ਸਿਡਨੀ (ਏਜੰਸੀ) : ਆਸਟ੍ਰੇਲੀਆ ਕ੍ਰਿਕਟ ਵਿਚ ਇਨ੍ਹਾਂ ਦਿਨਾਂ 'ਚ ਖਿਡਾਰੀਆਂ ਨੂੰ ਇਕ ਬਿਮਾਰੀ ਕਾਫੀ ਪਰੇਸ਼ਾਨ ਕਰ ਰਹੀ ਹੈ। ਦੋ ਖਿਡਾਰੀਆਂ ਤੋਂ ਬਾਅਦ ਇਕ ਹੋਰ ਖਿਡਾਰੀ ਨੇ ਮਾਨਸਿਕ ਬਿਮਾਰੀ ਕਾਰਨ ਆਪਣਾ ਨਾਂ ਵਾਪਸ ਲੈ ਲਿਆ ਹੈ। ਆਸਟ੍ਰੇਲੀਆ ਲਈ ਘਰੇਲੂ ਕ੍ਰਿਕਟ ਵਿਚ ਦੌੜਾਂ ਦਾ ਅੰਬਾਰ ਲਗਾਉਣ ਵਾਲੇ ਵਿਲ ਪੁਕੋਵਸਕੀ ਨੇ ਆਸਟ੍ਰੇਲੀਆ ਕ੍ਰਿਕਟ ਬੋਰਡ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਖਿਲਾਫ਼ ਅਗਾਮੀ ਟੈਸਟ ਲੜੀ ਲਈ ਚੁਣੀ ਜਾਣ ਵਾਲੀ ਟੀਮ ਵਿਚ ਉਨ੍ਹਾਂ ਨੂੰ ਸ਼ਾਮਲ ਨਾ ਕਰੇ।

21 ਸਾਲ ਦੇ ਪੁਕੋਵਸਕੀ ਨੇ ਮਾਨਸਿਕ ਬਿਮਾਰੀ ਕਾਰਨ ਆਪਣਾ ਨਾਂ ਵਾਪਸ ਲਿਆ। ਉਨ੍ਹਾਂ ਨੂੰ ਟੈਸਟ ਟੀਮ ਵਿਚ ਟ੍ਰੇਵਿਸ ਹੈੱਡ ਦੀ ਥਾਂ ਸ਼ਾਮਲ ਕੀਤਾ ਜਾ ਸਕਦਾ ਸੀ ਪਰ ਨਾਂ ਵਾਪਸ ਲੈਣ ਕਾਰਨ ਹੈੱਡ ਟੀਮ ਵਿਚ ਬਣੇ ਹੋਏ ਹਨ। ਪੁਕੋਵਸਕੀ ਬਾਰੇ ਜਾਣਕਾਰੀ ਦਿੰਦੇ ਹੋਏ ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਬਿਹਤਰੀਨ ਬੱਲੇਬਾਜ਼ ਵਿਲ ਪੁਕੋਵਸਕੀ ਨੇ ਖ਼ੁਦ ਹੀ ਆਪਣਾ ਨਾਂ ਪਾਕਿਸਤਾਨ ਖਿਲਾਫ਼ ਲੜੀ ਤੋਂ ਵਾਪਸ ਲਿਆ ਹੈ। ਇਸ ਦੇ ਪਿੱਛੇ ਦਾ ਕਾਰਨ ਉਨ੍ਹਾਂ ਨੇ ਮਾਨਸਿਕ ਬਿਮਾਰੀ ਨੂੰ ਦੱਸਿਆ। ਪੁਕੋਵਸਕੀ ਆਸਟ੍ਰੇਲੀਆ ਲਈ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕਰਨਾ ਚਾਹੁੰਦੇ ਸਨ, ਜਿਸ ਕਾਰਨ ਉਹ ਆਸਟ੍ਰੇਲੀਆ ਏ ਟੀਮ ਵਿਚ ਪਾਕਿਸਤਾਨ ਖ਼ਿਲਾਫ਼ ਮੈਚ ਵੀ ਖੇਡ ਰਹੇ ਸਨ। ਇਸ ਵਿਚ ਪਹਿਲੀ ਪਾਰੀ ਵਿਚ ਪੰਜ ਦੌੜਾਂ ਬਣਾ ਕੇ ਆਊਟ ਹੋਣ ਤੋਂ ਬਾਅਦ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਨਹੀਂ ਆਏ।

ਇਸ ਤਰ੍ਹਾਂ ਹੀ ਹਾਲ ਵਿਚ ਮੈਕਸਵੈੱਲ ਅਤੇ ਨਿਕ ਮੈਡਿਸਨ ਤੋਂ ਬਾਅਦ ਮਾਨਸਿਕ ਬਿਮਾਰੀ ਕਾਰਨ ਖ਼ੁਦ ਨੂੰ ਕ੍ਰਿਕਟ ਤੋਂ ਦੂਰ ਰੱਖਣ ਵਾਲੇ ਪੁਕੋਵਸਕੀ ਤੀਜੇ ਖਿਡਾਰੀ ਹਨ। ਇਸ ਤਰ੍ਹਾਂ ਕ੍ਰਿਕਟ ਆਸਟ੍ਰੇਲੀਆ ਲਈ ਇਹ ਬਿਮਾਰੀ ਗਲ਼ੇ ਦੀ ਹੱਡੀ ਬਣਦੀ ਜਾ ਰਹੀ ਹੈ।

ਹੈਰਿਸ ਤੇ ਖਵਾਜ਼ਾ ਆਸਟ੍ਰੇਲੀਆ ਦੀ ਟੈਸਟ ਟੀਮ 'ਚੋਂ ਬਾਹਰ

ਸਿਡਨੀ (ਏਜੰਸੀ) : ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਕਾਰ ਦੋ ਮੈਚਾਂ ਦੀ ਟੈਸਟ ਲੜੀ 21 ਨਵੰਬਰ ਤੋਂ ਖੇਡੀ ਜਾਣੀ ਹੈ। ਇਸ ਲੜੀ ਲਈ ਆਸਟ੍ਰੇਲੀਆ ਨੇ ਆਪਣੀ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਹੈ। ਐਸ਼ੇਜ਼ ਲੜੀ ਵਿਚ ਫੇਲ੍ਹ ਰਹੇ ਕੈਮਰਨ ਬੇਨਕਰਾਫਟ ਅਤੇ ਜੋ ਬਨਰਸ ਨੂੰ ਪਾਕਿਸਤਾਨ ਖਿਲਾਫ਼ ਆਉਣ ਵਾਲੀ ਟੈਸਟ ਲੜੀ ਲਈ ਆਸਟ੍ਰੇਲੀਆ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਲੜੀ ਵਿਚ ਦੋਵਾਂ ਦੇ ਪ੍ਰਦਰਸ਼ਨ 'ਤੇ ਟੀਮ ਪ੍ਰਬੰਧਨ ਦੀ ਖ਼ਾਸ ਨਜ਼ਰ ਟਿਕੀ ਹੋਵੇਗੀ। ਮੈਡਿਸਨ ਦੇ ਬਿਮਾਰ ਹੋਣ ਤੋਂ ਬਾਅਦ ਬੇਨਕਰਾਫਟ ਨੂੰ ਤੁਰੰਤ ਆਸਟ੍ਰੇਲੀਆ ਏ ਟੀਮ ਵਿਚ ਥਾਂ ਦਿੱਤੀ ਗਈ। ਰਿਆਨ ਹੈਰਿਸ ਅਤੇ ਉਸਮਾਨ ਖਵਾਜ਼ਾ ਨੂੰ ਟੀਮ ਵਿਚ ਥਾਂ ਨਹੀਂ ਮਿਲ ਸਕੀ ਹੈ ਜੋ ਪਿਛਲੇ ਕੁਝ ਸਮੇਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ।

ਆਸਟ੍ਰੇਲੀਆਈ ਟੈਸਟ ਟੀਮ

ਟਿਮ ਪੇਨ (ਕਪਤਾਨ), ਕੈਮਰਨ ਬੇਨਕਰਾਫਟ, ਜੋ ਬਨਰਸ, ਪੈਟ ਕਮਿੰਸ, ਜੋਸ਼ ਹੇਜਲਵੁਡ, ਟ੍ਰੇਵਿਸ ਹੈੱਡ, ਮਾਨਰਸ ਲਾਬੁਸ਼ਾਨੇ, ਨਾਥਨ ਲਿਓਨ, ਮਿਸ਼ੇਲ ਨਾਸਿਰ, ਜੇਮਸ ਪੈਟੀਨਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਿਥਿਊ ਵੇਡ, ਡੇਵਿਡ ਵਾਰਨਰ।