ਨਵੀਂ ਦਿੱਲੀ (ਜੇਐੱਨਐੱਨ) : ਟੀਮ ਇੰਡੀਆ ਦੇ ਨੌਜਵਾਨ ਟੈਸਟ ਬੱਲੇਬਾਜ਼ ਪ੍ਰਿਥਵੀ ਸ਼ਾਅ 'ਤੇ ਕੁਝ ਦਿਨ ਪਹਿਲਾਂ ਹੀ ਬੀਸੀਸੀਆਈ ਨੇ ਅੱਠ ਮਹੀਨੇ ਦੀ ਪਾਬੰਦੀ ਲਾਈ ਸੀ। ਪਾਬੰਦੀ ਲੱਗਣ ਤੋਂ ਬਾਅਦ ਪ੍ਰਿਥਵੀ ਸ਼ਾਅ ਨੇ ਆਪਣੀ ਗ਼ਲਤੀ ਮੰਨ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪਾਬੰਦੀ ਨੂੰ ਲੈ ਕੇ ਵਿਵਾਦ ਲਗਾਤਾਰ ਜਾਰੀ ਹੈ। ਲਗਾਤਾਰ ਹੋ ਰਹੇ ਵਿਵਾਦ ਤੇ ਪਾਬੰਦੀ ਕਾਰਨ ਕ੍ਰਿਕਟ ਦੇ ਮੈਦਾਨ ਤੋਂ ਦੂਰ ਹੋ ਚੁੱਕੇ ਪ੍ਰਿਥਵੀ ਸ਼ਾਅ ਹੁਣ ਡਿਪ੍ਰੈਸ਼ਨ 'ਚ ਚਲੇ ਗਏ ਹਨ। ਖ਼ਬਰਾਂ ਦੀ ਮੰਨੀਏ ਤਾਂ ਨੌਜਵਾਨ ਪ੍ਰਿਥਵੀ ਇਨ੍ਹਾਂ ਸਭ ਗੱਲਾਂ ਤੋਂ ਬਹੁਤ ਦੁਖੀ ਹਨ ਤੇ ਡਿਪ੍ਰੈਸ਼ਨ ਵਿਚ ਚਲੇ ਗਏ ਹਨ। ਉਹ ਇਨ੍ਹਾਂ ਵਿਵਾਦਾਂ ਤੇ ਪਾਬੰਦੀ ਨਾਲ ਜੁੜੀਆਂ ਖ਼ਬਰਾਂ ਤੋਂ ਦੂਰ ਰਹਿਣ ਲਈ ਭਾਰਤ ਛੱਡ ਕੇ ਇੰਗਲੈਂਡ ਚਲੇ ਗਏ ਹਨ। ਰਿਪੋਰਟਾਂ ਮੁਤਾਬਕ ਪਾਬੰਦੀ ਸਮਾਪਤ ਹੋਣ ਤਕ ਸ਼ਾਅ ਉਥੇ ਹੀ ਰਹਿਣਗੇ। ਉਨ੍ਹਾਂ ਦੀ ਪਾਬੰਦੀ 15 ਨਵੰਬਰ ਨੂੰ ਸਮਾਪਤ ਹੋ ਰਹੀ ਹੈ। ਇਸ ਸਾਲ 22 ਫਰਵਰੀ ਨੂੰ ਇੰਦੌਰ ਵਿਚ ਸਈਅਦ ਮੁਸ਼ਤਾਕ ਅਲੀ ਟਰਾਫੀ ਦੌਰਾਨ ਪ੍ਰਿਥਵੀ ਦੇ ਪਿਸ਼ਾਬ ਦਾ ਸੈਂਪਲ ਲਿਆ ਗਿਆ ਸੀ। ਉਨ੍ਹਾਂ ਦੇ ਪਿਸ਼ਾਬ ਵਿਚ ਪਾਬੰਦੀਸ਼ੁਦਾ ਪਦਾਰਥ ਪਾਇਆ ਗਿਆ ਸੀ। ਇਹ ਟੈਸਟ ਬੀਸੀਸੀਆਈ ਨੇ ਆਪਣੇ ਐਂਟੀ ਡੋਪਿੰਗ ਪ੍ਰੋਗਰਾਮ ਤਹਿਤ ਕਰਵਾਇਆ ਸੀ। ਉਨ੍ਹਾਂ ਦਾ ਟੈਸਟ ਪਾਜ਼ੀਟਿਵ ਹੋਣ ਕਾਰਨ ਉਨ੍ਹਾਂ 'ਤੇ ਬੋਰਡ ਨੇ ਅੱਠ ਮਹੀਨੇ ਦੀ ਪਾਬੰਦੀ ਲਾ ਦਿੱਤੀ ਸੀ ਜੋ ਮਾਰਚ ਤੋਂ ਹੀ ਸ਼ੁਰੂ ਹੋ ਗਈ ਸੀ।