ਅਭਿਸ਼ੇਕ ਤਿ੍ਪਾਠੀ, ਨਾਟਿੰਘਮ : ਇੰਗਲੈਂਡ ਤੇ ਵੇਲਜ਼ ਵਿਚ ਚੱਲ ਰਹੇ ਕ੍ਰਿਕਟ ਵਿਸ਼ਵ ਕੱਪ ਵਿਚ ਬਾਰਿਸ਼ ਖ਼ਲਨਾਇਕ ਬਣ ਕੇ ਆਈ ਹੈ। ਹਾਲਾਂਕਿ ਭਾਰਤੀ ਟੀਮ ਹੁਣ ਤਕ ਇਸ ਦੀ ਚਪੇਟ ਵਿਚ ਆਉਣ ਤੋਂ ਬਚੀ ਰਹੀ ਹੈ ਪਰ ਵੀਰਵਾਰ ਨੂੰ ਟ੍ਰੈਂਟਬਿ੍ਜ ਸਟੇਡੀਅਮ ਵਿਚ ਹੋਣ ਵਾਲਾ ਉਸ ਦਾ ਮੈਚ ਵੀ ਰੱਦ ਹੋ ਸਕਦਾ ਹੈ। ਬਾਰਿਸ਼ ਕਾਰਨ ਪਾਕਿਸਤਾਨ-ਸ੍ਰੀਲੰਕਾ, ਦੱਖਣੀ ਅਫਰੀਕਾ-ਵੈਸਟਇੰਡੀਜ਼ ਤੇ ਬੰਗਲਾਦੇਸ਼-ਸ੍ਰੀਲੰਕਾ ਦੇ ਮੈਚ ਰੱਦ ਹੋ ਚੁੱਕੇ ਹਨ। ਇਸ ਕਾਰਨ ਉਨ੍ਹਾਂ ਟੀਮਾਂ ਨੂੰ ਇਕ-ਇਕ ਅੰਕ ਵੰਡਣ 'ਤੇ ਮਜਬੂਰ ਹੋਣਾ ਪਿਆ ਹੈ। ਮੰਗਲਵਾਰ ਨੂੰ ਬਿ੍ਸਟਲ ਵਿਚ ਬੰਗਲਾਦੇਸ਼ ਤੇ ਸ੍ਰੀਲੰਕਾ ਦੇ ਮੈਚ ਵਿਚ ਬਾਰਿਸ਼ ਕਾਰਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਇਸ ਤੋਂ ਪਹਿਲਾਂ ਬਿ੍ਸਟਲ ਵਿਚ ਹੀ ਸੱਤ ਜੂਨ ਨੂੰ ਪਾਕਿਸਤਾਨ ਤੇ ਸ੍ਰੀਲੰਕਾ ਦਾ ਮੈਚ ਬਿਨਾਂ ਗੇਂਦ ਸੁੱਟੇ ਰੱਦ ਕਰਨਾ ਪਿਆ ਸੀ। 10 ਜੂਨ ਨੂੰ ਸਾਊਥੈਂਪਟਨ ਵਿਚ ਦੱਖਣੀ ਅਫਰੀਕਾ ਨੇ ਪਹਿਲਾਂ ਖੇਡਦੇ ਹੋਏ 7.3 ਓਵਰਾਂ ਵਿਚ ਦੋ ਵਿਕਟਾਂ 'ਤੇ 29 ਦੌੜਾਂ ਬਣਾਈਆਂ ਸਨ ਕਿ ਬਾਰਿਸ਼ ਆ ਗਈ ਤੇ ਉਸ ਤੋਂ ਬਾਅਦ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਹੁਣ ਬੁੱਧਵਾਰ ਨੂੰ ਟਾਂਟਨ ਵਿਚ ਪਾਕਿਸਤਾਨ ਨੂੰ ਆਸਟ੍ਰੇਲੀਆ ਨਾਲ ਤੇ ਵੀਰਵਾਰ ਨੂੰ ਭਾਰਤ ਨੇ ਨਿਊਜ਼ੀਲੈਂਡ ਨਾਲ ਭਿੜਨਾ ਹੈ। ਵਿਸ਼ਵ ਕੱਪ ਵਿਚ ਭਾਰਤੀ ਟੀਮ ਆਪਣੇ ਦੋਵੇਂ ਸ਼ੁਰੂਆਤੀ ਮੈਚ ਜਿੱਤ ਚੁੱਕੀ ਹੈ। ਪਹਿਲੇ ਮੁਕਾਬਲੇ ਵਿਚ ਉਸ ਨੇ ਸਾਊਥੈਂਪਟਨ ਵਿਚ ਦੱਖਣੀ ਅਫਰੀਕਾ ਨੂੰ ਹਰਾਇਆ ਤਾਂ ਦੂਜੇ ਮੈਚ ਵਿਚ ਲੰਡਨ ਦੇ ਓਵਲ ਸਟੇਡੀਅਮ ਵਿਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਮਾਤ ਦਿੱਤੀ ਪਰ ਬਾਰਿਸ਼ ਕਾਰਨ ਉਸ ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਪਣੇ ਤੀਜੇ ਮੈਚ ਵਿਚ ਅੰਕ ਵੰਡਣ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਮੌਸਮ ਵਿਭਾਗ ਦੀ 'ਯੈਲੋ ਵਾਰਨਿੰਗ'

ਨਾਟਿੰਘਮ : ਇੰਗਲੈਂਡ ਦੇ ਮੌਸਮ ਵਿਭਾਗ ਨੇ ਬੁੱਧਵਾਰ ਲਈ ਯੈਲੋ ਵਾਰਨਿੰਗ ਜਾਰੀ ਕੀਤੀ ਹੈ, ਮਤਲਬ ਕਿ ਇਸ ਦਿਨ ਇੱਥੇ ਇੰਨੀ ਬਾਰਿਸ਼ ਹੋ ਸਕਦੀ ਹੈ ਕਿ ਸੜਕਾਂ 'ਤੇ ਪਾਣੀ ਭਰ ਜਾਵੇਗਾ ਤੇ ਲੋਕ ਘਰੋਂ ਨਾ ਨਿਕਲਣ ਕਿਉਂਕਿ ਬੱਸ ਤੇ ਟ੍ਰੇਨ ਵਰਗੇ ਜਨਤਕ ਵਹੀਕਲ ਮਿਲਣ 'ਚ ਮੁਸ਼ਕਲ ਹੋ ਸਕਦੀ ਹੈ। ਇਹ ਬਾਰਿਸ਼ ਵੀਰਵਾਰ ਦੀ ਦੁਪਹਿਰ ਤਕ ਜਾਰੀ ਰਹੇਗੀ ਹਾਲਾਂਕਿ ਦੁਪਹਿਰ ਤੋਂ ਬਾਅਦ ਬਾਰਿਸ਼ ਦੀ ਸੰਭਾਵਨਾ ਘੱਟ ਹੈ। ਜੇ ਮੈਦਾਨ ਦੇ ਮੁਲਾਜ਼ਮ ਮੈਦਾਨ ਨੂੰ ਸੁਕਾਉਣ ਵਿਚ ਕਾਮਯਾਬ ਹੁੰਦੇ ਹਨ ਤਾਂ ਇਸ ਕਾਰਨ ਘੱਟ ਓਵਰਾਂ ਦਾ ਮੈਚ ਹੋ ਸਕਦਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 13 ਤੇ ਘੱਟੋ ਘੱਟ ਤਾਪਮਾਨ 10 ਤੋਂ 11 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁਪਲੇਸਿਸ ਨੇ ਕਿਹਾ ਹੈ ਕਿ ਘੱਟ ਓਵਰਾਂ ਦਾ ਮੈਚ ਹੋਣ ਨਾਲੋਂ ਚੰਗਾ ਮੁਕਾਬਲਾ ਰੱਦ ਹੋ ਜਾਵੇ।

ਟੀਮ ਇੰਡੀਆ ਦਾ ਅਭਿਆਸ ਰੱਦ, ਨਿਊਜ਼ੀਲੈਂਡ ਨੇ ਇੰਡੋਰ ਅਭਿਆਸ ਕੀਤਾ

ਨਾਟਿੰਘਮ : ਬਾਰਿਸ਼ ਕਾਰਨ ਟੀਮ ਇੰਡੀਆ ਦਾ ਮੰਗਲਵਾਰ ਨੂੰ ਹੋਣ ਵਾਲਾ ਅਭਿਆਸ ਸੈਸ਼ਨ ਵੀ ਰੱਦ ਹੋ ਗਿਆ। ਟੀਮ ਇੰਡੀਆ ਦਾ ਨੈੱਟ ਅਭਿਆਸ ਇੱਥੇ ਦੇ ਲੋਕਲ ਸਮੇਂ ਮੁਤਾਬਕ ਦੁਪਹਿਰ ਦੋ ਤੋਂ ਸ਼ਾਮ ਪੰਜ ਵਜੇ ਤਕ ਹੋਣਾ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਨਿਊਜ਼ੀਲੈਂਡ ਦੀ ਟੀਮ ਨੇ ਇੰਡੋਰ ਅਭਿਆਸ ਕੀਤਾ। ਉਨ੍ਹਾਂ ਦੇ ਸਾਰੇ ਖਿਡਾਰੀਆਂ ਨੇ ਇੰਡੋਰ ਸਹੂਲਤਾਂ ਦਾ ਫ਼ਾਇਦਾ ਉਠਾਉਂਦੇ ਹੋਏ ਬੱਲੇਬਾਜ਼ੀ ਤੇ ਗੇਂਦਬਾਜ਼ੀ ਦਾ ਅਭਿਆਸ ਕੀਤਾ।