ਕਾਰਨ ਜੋ ਵੀ ਇਸ ਟੀਮ ਲਈ ਖੇਡਣਾ ਚਾਹੁੰਦਾ ਹੈ ਉਸ ਨੂੰ ਆਪਣੀ ਫੀਲਡਿੰਗ ਨੂੰ ਚੋਟੀ ਦੇ ਪੱਧਰ 'ਤੇ ਰੱਖਣਾ ਪਵੇਗਾ, ਖ਼ਾਸ ਕਰ ਕੇ ਵਨ ਡੇ ਫਾਰਮੈਟ ਵਿਚ। ਸ਼ਾਸਤਰੀ ਨੇ ਇਸ ਮੌਕੇ 'ਤੇ ਕਪਿਲ ਦੇਵ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਚੋਣ ਕਮੇਟੀ ਦਾ ਉਨ੍ਹਾਂ ਨੂੰ ਮੌਕਾ ਦੇਣ ਲਈ ਸ਼ੁਕਰੀਆ ਅਦਾ ਕੀਤਾ। ਇਸ ਕਮੇਟੀ ਵਿਚ ਕਪਿਲ ਤੋਂ ਇਲਾਵਾ ਸ਼ਾਂਤਾ ਰੰਗਾਸਵਾਮੀ ਤੇ ਅੰਸ਼ੁਮਨ ਗਾਇਕਵਾੜ ਸ਼ਾਮਲ ਸਨ।