ਗਾਲੇ (ਏਐੱਫਪੀ) : ਸ੍ਰੀਲੰਕਾਈ ਸਪਿੰਨਰ ਅਕੀਲਾ ਧੰਨਜੇ ਦੇ ਪੰਜ ਵਿਕਟਾਂ ਹਾਸਲ ਕਰਨ ਨਾਲ ਨਿਊਜ਼ੀਲੈਂਡ ਦੀ ਟੀਮ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਦੋ ਮੈਚਾਂ ਦੀ ਸੀਰੀਜ਼ ਦੇ ਪਹਿਲੇ ਬਾਰਿਸ਼ ਨਾਲ ਪ੍ਰਭਾਵਿਤ ਮੈਚ ਦੇ ਸ਼ੁਰੂਆਤੀ ਦਿਨ ਪੰਜ ਵਿਕਟਾਂ ਗੁਆ ਕੇ 203 ਦੌੜਾਂ ਬਣਾਈਆਂ। ਤਜਰਬੇਕਾਰ ਰਾਸ ਟੇਲਰ ਨੇ ਅਜੇਤੂ 86 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਦੇ ਸਕੋਰ ਨੂੰ 200 ਦੌੜਾਂ ਦੇ ਪਾਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਪਿਛਲੇ ਸਾਲ ਸ਼ੱਕੀ ਐਕਸ਼ਨ ਦੀ ਸ਼ਿਕਾਇਤ ਹੋਣ ਤੋਂ ਬਾਅਦ ਨਵੇਂ ਐਕਸ਼ਨ ਨਾਲ ਗੇਂਦਬਾਜ਼ੀ ਕਰ ਰਹੇ ਧਨੰਜੇ ਨੇ ਪਿਛਲੇ ਛੇ ਮੈਚਾਂ ਵਿਚ ਚੌਥੀ ਵਾਰ ਇਕ ਪਾਰੀ ਵਿਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਧਨੰਜੇ ਨੇ 22 ਓਵਰਾਂ ਵਿਚ 57 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਸ੍ਰੀਲੰਕਾਈ ਟੀਮ ਦੇ ਕਿਸੇ ਵੀ ਗੇਂਦਬਾਜ਼ ਨੂੰ ਕਾਮਯਾਬੀ ਨਹੀਂ ਮਿਲੀ। ਇਸ ਮੈਚ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਮੈਚ 'ਚ ਕਪਤਾਨ ਕੇਨ ਵਿਲੀਅਮਸਨ ਖ਼ਾਤਾ ਵੀ ਨਾ ਖੋਲ੍ਹ ਸਕੇ। ਦਿਨ ਦੀ ਖੇਡ ਸਮਾਪਤ ਹੋਣ ਸਮੇਂ ਟੇਲਰ ਨਾਲ ਮਿਸ਼ੇਲ ਸੈਂਟਨਰ (ਅਜੇਤੂ 08) ਕ੍ਰੀਜ਼ 'ਤੇ ਮੌਜੂਦ ਸਨ। ਸ੍ਰੀਲੰਕਾ ਤੇ ਨਿਊਜ਼ੀਲੈਂਡ ਵਿਸ਼ਵ ਟੈਸਟ ਚੈਂਪੀਅਨਸ਼ਿਫ ਵਿਚ ਆਪਣਾ ਪਹਿਲਾ ਮੈਚ ਖੇਡ ਰਹੇ ਹਨ ਜਿਸ ਵਿਚ ਨੌਂ ਚੋਟੀ ਦੀਆਂ ਟੀਮਾਂ ਪੰਜ ਦਿਨਾ ਫਾਰਮੈਟ ਵਿਚ ਖ਼ਿਤਾਬ ਲਈ ਭਿੜਨਗੀਆਂ।