ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੁਨੀਆ ਦੀ ਸਭ ਤੋਂ ਕਾਮਯਾਬ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿਚ ਵੱਡੀ ਤਬਦੀਲੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬੋਰਡ ਬੁੱਧਵਾਰ ਨੂੰ ਮੁੰਬਈ ਵਿਚ ਹੋਣ ਵਾਲੀ ਆਈਪੀਐੱਲ ਗਵਰਨਿੰਗ ਕੌਂਸਲ ਦੀ ਮੀਟਿੰਗ ਵਿਚ ਲੀਗ ਦੇ ਅਗਲੇ ਐਡੀਸ਼ਨ ਵਿਚ 'ਪਾਵਰ ਪਲੇਅਰ' ਦਾ ਨਿਯਮ ਲਿਆਉਣ ਦਾ ਪ੍ਰਸਤਾਵ ਪੇਸ਼ ਕਰ ਸਕਦਾ ਹੈ ਜਿਸ 'ਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਆਖ਼ਰੀ ਫ਼ੈਸਲਾ ਲੈਣਗੇ। ਇਸ ਨਿਯਮ ਦੇ ਤਹਿਤ ਟੀਮਾਂ ਮੈਚ ਵਿਚ ਕਦੀ ਵੀ ਵਿਕਟ ਡਿੱਗਣ ਤੋਂ ਬਾਅਦ ਜਾਂ ਓਵਰ ਸਮਾਪਤ ਹੋਣ ਤੋਂ ਬਾਅਦ ਇਕ ਖਿਡਾਰੀ ਨੂੰ ਬਦਲ ਸਕਦੀਆਂ ਹਨ। ਪਤਾ ਲੱਗਾ ਹੈ ਕਿ ਆਈਪੀਐੱਲ ਸੰਚਾਲਨ ਕਮੇਟੀ ਦੇ ਇਕ ਸੀਨੀਅਰ ਕਾਰਜਕਾਰੀ ਨੇ ਕੁਝ ਮਹੀਨੇ ਪਹਿਲਾਂ ਰਵਾਇਤੀ ਆਖ਼ਰੀ-11 ਦੇ ਨਾਲ ਕੁਝ ਕਰਨ ਦੇ ਇਰਾਦੇ ਨਾਲ ਇਕ ਨੋਟ ਤਿਆਰ ਕੀਤਾ ਸੀ। ਇਸ ਨੋਟ ਮੁਤਾਬਕ ਪਾਵਰ ਪਲੇਅਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਮੁਤਾਬਕ ਆਖ਼ਰੀ-11 ਦਾ ਹਿੱਸਾ ਨਾ ਰਹਿਣ ਵਾਲੇ ਇਕ ਅਜਿਹੇ ਖਿਡਾਰੀ ਨੂੰ ਓਵਰ ਤੋਂ ਬਾਅਦ ਜਾਂ ਵਿਕਟ ਡਿੱਗਣ ਤੋਂ ਬਾਅਦ ਆਉਣ ਵਾਲੇ ਖਿਡਾਰੀ ਜਾਂ ਗੇਂਦਬਾਜ਼ ਦੀ ਥਾਂ ਬਦਲਣ ਦੀ ਮਨਜ਼ੂਰੀ ਦਿੱਤੀ ਜਾਣੀ ਹੈ।

ਸੌਰਵ ਗਾਂਗੁਲੀ ਲੈਣਗੇ ਆਖ਼ਰੀ ਫ਼ੈਸਲਾ :

ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ 'ਤੇ ਆਖ਼ਰੀ ਫ਼ੈਸਲਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਲੈਣਗੇ। ਉਹ ਯਕੀਨੀ ਤੌਰ 'ਤੇ ਆਈਪੀਐੱਲ ਚੇਅਰਮੈਨ ਬਿ੍ਜੇਸ਼ ਪਟੇਲ ਤੇ ਹੋਰ ਅਹੁਦੇਦਾਰਾਂ ਨਾਲ ਇਸ 'ਤੇ ਗੱਲਬਾਤ ਕਰਨਗੇ। ਇਸ ਨੂੰ ਲੈ ਕੇ ਕਈ ਕਾਰਕਾਂ ਨੂੰ ਧਿਆਨ ਵਿਚ ਰੱਖੇ ਜਾਣ ਦੀ ਲੋੜ ਹੈ। ਹਾਲਾਂਕਿ ਗਾਂਗੁਲੀ ਦੇ ਇਕ ਕਰੀਬੀ ਸੂਤਰ ਨੇ ਕਿਹਾ ਕਿ ਇਸ ਪ੍ਰਸਤਾਵ 'ਤੇ ਸ਼ੱਕ ਹੈ ਕਿਉਂਕਿ ਇਹ ਕ੍ਰਿਕਟ ਦੇ ਮੂਲ ਵਿਆਕਰਣ ਨੂੰ ਬਦਲ ਸਕਦਾ ਹੈ। ਅਜੇ ਤਕ ਕੁਝ ਵੀ ਤੈਅ ਨਹੀਂ ਹੋਇਆ ਹੈ। ਆਈਪੀਐੱਲ ਗਵਰਨਿੰਗ ਕੌਂਸਲ ਦੀ ਮੀਟਿੰਗ ਵਿਚ ਮੈਂਬਰ ਇਸ ਪ੍ਰਸਤਾਵ ਤੋਂ ਇਲਾਵਾ 2019 ਆਈਪੀਐੱਲ ਦੀ ਸਮੀਖਿਆ ਕਰਨਗੇ। ਨਾਲ ਹੀ ਇਸ ਗੱਲ 'ਤੇ ਵੀ ਚਰਚਾ ਹੋਵੇਗੀ ਕਿ ਅਗਲੇ ਸੈਸ਼ਨ ਨੂੰ ਹੋਰ ਹਰਮਨਪਿਆਰਾ ਕਿਵੇਂ ਬਣਾਇਆ ਜਾਵੇ।