ਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਦੀ ਟੀਮ ਇਕ ਨਾਮੁਮਕਿਨ ਮਿਸ਼ਨ ਲਈ ਸ਼ੁੱਕਰਵਾਰ ਨੂੰ ਲੰਡਨ ਦੇ ਲਾਰਡਜ਼ ਮੈਦਾਨ 'ਤੇ ਵਿਸ਼ਵ ਕੱਪ ਮੁਕਾਬਲੇ ਵਿਚ ਬੰਗਲਾਦੇਸ਼ ਖ਼ਿਲਾਫ਼ ਉਤਰੀ ਸੀ। ਬੰਗਲਾਦੇਸ਼ ਦੀ ਟੀਮ ਜੇ ਪਹਿਲਾਂ ਬੱਲੇਬਾਜ਼ੀ ਕਰਦੀ ਤਾਂ ਪਾਕਿਸਤਾਨ ਬਿਨਾਂ ਕੋਈ ਦੌੜ ਬਣਾਏ ਹੀ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋ ਜਾਂਦੀ। ਟਾਸ ਨੇ ਹਾਲਾਂਕਿ ਪਾਕਿਸਤਾਨ ਦਾ ਸਾਥ ਦਿੱਤਾ ਤੇ ਉਸ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਪੂਰੀ ਕੋਸ਼ਿਸ਼ ਕੀਤੀ। ਪਾਕਿਸਤਾਨੀ ਟੀਮ ਇਮਾਮ ਉਲ ਹਕ ਤੇ ਬਾਬਰ ਆਜ਼ਮ ਦੀਆਂ ਬਿਹਤਰੀਨ ਪਾਰੀਆਂ ਦੇ ਦਮ 'ਤੇ 50 ਓਵਰਾਂ ਵਿਚ ਨੌਂ ਵਿਕਟਾਂ ਗੁਆ ਕੇ 315 ਦੌੜਾਂ ਤਕ ਪੁੱਜ ਸਕੀ ਪਰ ਇਹ ਸਕੋਰ ਵੀ ਉਸ ਨੂੰ ਸੈਮੀਫਾਈਨਲ ਵਿਚ ਪਹੁੰਚਾਉਣ ਲਈ ਕਾਫੀ ਨਹੀਂ ਸੀ ਕਿਉਂਕਿ ਉਸ ਨੂੰ ਸੈਮੀਫਾਈਨਲ ਵਿਚ ਪੁੱਜਣ ਲਈ ਬੰਗਲਾਦੇਸ਼ ਨੂੰ ਸੱਤ ਦੌੜਾਂ 'ਤੇ ਆਊਟ ਕਰਨਾ ਸੀ। ਅਜਿਹਾ ਹੋਣਾ ਲਗਪਗ ਨਾਮੁਮਕਿਨ ਸੀ ਇਸ ਲਈ ਪਾਕਿਸਤਾਨ ਦੀ ਟੀਮ ਵਿਸ਼ਵ ਕੱਪ 'ਚੋਂ ਬਾਹਰ ਹੋ ਗਈ ਜਦਕਿ ਆਸਟ੍ਰੇਲੀਆ, ਭਾਰਤ ਤੇ ਇੰਗਲੈਂਡ ਤੋਂ ਬਾਅਦ ਸੈਮੀਫਾਈਨਲ ਵਿਚ ਪੁੱਜਣ ਵਾਲੀ ਚੌਥੀ ਟੀਮ ਨਿਊਜ਼ੀਲੈਂਡ ਦੀ ਬਣ ਗਈ।