ਟਾਂਟਨ (ਏਐੱਫਪੀ) : ਮੇਜ਼ਬਾਨ ਇੰਗਲੈਂਡ ਨੂੰ ਹਰਾ ਕੇ ਉਲਟਫੇਰ ਕਰਨ ਵਾਲੀ ਪਾਕਿਸਤਾਨ ਦੀ ਟੀਮ ਬੁੱਧਵਾਰ ਨੂੰ ਜਦ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਖ਼ਿਲਾਫ਼ ਮੈਦਾਨ 'ਚ ਉਤਰੇਗੀ ਤਾਂ ਉਸ ਦੀ ਕੋਸ਼ਿਸ਼ ਪਿਛਲੀ ਵਾਰ ਦੀ ਚੈਂਪੀਅਨ ਨੂੰ ਮਾਤ ਦੇ ਕੇ ਜਿੱਤ ਦੀ ਲੈਅ ਨੂੰ ਕਾਇਮ ਰੱਖਣ ਦੀ ਹੋਵੇਗੀ। ਟੂਰਨਾਮੈਂਟ ਵਿਚ ਸ਼ੁਰੂਆਤੀ ਦੋ ਮੈਚਾਂ ਵਿਚ ਅਫ਼ਗਾਨਿਸਤਾਨ ਤੇ ਵੈਸਟਇੰਡੀਜ਼ ਖ਼ਿਲਾਫ਼ ਜਿੱਤ ਦਰਜ ਕਰਨ ਵਾਲੀ ਆਸਟ੍ਰੇਲੀਆਈ ਟੀਮ ਭਾਰਤ ਖ਼ਿਲਾਫ਼ ਮਿਲੀ ਹਾਰ ਨੂੰ ਭੁਲਾ ਕੇ ਆਪਣੀ ਮੁਹਿੰਮ ਨੂੰ ਲੀਹ 'ਤੇ ਵਾਪਿਸ ਲਿਆਉਣਾ ਚਾਹੇਗੀ। ਇਹ ਉਹੀ ਮੈਦਾਨ ਹੇ ਜਿੱਥੇ ਸਪਾਟ ਫਿਕਸਿੰਗ ਦੇ ਦੋਸ਼ ਵਿਚ ਪੰਜ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਪਹਿਲਾ ਦਰਜਾ ਕ੍ਰਿਕਟ ਵਿਚ ਸ਼ਾਨਦਾਰ ਵਾਪਸੀ ਕੀਤੀ ਸੀ। 2016 ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਆਮਿਰ ਨੇ ਸਮਰਸੈੱਟ ਖ਼ਿਲਾਫ਼ ਇੰਗਲੈਂਡ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਰਕਸ ਟ੍ਰੇਸਕੋਥਿਕ ਸਮੇਤ ਤਿੰਨ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ ਸੀ। ਆਮਿਰ ਇਕ ਵਾਰ ਮੁੜ ਇਸ ਮੈਦਾਨ 'ਤੇ ਆਪਣੀ ਛਾਪ ਛੱਡਣਾ ਚਾਹੁਣਗੇ।

ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਮੁਹਿੰਮ ਖ਼ਰਾਬ ਤਰੀਕੇ ਨਾਲ ਸ਼ੁਰੂ ਹੋਈ। ਵੈਸਟਇੰਡੀਜ਼ ਖ਼ਿਲਾਫ਼ ਟੀਮ 105 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਮੈਚ ਸੱਤ ਵਿਕਟਾਂ ਨਾਲ ਗੁਆ ਬੈਠੀ। ਆਪਣੇ ਦੂਜੇ ਮੁਕਾਬਲੇ ਵਿਚ ਪਾਕਿਸਤਾਨ ਨੇ ਹਾਲਾਂਕਿ ਖ਼ਿਤਾਬ ਦੇ ਮੁੱਖ ਦਾਅਵੇਦਾਰ ਵਨ ਡੇ ਰੈਂਕਿੰਗ ਵਿਚ ਚੋਟੀ 'ਤੇ ਕਾਬਜ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਸ੍ਰੀਲੰਕਾ ਖ਼ਿਲਾਫ਼ ਟੀਮ ਦਾ ਤੀਜਾ ਮੁਕਾਬਲਾ ਬਾਰਿਸ਼ ਦੀ ਭੇਟ ਚੜ੍ਹ ਗਿਆ ਤੇ ਦੋਵਾਂ ਟੀਮਾਂ ਨੂੰ 1-1 ਅੰਕ ਸਾਂਝਾ ਕਰਨਾ ਪਿਆ। ਪਾਕਿਸਤਾਨ ਦੀ ਟੀਮ ਹਾਲਾਂਕਿ ਆਸਟ੍ਰੇਲੀਆ ਖ਼ਿਲਾਫ਼ ਪਿਛਲੇ 14 ਮੁਕਾਬਲਿਆਂ ਵਿਚ ਸਿਰਫ਼ ਇਕ ਵਿਚ ਜਿੱਤ ਦਰਜ ਕਰ ਸਕੀ ਹੈ।

ਵਾਰਨਰ ਤੋਂ ਉਮੀਦ :

ਆਸਟ੍ਰੇਲੀਆ ਨੂੰ ਟੂਰਨਾਮੈਂਟ ਵਿਚ ਦੋ ਅਰਧ ਸੈਂਕੜੇ ਲਾਉਣ ਵਾਲੇ ਡੇਵਿਡ ਵਾਰਨਰ ਤੋਂ ਇਕ ਵਾਰ ਮੁੜ ਧਮਾਕੇਦਾਰ ਪਾਰੀ ਦੀ ਉਮੀਦ ਹੋਵੇਗੀ। ਭਾਰਤ ਖ਼ਿਲਾਫ਼ ਹਾਲਾਂਕਿ ਵਾਰਨਰ ਨੇ 56 ਦੌੜਾਂ ਬਣਾਉਣ ਵਿਚ 84 ਗੇਂਦਾਂ ਦਾ ਸਾਹਮਣਾ ਕੀਤਾ ਜਿਸ ਵਿਚ 48 ਗੇਂਦਾਂ ਅਜਿਹੀਆਂ ਸਨ ਜਿਸ 'ਤੇ ਉਹ ਦੌੜ ਨਹੀਂ ਬਣਾ ਸਕੇ। ਉਨ੍ਹਾਂ ਦੀ ਧੀਮੀ ਪਾਰੀ ਦਾ ਖਮਿਆਜ਼ਾ ਟੀਮ ਨੂੰ ਭੁਗਤਣਾ ਪਿਆ ਤੇ ਉਸ ਨੂੰ ਭਾਰਤ ਖ਼ਿਲਾਫ਼ 36 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਆਸਟ੍ਰੇਲੀਆ ਨੂੰ ਝਟਕਾ, ਸਟੋਈਨਿਸ ਜ਼ਖ਼ਮੀ

ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਮੁਕਾਬਲੇ ਤੋਂ ਪਹਿਲਾਂ ਹੀ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ੀ ਹਰਫ਼ਨਮੌਲਾ ਮਾਰਕਸ ਸਟੋਈਨਿਸ ਮੰਗਲਵਾਰ ਨੂੰ ਸਾਈਡ ਸਟ੍ਰੈਨ ਦੀ ਸੱਟ ਕਾਰਨ ਇਸ ਮੈਚ ਤੋਂ ਬਾਹਰ ਹੋ ਗਏ। ਆਸਟ੍ਰੇਲੀਆ ਨੇ ਉਨ੍ਹਾਂ ਦੀ ਥਾਂ ਹਰਫ਼ਨਮੌਲਾ ਮਿਸ਼ੇਲ ਮਾਰਸ਼ ਨੂੰ ਬੁਲਾਇਆ ਹੈ। 29 ਸਾਲ ਦੇ ਸਟੋਈਨਿਸ ਦੀ ਇਕ ਵਾਰ ਮੁੜ ਸ਼ਨਿਚਰਵਾਰ ਨੂੰ ਹੋਣ ਵਾਲੇ ਸ੍ਰੀਲੰਕਾ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਜਾਂਚ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਹੀ ਇਹ ਐਲਾਨ ਕੀਤਾ ਜਾਵੇਗਾ ਕਿ ਮਾਰਸ਼ ਨੂੰ 15 ਮੈਂਬਰੀ ਟੀਮ 'ਚ ਸਥਾਈ ਰੂਪ ਨਾਲ ਸ਼ਾਮਿਲ ਕੀਤਾ ਜਾਵੇਗਾ ਜਾਂ ਨਹੀਂ। ਆਈਸੀਸੀ ਦੇ ਨਿਯਮਾਂ ਮੁਤਾਬਕ ਕਿਸੇ ਜ਼ਖ਼ਮੀ ਖਿਡਾਰੀ ਦੀ ਥਾਂ ਕਿਸੇ ਦੂਜੇ ਖਿਡਾਰੀ ਨੂੰ ਖੇਡਣ ਦੀ ਇਜਾਜ਼ਤ ਹੈ ਪਰ ਬਾਅਦ ਵਿਚ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਉਹ ਟੀਮ ਨਾਲ ਨਹੀਂ ਜੁੜ ਸਕਦਾ।

'ਅਸੀਂ ਆਸਟ੍ਰੇਲੀਆ ਖ਼ਿਲਾਫ਼ ਜ਼ਿਆਦਾ ਮੈਚ ਨਹੀਂ ਜਿੱਤੇ ਹਨ, ਪਰ ਅਸੀਂ ਇੰਗਲੈਂਡ ਖ਼ਿਲਾਫ਼ ਵੀ ਜ਼ਿਆਦਾ ਮੈਚ ਨਹੀਂ ਜਿੱਤੇ ਸਨ। ਉਸ ਦੇ ਬਾਵਜੂਦ ਅਸੀਂ ਇੰਗਲੈਂਡ ਨੂੰ ਹਰਾਇਆ ਤੇ ਇਸ ਨਾਲ ਸਾਨੂੰ ਬਹੁਤ ਸਕਰਾਤਮਕਤਾ ਮਿਲੀ ਹੈ। ਅਸੀਂ ਆਸਟ੍ਰੇਲੀਆ ਖ਼ਿਲਾਫ਼ ਹਮਲਾਵਰ ਵਤੀਰੇ ਨਾਲ ਮੈਦਾਨ ਵਿਚ ਉਤਰਾਂਗੇ। ਅਸੀਂ ਜਾਣਦੇ ਹਾਂ ਕਿ ਆਸਟ੍ਰੇਲੀਆ ਵਾਪਸੀ ਦੀ ਕੋਸ਼ਿਸ਼ ਕਰੇਗਾ। ਸਮਿਥ ਤੇ ਵਾਰਨਰ ਦੀ ਵਾਪਸੀ ਨਾਲ ਉਨ੍ਹਾਂ ਦੀ ਟੀਮ ਸਰਬੋਤਮ ਪ੍ਰਦਰਸ਼ਨ ਕਰੇਗੀ।

-ਸਰਫ਼ਰਾਜ਼ ਅਹਿਮਦ, ਕਪਤਾਨ, ਪਾਕਿਸਤਾਨ

'ਭਾਰਤ ਨੇ ਵਾਰਨਰ ਖ਼ਿਲਾਫ਼ ਚੰਗੀ ਗੇਂਦਬਾਜ਼ੀ ਕੀਤੀ ਤੇ ਉਨ੍ਹਾਂ ਨੂੰ ਕੁਝ ਹੋਰ ਸਮਾਂ ਚਾਹੀਦਾ ਹੈ। ਉਹ ਇਕ ਵਿਸ਼ਵ ਪੱਧਰੀ ਖਿਡਾਰੀ ਹਨ ਤੇ ਅਸੀਂ ਸ਼ਾਨਦਾਰ ਸ਼ੁਰੂਆਤ ਦਿਆਂਗੇ।'

-ਆਰੋਨ ਫਿੰਚ, ਕਪਤਾਨ, ਆਸਟ੍ਰੇਲੀਆ