ਏਂਟੀਗਾ (ਪੀਟੀਆਈ) : ਟੈਸਟ ਮਾਹਿਰ ਚੇਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ ਦੇ ਨਾਲ ਜਸਪ੍ਰਰੀਤ ਬੁਮਰਾਹ ਦੋ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਵੈਸਟਇੰਡੀਜ਼ ਕ੍ਰਿਕਟ ਬੋਰਡ ਇਲੈਵਨ ਖ਼ਿਲਾਫ਼ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਦਿਨਾ ਅਭਿਆਸ ਮੈਚ ਵਿਚ ਕ੍ਰੀਜ਼ 'ਤੇ ਬਿਹਤਰੀਨ ਪ੍ਰਦਰਸ਼ਨ ਦਿਖਾਉਣਾ ਚਾਹੁਣਗੇ। ਕਪਤਾਨ ਵਿਰਾਟ ਕੋਹਲੀ ਨੂੰ ਤੀਜੇ ਵਨ ਡੇ ਦੌਰਾਨ ਅੰਗੂਠੀ ਵਿਚ ਸੱਟ ਲੱਗ ਗਈ ਸੀ ਜਿਸ ਨਾਲ ਟੀਮ ਮੈਨੇਜਮੈਂਟ ਚੌਕਸੀ ਵਰਤਣਾ ਚਾਹੇਗਾ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਆਪਣੇ ਸਰਬੋਤਮ ਖਿਡਾਰੀਆਂ ਨੂੰ ਆਰਾਮ ਦੇ ਸਕਦਾ ਹੈ। ਕੋਹਲੀ ਸ਼ਾਨਦਾਰ ਲੈਅ ਵਿਚ ਹਨ ਤੇ ਉਨ੍ਹਾਂ ਨੇ ਸੀਮਤ ਓਵਰਾਂ ਦੀ ਸੀਰੀਜ਼ ਵਿਚ ਟੀਮ ਦੀ ਬਿਹਤਰੀਨ ਅਗਵਾਈ ਕੀਤੀ। ਤਿੰਨ ਟੀ-20 ਵਿਚ 106 ਦੌੜਾਂ ਬਣਾਉਣ ਤੋਂ ਬਾਅਦ ਕੋਹਲੀ ਨੇ ਵਨ ਡੇ ਸੀਰੀਜ਼ ਵਿਚ ਦੋ ਸੈਂਕੜਿਆਂ ਸਮੇਤ 234 ਦੌੜਾਂ ਬਣਾਈਆਂ ਜਦਕਿ ਪਹਿਲਾ ਵਨ ਡੇ ਬਾਰਿਸ਼ ਕਾਰਨ 13 ਓਵਰ ਸੁੱਟੇ ਜਾਣ ਤੋਂ ਬਾਅਦ ਰੱਦ ਹੋ ਗਿਆ ਸੀ। ਟੀ-20 ਸੀਰੀਜ਼ ਵਿਚ ਵੈਸਟਇੰਡੀਜ਼ ਦਾ 3-0 ਨਾਲ ਸਫ਼ਾਇਆ ਕਰਨ ਤੋਂ ਬਾਅਦ ਭਾਰਤ ਨੇ ਜੇਤੂ ਲੈਅ ਜਾਰੀ ਰੱਖਦੇ ਹੋਏ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 2-0 ਨਾਲ ਜਿੱਤ ਲਈ। 22 ਅਗਸਤ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਵਿਚ ਜੇ ਟੀਮ ਜਿੱਤ ਜਾਂਦੀ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਜਦ ਭਾਰਤ ਨੇ ਕੈਰੇਬਿਆਈ ਜ਼ਮੀਨ 'ਤੇ ਸਾਰੇ ਫਾਰਮੈਟਾਂ ਵਿਚ ਜਿੱਤ ਹਾਸਲ ਕੀਤੀ ਹੋਵੇ। ਲੰਬੇ ਫਾਰਮੈਟ ਵਿਚ ਭਾਰਤ ਦੇ ਮੁੱਖ ਬੱਲੇਬਾਜ਼ਾਂ ਵਿਚੋਂ ਇਕ ਪੁਜਾਰਾ ਛੇ ਮਹੀਨੇ ਬਾਅਦ ਲਾਲ ਗੇਂਦ ਨਾਲ ਕ੍ਰਿਕਟ ਖੇਡਣਗੇ, ਉਹ ਆਖ਼ਰੀ ਵਾਰ ਛੇ ਮਹੀਨੇ ਪਹਿਲਾਂ ਸੌਰਾਸ਼ਟਰ ਲਈ ਰਣਜੀ ਟਰਾਫੀ ਫਾਈਨਲ ਖੇਡੇ ਸਨ। ਇਸ ਫਾਰਮੈਟ ਵਿਚ ਉੱਪ ਕਪਤਾਨ ਰਹਾਣੇ ਇੰਗਲਿਸ਼ ਕਾਊਂਟੀ ਲਈ ਸੱਤ ਮੈਚਾਂ ਵਿਚ 23.61 ਦੀ ਅੌਸਤ ਨਾਲ ਸਿਰਫ਼ 307 ਦੌੜਾਂ ਬਣਾ ਸਕੇ ਜਿਸ ਵਿਚ ਇਕ ਸੈਂਕੜਾ ਤੇ ਇਕ ਅਰਧ ਸੈਂਕੜਾ ਸ਼ਾਮਲ ਸੀ। ਟੈਸਟ ਮੈਚਾਂ ਵਿਚ ਖ਼ਰਾਬ ਦੌਰ ਕਾਰਨ ਮੁੰਬਈ ਦੇ ਇਸ ਖਿਡਾਰੀ ਲਈ ਇਹ ਦੌਰਾ ਕਾਫੀ ਅਹਿਮ ਹੋਵੇਗਾ ਤੇ ਉਹ ਅਭਿਆਸ ਮੈਚ ਵਿਚ ਚੰਗੀ ਬੱਲੇਬਾਜ਼ੀ ਕਰਨਾ ਚਾਹੁਣਗੇ। ਵਿਸ਼ਵ ਕੱਪ ਤਕ ਛੇ ਮਹੀਨੇ ਤਕ ਲਗਾਤਾਰ ਖੇਡਣ ਵਾਲੇ ਬੁਮਰਾਹ ਹੁਣ ਤਰੋਤਾਜ਼ਾ ਹੋ ਗਏ ਹਨ ਤੇ ਇਸ ਮਹੀਨੇ ਦੇ ਲੰਬੇ ਆਰਾਮ ਤੋਂ ਬਾਅਦ ਉਹ ਅਭਿਆਸ ਮੈਚ ਵਿਚ ਲੈਅ ਵਾਪਿਸ ਲਿਆਉਣਾ ਚਾਹੁਣਗੇ। ਬੱਲੇਬਾਜ਼ੀ ਵਿਚ ਰੋਹਿਤ ਸ਼ਰਮਾ ਤੇ ਰਿਸ਼ਭ ਪੰਤ ਵੀ ਦੌੜਾਂ ਬਣਾਉਣ ਲਈ ਬੇਤਾਬ ਹੋਣਗੇ। ਰਿਸ਼ਭ ਲਈ ਇਹ ਬੇਤਾਬੀ ਜ਼ਿਆਦਾ ਹੋਵੇਗੀ ਕਿਉਂਕਿ ਰਿੱਧੀਮਾਨ ਸਾਹਾ ਏ ਮੈਚਾਂ ਵਿਚ ਦੋ ਅਰਧ ਸੈਂਕੜੇ ਲਾ ਚੁੱਕੇ ਹਨ ਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਬਿਹਤਰ ਵਿਕਟਕੀਪਰ ਹਨ। ਮਯੰਕ ਅੱਗਰਵਾਲ ਦਾ ਟੈਸਟ ਵਿਚ ਪਾਰੀ ਦਾ ਆਗਾਜ਼ ਕਰਨਾ ਯਕੀਨੀ ਹੈ ਪਰ ਹਨੂਮਾ ਵਿਹਾਰੀ ਤੇ ਲੋਕੇਸ਼ ਰਾਹੁਲ 'ਚੋਂ ਇਕ ਨੂੰ ਚੁਣਿਆ ਜਾਵੇਗਾ ਕਿ ਕੌਣ ਇਸ ਫਾਰਮੈਟ ਵਿਚ ਬਿਹਤਰ ਹੋਵੇਗਾ।

ਉਮੇਸ਼ ਤੇ ਇਸ਼ਾਂਤ ਕਰਨਾ ਚਾਹੁਣਗੇ ਚੰਗਾ ਪ੍ਰਦਰਸ਼ਨ :

ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਤੇ ਇਸ਼ਾਂਤ ਸ਼ਰਮਾ ਵੀ ਟੀਮ ਮੈਨੇਜਮੈਂਟ ਨੂੰ ਅਭਿਆਸ ਮੈਚ ਵਿਚ ਆਪਣੇ ਚੰਗਾ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨਾ ਚਾਹੁਣਗੇ। ਭਾਰਤ ਦੇ ਸਪਿੰਨ ਵਿਭਾਗ ਦੀ ਜ਼ਿੰਮੇਵਾਰੀ ਆਫ ਸਪਿੰਨਰ ਅਸ਼ਵਿਨ ਤੇ ਖੱਬੇ ਹੱਥ ਦੇ ਸਪਿੰਨਰ ਰਵਿਦਰ ਜਡੇਜਾ ਵੱਲੋਂ ਉਠਾਏ ਜਾਣ ਦੀ ਉਮੀਦ ਹੈ। ਇਹ ਅਧਿਕਾਰਕ ਦਰਜੇ ਦਾ ਮੈਚ ਨਹੀਂ ਹੈ ਤੇ ਭਾਰਤੀ ਟੀਮ ਦੇ ਸਾਰੇ ਬੱਲੇਬਾਜ਼ਾਂ ਨੂੰ ਕ੍ਰੀਜ਼ 'ਤੇ ਸਮਾਂ ਬਿਤਾਉਣ ਦਾ ਮੌਕਾ ਮਿਲਣ ਦੀ ਉਮੀਦ ਹੈ। ਸਾਰੇ ਗੇਂਦਬਾਜ਼ ਵੀ ਹੱਥ ਖੋਲ੍ਹਣਗੇ।

ਭਾਰਤੀ ਟੀਮ 'ਚ ਸ਼ਾਮਲ ਖਿਡਾਰੀ :

ਵਿਰਾਟ ਕੋਹਲੀ (ਕਪਤਾਨ), ਅਜਿੰਕੇ ਰਹਾਣੇ, ਮਯੰਕ ਅੱਗਰਵਾਲ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਰਿਸ਼ਭ ਪੰਤ, ਚੇਤੇਸ਼ਵਰ ਪੁਜਾਰਾ, ਲੋਕੇਸ਼ ਰਾਹੁਲ, ਰਿੱਧੀਮਾਨ ਸਾਹਾ, ਇਸ਼ਾਂਤ ਸ਼ਰਮਾ, ਰੋਹਿਤ ਸ਼ਰਮਾ, ਹਨੂਮਾ ਵਿਹਾਰੀ ਤੇ ਉਮੇਸ਼ ਯਾਦਵ