ਨਵੀਂ ਦਿੱਲੀ (ਜੇਐੱਨਐੱਨ) : ਨੌਜਵਾਨ ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਵਿਚ ਚੱਲ ਰਹੇ ਅੰਡਰ-19 ਵਿਸ਼ਵ ਕੱਪ ਦੇ ਪੋਚੇਫਸਟਰੂਮ ਵਿਚ ਮੰਗਲਵਾਰ ਨੂੰ ਖੇਡੇ ਗਏ ਪਹਿਲੇ ਸੈਮੀਫਾਈਨਲ ਵਿਚ ਧੁਰ ਵਿਰੋਧੀ ਪਾਕਿਸਤਾਨ ਨੂੰ 10 ਵਿਕਟਾਂ ਨਾਲ ਦਰੜ ਕੇ ਸ਼ਾਨ ਨਾਲ ਫਾਈਨਲ 'ਚ ਥਾਂ ਬਣਾਈ। ਮੌਜੂਦਾ ਚੈਂਪੀਅਨ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨੀ ਟੀਮ ਨੂੰ 43.1 ਓਵਰਾਂ ਵਿਚ 172 ਦੌੜਾਂ 'ਤੇ ਪਵੇਲੀਅਨ ਭੇਜ ਦਿੱਤਾ। ਜਵਾਬ ਵਿਚ ਭਾਰਤੀ ਟੀਮ ਨੇ ਯਸ਼ਸਵੀ ਜਾਇਸਵਾਲ (ਅਜੇਤੂ 105) ਦੇ ਸੈਂਕੜੇ ਤੇ ਦਿਵਿਆਂਸ਼ ਸਕਸੈਨਾ (ਅਜੇਤੂ 59) ਦੇ ਅਰਧ ਸੈਂਕੜੇ ਦੀ ਬਦੌਲਤ 33.2 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ 176 ਦੌੜਾਂ ਬਣਾ ਕੇ ਇਹ ਮੈਚ ਆਪਣੇ ਨਾਂ ਕਰ ਲਿਆ।

ਫਾਈਨਲ ਮੁਕਾਬਲਾ ਨੌਂ ਫਰਵਰੀ ਨੂੰ ਖੇਡਿਆ ਜਾਵੇਗਾ। ਫਾਈਨਲ ਵਿਚ ਭਾਰਤ ਦਾ ਸਾਹਮਣਾ ਕਿਸ ਟੀਮ ਨਾਲ ਹੋਵੇਗਾ ਇਸ ਦਾ ਫ਼ੈਸਲਾ ਛੇ ਫਰਵਰੀ ਨੂੰ ਨਿਊਜ਼ੀਲੈਂਡ ਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਨਤੀਜੇ ਨਾਲ ਤੈਅ ਹੋਵੇਗਾ। ਭਾਰਤੀ ਟੀਮ ਨੇ ਮੈਚ ਦੇ ਸ਼ੁਰੂ ਤੋਂ ਹੀ ਪਾਕਿਸਤਾਨ ਦੇ ਬੱਲੇਬਾਜ਼ਾਂ 'ਤੇ ਦਬਾਅ ਬਣਾ ਕੇ ਰੱਖਿਆ। ਭਾਰਤੀ ਟੀਮ ਦੇ ਕਪਤਾਨ ਪਿ੍ਰਅਮ ਗਰਗ ਨੇ ਸਹੀ ਸਮੇਂ 'ਤੇ ਸਹੀ ਫ਼ੈਸਲੇ ਲੈ ਕੇ ਪਾਕਿਸਤਾਨ ਨੂੰ ਮੈਚ ਵਿਚ ਵਾਪਸੀ ਦਾ ਮੌਕਾ ਨਹੀਂ ਦਿੱਤਾ।

ਭਾਰਤ ਵੱਲੋਂ ਸੁਸ਼ਾਂਤ ਮਿਸ਼ਰਾ ਨੇ ਤਿੰਨ, ਕਾਰਤਿਕ ਤਿਆਗੀ ਤੇ ਰਵੀ ਬਿਸ਼ਨੋਈ ਨੇ ਦੋ-ਦੋ ਵਿਕਟਾਂ ਲਈਆਂ। ਜਵਾਬ ਵਿਚ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ਾਂ ਨੂੰ ਪਾਕਿਸਤਾਨ ਦਾ ਗੇਂਦਬਾਜ਼ੀ ਹਮਲਾ ਪਰੇਸ਼ਾਨ ਨਹੀਂ ਕਰ ਸਕਿਆ। ਯਸਸ਼ਵੀ ਨੇ ਸੈਂਕੜਾ ਲਾਉਣ ਤੋਂ ਪਹਿਲਾਂ ਗੇਂਦਬਾਜ਼ੀ ਵਿਚ ਆਪਣੇ ਹੱਥ ਦਿਖਾਉਂਦੇ ਹੋਏ ਇਕ ਵਿਕਟ ਵੀ ਹਾਸਲ ਕੀਤਾ ਸੀ। ਉਨ੍ਹਾਂ ਦੇ ਹਰਫ਼ਨਮੌਲਾ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ।

ਨੰਬਰ ਗੇਮ

-05 ਮੈਚਾਂ ਵਿਚ ਸਭ ਤੋਂ ਜ਼ਿਆਦਾ 312 ਦੌੜਾਂ ਹੁਣ ਤਕ ਯਸ਼ਸਵੀ ਜਾਇਸਵਾਲ ਇਸ ਵਿਸ਼ਵ ਕੱਪ ਵਿਚ ਬਣਾ ਚੁੱਕੇ ਹਨ। ਜਿਸ ਵਿਚ ਇਕ ਸੈਂਕੜਾ ਤੇ ਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ।

-13 ਵਿਕਟਾਂ ਇਸ ਵਿਸ਼ਵ ਕੱਪ ਦੇ ਪੰਜ ਮੈਚਾਂ ਵਿਚ ਲੈ ਚੁੱਕੇ ਹਨ ਲੈੱਗ ਸਪਿੰਨਰ ਰਵੀ ਬਿਸ਼ਨੋਈ। ਉਹ ਇਸ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਹਨ।

-07ਵੀਂ ਵਾਰ ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜੀ ਹੈ ਭਾਰਤੀ ਅੰਡਰ-19 ਟੀਮ। ਇਸ ਵਿਚੋਂ ਚਾਰ ਵਾਰ ਭਾਰਤ ਨੇ ਖ਼ਿਤਾਬ ਜਿੱਤਿਆ ਜਦਕਿ 2006 ਤੇ 2016 ਵਿਚ ਉਨ੍ਹਾਂ ਨੂੰ ਫਾਈਨਲ ਵਿਚ ਹਾਰ ਮਿਲੀ ।