ਆਬੂਧਾਬੀ (ਪੀਟੀਆਈ) : ਨਾਮੀਬੀਆ ਨੇ ਡੇਵਿਡ ਵਿਸੇ ਦੇ ਧਮਾਕੇਦਾਰ ਅਰਧ ਸੈਂਕੜੇ ਨਾਲ ਬੁੱਧਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਪਹਿਲੇ ਗੇੜ ਦੇ ਗਰੁੱਪ-ਏ ਦੇ ਮੈਚ ਵਿਚ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਨੀਦਰਲੈਂਡ ਦੀ ਟੀਮ ਨੂੰ ਛੇ ਗੇਂਦਾਂ ਰਹਿੰਦੇ ਛੇ ਵਿਕਟਾਂ ਨਾਲ ਹਰਾ ਦਿੱਤਾ।

ਦੱਖਣੀ ਅਫਰੀਕਾ ਲਈ ਵੀ ਟੀ-20 ਮੈਚ ਖੇਡ ਚੁੱਕੇ ਵਿਸੇ ਨੇ 40 ਗੇਂਦਾਂ 'ਤੇ ਚਾਰ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ ਅਜੇਤੂ 66 ਦੌੜਾਂ ਬਣਾਈਆਂ ਜਿਸ ਦੇ ਦਮ 'ਤੇ ਨਾਮੀਬੀਆ ਨੇ 19 ਓਵਰਾਂ ਵਿਚ ਚਾਰ ਵਿਕਟਾਂ 'ਤੇ 166 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਚਾਰ ਵਿਕਟਾਂ 'ਤੇ 164 ਦੌੜਾਂ ਦਾ ਸਕੋਰ ਬਣਾਇਆ ਸੀ। ਇਸ ਜਿੱਤ ਨਾਲ ਨਾਮੀਬੀਆ ਦੀ ਟੀਮ ਸੁਪਰ-12 ਦੀ ਦੌੜ 'ਚ ਬਣੀ ਹੋਈ ਹੈ ਤੇ ਪਹਿਲੇ ਗੇੜ ਦੇ ਆਖ਼ਰੀ ਮੈਚ ਵਿਚ ਉਸ ਨੂੰ ਇਸ ਲਈ ਆਇਰਲੈਂਡ ਨੂੰ ਹਰਾਉਣਾ ਪਵੇਗਾ। ਉਥੇ ਦੋ ਮੈਚ ਹਾਰਨ ਤੋਂ ਬਾਅਦ ਨੀਦਰਲੈਂਡ ਦੀ ਅਗਲੇ ਗੇੜ ਵਿਚ ਪੁੱਜਣ ਦੀ ਸੰਭਾਵਨਾ ਕਾਫੀ ਘੱਟ ਹੈ।