ਨਵੀਂ ਦਿੱਲੀ (ਜੇਐੱਨਐੱਨ) : ਮਹਿੰਦਰ ਸਿੰਘ ਧੋਨੀ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਨਹੀਂ ਕਰਦੇ ਪਰ ਇਸ ਸ਼ਾਨਦਾਰ ਸਾਬਕਾ ਕਪਤਾਨ ਨੇ ਕਿਹਾ ਕਿ ਉਹ ਵੀ ਆਮ ਇਨਸਾਨ ਵਾਂਗ ਸੋਚਦੇ ਹਨ ਪਰ ਬਸ ਨਕਾਰਾਤਮਕ ਵਿਚਾਰਾਂ 'ਤੇ ਕੰਟਰੋਲ ਕਰਨ ਦੇ ਮਾਮਲੇ ਵਿਚ ਉਹ ਕਿਸੇ ਹੋਰ ਦੇ ਮੁਕਾਬਲੇ ਬਿਹਤਰ ਹਨ। ਆਪਣੇ ਸ਼ਾਂਤ ਸੁਭਾਅ ਕਾਰਨ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਵਿਚ 'ਕੈਪਟਨ ਕੂਲ' ਦਾ ਖ਼ਿਤਾਬ ਮਿਲਿਆ ਪਰ ਦੋ ਵਾਰ ਵਿਸ਼ਵ ਚੈਂਪੀਅਨ ਟੀਮ ਦੀ ਅਗਵਾਈ ਕਰਨ ਵਾਲੇ ਇਸ ਵਿਕਟਕੀਪਰ ਬੱਲੇਬਾਜ਼ ਨੇ ਕਿਹਾ ਕਿ ਹਰ ਜਿੱਤ ਤੇ ਹਰ ਹਾਰ ਦੌਰਾਨ ਭਾਵਨਾਵਾਂ ਉਨ੍ਹਾਂ 'ਤੇ ਵੀ ਹਾਵੀ ਰਹੀਆਂ ਹਨ। ਧੋਨੀ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਮੈਂ ਵੀ ਆਮ ਇਨਸਾਨ ਹਾਂ ਪਰ ਮੈਂ ਕਿਸੇ ਹੋਰ ਵਿਅਕਤੀ ਦੀ ਤੁਲਨਾ ਵਿਚ ਆਪਣੀਆਂ ਭਾਵਨਵਾਂ ਨੂੰ ਬਿਹਤਰ ਤਰੀਕੇ ਨਾਲ ਕਾਬੂ 'ਚ ਰੱਖਦਾ ਹਾਂ। ਜੁਲਾਈ ਵਿਚ ਵਿਸ਼ਵ ਕੱਪ ਸੈਮੀਫਾਈਨਲ ਵਿਚ ਭਾਰਤ ਦੀ ਹਾਰ ਤੋਂ ਬਾਅਦ ਧੋਨੀ ਦੇ ਭਵਿੱਖ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਹਨ। ਉਨ੍ਹਾਂ ਨੇ ਿਫ਼ਲਹਾਲ ਕੁਝ ਸਮੇਂ ਲਈ ਆਰਾਮ ਲਿਆ ਹੈ। ਧੋਨੀ ਨੇ ਉਲਟ ਹਾਲਾਤ ਨਾਲ ਨਜਿੱਠਣ ਸਬੰਧੀ ਕਿਹਾ ਕਿ ਹਰ ਕਿਸੇ ਵਾਂਗ ਮੈਨੂੰ ਵੀ ਨਿਰਾਸ਼ਾ ਹੁੰਦੀ ਹੈ। ਕਈ ਵਾਰ ਮੈਨੂੰ ਵੀ ਗੁੱਸਾ ਆਉਂਦਾ ਹੈ ਪਰ ਮਹੱਤਵਪੂਰਨ ਇਹ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਭਾਵਨਾ ਰਚਨਾਤਮਕ ਨਹੀਂ ਹੈ। ਇਸ 38 ਸਾਲਾ ਖਿਡਾਰੀ ਨੇ ਕਿਹਾ ਕਿ ਮੁਸ਼ਕਲਾਂ ਦਾ ਜਾਲ ਬੁਣਨ ਦੀ ਬਜਾਏ ਉਨ੍ਹਾਂ ਦਾ ਹੱਲ ਕੱਢਣਾ ਉਨ੍ਹਾਂ ਲਈ ਕਾਰਗਰ ਸਾਬਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਭਾਵਨਾਵਾਂ ਦੀ ਤੁਲਨਾ ਵਿਚ ਹੁਣ ਕੀ ਕਰਨਾ ਚਾਹੀਦਾ ਇਹ ਜ਼ਿਆਦਾ ਮਹੱਤਵਪੂਰਨ ਹੈ। ਅਗਲੀ ਕੀ ਚੀਜ਼ ਹੈ ਜਿਸ ਦੀ ਮੈਂ ਯੋਜਨਾ ਬਣਾ ਸਕਦਾ ਹਾ? ਉਹ ਅਗਲਾ ਵਿਅਕਤੀ ਕੌਣ ਹੈ ਜਿਸ ਦਾ ਮੈਂ ਇਸਤੇਮਾਲ ਕਰ ਸਕਦਾ ਹਾਂ? ਇਕ ਵਾਰ ਜਦ ਮੈਂ ਇਹ ਸੋਚਣ ਲਗਦਾ ਹਾਂ ਤਾਂ ਫਿਰ ਮੈਂ ਆਪਣੀਆਂ ਭਾਵਨਾਵਾਂ ਨੂੰ ਬਿਹਤਰ ਤਰੀਕੇ ਨਾਲ ਕਾਬੂ ਕਰ ਲੈਂਦਾ ਹਾਂ।

ਹਰ ਹਾਲਾਤ 'ਚ ਵੱਖਰੀ ਸੋਚ ਦੀ ਲੋੜ :

ਧੋਨੀ ਨੇ ਮੁੜ ਕਿਹਾ ਕਿ ਆਖ਼ਰੀ ਨਤੀਜੇ ਤੋਂ ਮਹੱਤਵਪੂਰਨ ਪ੍ਰਕਿਰਿਆ ਹੈ। ਆਪਣੀ ਕਪਤਾਨੀ ਦੌਰਾਨ ਉਹ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜੇ ਉਹ ਟੈਸਟ ਮੈਚ ਹੈ ਤਾਂ ਤੁਹਾਡੇ ਕੋਲ ਦੋ ਪਾਰੀਆਂ ਹੁੰਦੀਆਂ ਹਨ ਤੇ ਤੁਹਾਨੂੰ ਆਪਣੀ ਅਗਲੀ ਰਣਨੀਤੀ ਤਿਆਰ ਕਰਨ ਲਈ ਥੋੜ੍ਹਾ ਜ਼ਿਆਦਾ ਸਮਾਂ ਮਿਲਦਾ ਹੈ। ਟੀ-20 ਵਿਚ ਸਭ ਕੁਝ ਤੁਰੰਤ ਹੁੰਦਾ ਹੈ ਤਾਂ ਇਸ ਵਿਚ ਵੱਖਰੀ ਤਰ੍ਹਾਂ ਦੀ ਸੋਚ ਦੀ ਲੋੜ ਪੈਂਦੀ ਹੈ। ਧੋਨੀ ਨੇ ਕਿਹਾ ਕਿ ਉਹ ਇਕ ਖਿਡਾਰੀ ਹੋ ਸਕਦਾ ਹੈ ਜਿਸ ਨੇ ਗ਼ਲਤੀ ਕੀਤੀ ਜਾਂ ਉਹ ਪੂਰੀ ਟੀਮ ਹੋ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਫਾਰਮੈਟ ਚਾਹੇ ਕੋਈ ਵੀ ਹੋਵੇ ਅਸੀਂ ਆਪਣੀ ਰਣਨੀਤੀ 'ਤੇ ਚੰਗੀ ਤਰ੍ਹਾਂ ਅਮਲ ਨਾ ਕੀਤਾ ਹੋਵੇ।