ਸਿਡਨੀ (ਏਐੱਫਪੀ) : ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ ਦੀ ਧਮਾਕੇਦਾਰ ਪਾਰੀ 'ਤੇ ਬਾਰਿਸ਼ ਨੇ ਪਾਣੀ ਫੇਰ ਦਿੱਤਾ ਜਿਸ ਨਾਲ ਪਾਕਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਐਤਵਾਰ ਨੂੰ ਖੇਡਿਆ ਗਿਆ ਪਹਿਲਾ ਮੁਕਾਬਲਾ ਬੇਨਤੀਜਾ ਰਿਹਾ। ਬਾਰਿਸ਼ ਨਾਲ ਪ੍ਰਭਾਵਿਤ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਪਾਕਿਸਤਾਨ ਨੇ 15 ਓਵਰਾਂ ਵਿਚ ਪੰਜ ਵਿਕਟਾਂ 'ਤੇ 107 ਦੌੜਾਂ ਬਣਾਈਆਂ। ਡਕਵਰਥ ਲੁਇਸ ਪ੍ਰਣਾਲੀ ਤਹਿਤ ਆਸਟ੍ਰੇਲੀਆ ਨੂੰ ਜਿੱਤ ਲਈ 119 ਦੌੜਾਂ ਦਾ ਟੀਚਾ ਮਿਲਿਆ। ਜਦ ਮੈਚ ਬੇਨਤੀਜਾ ਐਲਾਨਿਆ ਗਿਆ ਤਦ ਤਕ ਆਸਟ੍ਰੇਲੀਆ ਨੇ 3.1 ਓਵਰਾਂ ਵਿਚ ਬਿਨਾਂ ਨੁਕਸਾਨ ਦੇ 41 ਦੌੜਾਂ ਬਣਾ ਲਈਆਂ ਸਨ। ਫਿੰਚ ਕਾਫੀ ਹਮਲਾਵਰ ਦਿਸ ਰਹੇ ਸਨ ਜਿਨ੍ਹਾਂ ਨੇ 16 ਗੇਂਦਾਂ ਦੀ ਪਾਰੀ ਵਿਚ ਪੰਜ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 37 ਦੌੜਾਂ ਬਣਾਈਆਂ। ਵਾਰਨਰ ਚਾਰ ਗੇਂਦਾਂ ਵਿਚ ਦੋ ਦੌੜਾਂ 'ਤੇ ਅਜੇਤੂ ਰਹੇ। ਸੀਰੀਜ਼ ਦਾ ਦੂਜਾ ਮੁਕਾਬਲਾ ਮੰਗਲਵਾਰ ਨੂੰ ਕੈਨਬਰਾ 'ਚ ਖੇਡਿਆ ਜਾਵੇਗਾ।

ਬਾਬਰ ਨੇ ਖੇਡੀ ਕਪਤਾਨੀ ਪਾਰੀ :

ਸ੍ਰੀਲੰਕਾ ਖ਼ਿਲਾਫ਼ ਘੇਰਲੂ ਸੀਰੀਜ਼ 'ਚ 0-3 ਦੀ ਹਾਰ ਤੋਂ ਬਾਅਦ ਪਾਕਿਸਤਾਨ ਦੀ ਟੀਮ ਇਸ ਸੀਰੀਜ਼ ਵਿਚ ਨਵੇਂ ਕਪਤਾਨ ਬਾਬਰ ਆਜ਼ਮ ਦੀ ਅਗਵਾਈ ਵਿਚ ਉਤਰੀ। ਆਜ਼ਮ ਨੇ 38 ਗੇਂਦਾਂ 'ਤੇ ਪੰਜ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 59 ਦੌੜਾਂ ਬਣਾਈਆਂ। ਟੀ-20 'ਚ ਆਜ਼ਮ ਦਾ ਇਹ 11ਵਾਂ ਸੈਂਕੜਾ ਹੈ। ਉਨ੍ਹਾਂ ਤੋਂ ਇਲਾਵਾ ਸਿਰਫ਼ ਮੁਹੰਮਦ ਰਿਜ਼ਬਾਨ ਵੀ ਕੁਝ ਸੰਘਰਸ਼ ਕਰ ਸਕੇ ਉਨ੍ਹਾਂ ਨੇ 33 ਗੇਂਦਾਂ ਵਿਚ 31 ਦੌੜਾਂ ਬਣਾਈਆਂ।