ਜੇਐੱਨਐੱਨ, ਨਵੀਂ ਦਿੱਲੀ : ਸੌਰਵ ਗਾਂਗੁਲੀ ਦੀ ਪ੍ਰਧਾਨਗੀ ਵਾਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਨਵੀਂ ਟੀਮ ਦੇ ਸਾਹਮਣੇ ਭਿ੍ਸ਼ਟਾਚਾਰ ਦੇ ਮਾਮਲੇ ਆਉਣ ਲੱਗੇ ਹਨ ਅਤੇ ਹੁਣ ਦੇਖਣਾ ਇਹ ਹੈ ਕਿ ਇਹ ਨਵੀਂ ਟੀਮ ਉਸ 'ਤੇ ਕਾਰਵਾਈ ਕਰਦੀ ਹੈ ਜਾਂ ਵਿਨੋਦ ਰਾਏ ਦੀ ਅਗਵਾਈ ਵਾਲੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੀ ਤਰ੍ਹਾਂ ਹੀ ਇਹ ਸਭ ਹੋਣ ਦਿੰਦੀ ਹੈ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਮਿਅੰਕ ਪਾਰਿਖ 'ਤੇ ਸੀਓਏ ਦੇ ਦੋਹਰੇ ਰਵੱਈਏ ਤੋਂ ਬਾਅਦ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨਸੀਏ) ਦੀ ਤਾਕਤ ਤੇ ਸਥਿਤੀ ਕੋਚਾਂ ਦੀ ਨਿਯੁਕਤੀਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਅਧਿਕਾਰੀ ਨੇ ਗਾਂਗੁਲੀ ਨੂੰ ਪੱਤਰ ਲਿਖਿਆ ਹੈ ਕਿ ਸਾਰਿਆਂ ਨੂੰ ਪਤਾ ਸੀ ਕਿ ਰਾਹੁਲ ਦ੍ਵਿੜ ਪ੍ਰਮੁੱਖ ਬਣਨ ਜਾ ਰਹੇ ਹਨ ਤੇ ਉਸ ਨੂੰ ਧਿਆਨ ਵਿਚ ਰੱਖ ਕੇ ਸ਼ੰਕਰ ਬਾਸੂ (ਭਾਰਤੀ ਟੀਮ ਦੇ ਸਾਬਕਾ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ) ਦੇ ਨਜ਼ਦੀਕੀ ਵਿਅਕਤੀਆਂ ਦੀ ਐੱਨਸੀਏ ਵਿਚ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚਾਂ ਦੇ ਤੌਰ 'ਤੇ ਨਿਯੁਕਤੀਆਂ ਨੂੰ ਲੈ ਕੇ ਧੱਕਾ-ਮੁੱਕੀ ਕੀਤੀ ਗਈ। ਦ੍ਵਿੜ ਦੇ ਪ੍ਰਮੁੱਖ ਬਣਨ ਤੋਂ ਬਾਅਦ ਬਾਸੂ ਜਾਂ ਫਿਰ ਬੀਸੀਸੀਆਈ ਵਿਚ ਮੌਜੂਦ ਦੂਜੇ ਪ੍ਰਭਾਵਸ਼ਾਲੀ ਲੋਕਾਂ ਲਈ ਆਪਣੇ ਪਸੰਦੀਦਾ ਵਿਅਕਤੀਆਂ ਨੂੰ ਐੱਨਸੀਏ ਵਿਚ ਨਿਯੁਕਤ ਕਰਨਾ ਮੁਸ਼ਕਲ ਹੁੰਦਾ। ਬੀਸੀਸੀਆਈ ਨੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਦੇ ਅਹੁਦਿਆਂ ਦੇ ਇਸ਼ਤਿਹਾਰ ਵਿਚ ਜ਼ਿਆਦਾ ਬਦਲਾਅ ਕਰ ਕੇ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਸੂਚੀਬੱਧ ਕੀਤਾ ਸੀ। ਵਿਰਾਟ ਕੋਹਲੀ ਦੇ ਕਰੀਬ ਅਤੇ ਹੁਣ ਉਨ੍ਹਾਂ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸਟ੍ਰੈਂਥ ਤੇ ਕੰਡੀਸ਼ਨਿੰਗ ਕੋਚ ਬਾਸੂ ਦੇ ਕਰੀਬੀ ਲੋਕਾਂ ਨੂੰ ਐੱਨਸੀਏ ਵਿਚ ਨਿਯੁਕਤ ਕੀਤਾ ਜਾ ਸਕੇ, ਇਸ ਲਈ ਪਹਿਲਾਂ ਉਮਰ ਹੱਦ ਵਿਚ ਬਦਲਾਅ ਕੀਤਾ ਗਿਆ, ਫਿਰ ਸਿਰਫ਼ ਭਾਰਤੀ ਨਾਗਰਿਕਾਂ ਲਈ ਇਹ ਅਰਜ਼ੀ ਰੱਖੀ ਗਈ। ਇਥੇ ਸਵਾਲ ਇਹ ਹੈ ਕਿ ਬੀਸੀਸੀਆਈ ਦੀ ਆਧਿਕਾਰਕ ਵੈੱਬਸਾਈਟ 'ਤੇ ਅਰਜ਼ੀਆਂ ਪਾਉਣ ਤੋਂ ਪਹਿਲਾਂ ਕਿਉਂ ਨਹੀਂ ਇਸ ਲੈ ਕੇ ਤਿਆਰੀਆਂ ਕੀਤੀਆਂ ਗਈਆਂ। ਇਹ ਸਪੱਸ਼ਟ ਰੂਪ ਨਾਲ ਦੱਸਦਾ ਹੈ ਕਿ ਉਮੀਦਵਾਰ ਪਹਿਲਾਂ ਤੋਂ ਹੀ ਤੈਅ ਕਰ ਲਏ ਗਏ ਸਨ ਅਤੇ ਐੱਨਸੀਏ ਦੇ ਅਹੁਦਿਆਂ ਲਈ ਹੋਣ ਵਾਲੇ ਇੰਟਰਵਿਊ ਪ੍ਰਕਿਰਿਆ ਸਿਰਫ਼ ਅੱਖਾਂ ਵਿਚ ਧੂੜ ਪਾਉਣ ਲਈ ਕਰਵਾਈ ਗਈ ਸੀ। ਜਿਨ੍ਹਾਂ ਕੋਲ 10 ਤੋਂ ਜ਼ਿਆਦਾ ਸਾਲਾਂ ਦਾ ਤਜਰਬਾ ਹੈ, ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਅਤੇ ਬਾਸੂ ਦੇ ਨਜ਼ਦੀਕੀ ਉਮੀਦਵਾਰਾਂ ਨੂੰ ਪਹਿਲ ਦਿੱਤੀ ਗਈ ਸੀ। ਸਾਰੇ ਚਾਰ ਉਮੀਦਵਾਰਾਂ, ਹਰਸ਼, ਵਿਦਿਆ ਸਾਗਰ, ਨਰੇਸ਼, ਰਾਮਦੋਸ ਤੇ ਰਾਮ ਕ੍ਰਿਸ਼ਨ ਦੇ ਬਾਸੂ ਨਾਲ ਨਜ਼ਦੀਕੀ ਸਬੰਧ ਰਹੇ ਹਨ। ਚਾਰਾਂ ਦਾ ਕੁਲ ਤਜਰਬਾ ਰਣਜੀ ਟੀਮਾਂ ਲਈ ਕੰਮ ਕਰਨ ਵਾਲੇ ਸਟ੍ਰੈਂਥ ਤੇ ਕੰਡੀਸ਼ਨਿੰਗ ਕੋਚ ਦੇ ਦੂਜੇ ਮੁਕਾਬਲੇਬਾਜ਼ਾਂ ਦੀ ਤੁਲਨਾ ਵਿਚ ਬਹੁਤ ਘੱਟ ਸੀ ਪਰ ਬਾਕੀ ਲੋਕਾਂ ਨੇ ਅਰਜ਼ੀ ਅਪਲਾਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਨਤੀਜਿਆਂ ਬਾਰੇ ਪਤਾ ਸੀ। ਅਧਿਕਾਰੀ ਨੇ ਕਿਹਾ ਕਿ ਬੀਸੀਸੀਆਈ ਨੇ ਨਿਯੁਕਤੀ ਪ੍ਰਕਿਰਿਆ ਲਈ ਰਣਦੀਪ ਮੋਇਤਰਾ ਅਤੇ ਨਿਸ਼ਾ ਵਰਮਾ ਨੂੰ ਨਿਯੁਕਤ ਕੀਤਾ ਸੀ ਅਤੇ ਇਹ ਦੋਵੇਂ ਲੰਮੇ ਸਮੇਂ ਤੋਂ ਕ੍ਰਿਕਟ ਨਹੀਂ ਜੁੜੇ ਹੋਏ ਹਨ। ਨਿਸ਼ਾ ਵਰਮਾ ਨੇ ਖ਼ੁਦ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਕ੍ਰਿਕਟ ਜਾਂ ਕ੍ਰਿਕਟਰਾਂ ਦੇ ਨਾਲ ਕੰਮ ਕਰਨ ਦਾ ਕੋਈ ਤਜਰਬਾ ਨਹੀਂ ਸੀ। ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਦੇ ਇੰਟਰਵਿਊ ਦੇ ਸਮੇਂ ਐੱਨਸੀਏ ਤੋਂ ਕੋਈ ਵੀ ਮੌਜੂਦ ਨਹੀਂ ਸੀ। ਇਸ ਪੱਤਰ ਵਿਚ ਅੱਗੇ ਵੀ ਕਈ ਸਵਾਲ ਕੀਤੇ ਗਏ ਹਨ।