ਲਾਹੌਰ (ਆਈਏਐੱਨਐੱਸ) : ਪਾਕਿਸਤਾਨ ਕਿ੍ਕਟ ਟੀਮ ਦੇ ਮੁੱਖ ਚੋਣਕਾਰ ਤੇ ਕੋਚ ਮਿਸਬਾਹ ਉਲ ਹਕ ਖ਼ਿਲਾਫ਼ ਲਾਹੌਰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਹ ਪਟੀਸ਼ਨ ਮਿਸਬਾਹ ਨੂੰ ਪਾਕਿਸਤਾਨ ਦੇ ਚੋਣਕਾਰ ਤੇ ਕੋਚ ਦੇ ਵੱਖ-ਵੱਖ ਅਹੁਦਿਆਂ 'ਤੇ ਇਕੱਠੇ ਕੰਮ ਕਰਨ ਤੋਂ ਰੋਕਣ ਲਈ ਕੀਤੀ ਗਈ ਹੈ। ਪਾਕਿਸਤਾਨ ਕ੍ਰਿਕਟ ਵਿਚ ਇਨ੍ਹੀਂ ਦਿਨੀਂ ਭੂਚਾਲ ਆਇਆ ਹੋਇਆ ਹੈ। ਕਾਰਨ ਹੈ ਕਿ ਸਰਫ਼ਰਾਜ਼ ਅਹਿਮਦ ਨੂੰ ਟੈਸਟ ਤੇ ਟੀ-20 ਟੀਮ ਦੀ ਕਪਤਾਨੀ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਇਸ ਬਾਰੇ ਮੀਡੀਆ ਵਿਚ ਲਗਾਤਾਰ ਗੱਲਾਂ ਕੀਤੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਆਸਟ੍ਰੇਲੀਆ ਦੌਰੇ ਲਈ ਐਲਾਨੀ ਟੈਸਟ ਤੇ ਟੀ-20 ਟੀਮ 'ਚੋਂ ਸਰਫ਼ਰਾਜ਼ ਦੀ ਛੁੱਟੀ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਦੋਵਾਂ ਵਿਚੋਂ ਕਿਸੇ ਵੀ ਟੀਮ ਵਿਚ ਥਾਂ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੀ ਥਾਂ ਮੁਹੰਮਦ ਰਿਜ਼ਵਾਨ ਨੂੰ ਵਿਕਟਕੀਪਰ ਦੀ ਭੂਮਿਕਾ ਦਿੱਤੀ ਗਈ ਹੈ। ਪਾਕਿਸਤਾਨ ਦੇ ਅਖ਼ਬਾਰ ਦ ਡਾਨ ਮੁਤਾਬਕ ਸਈਅਦ ਅਲੀ ਜ਼ਾਹਿਦ ਬੁਖਾਰੀ ਨੇ ਇਕ ਬਿਨੈ ਟੀਮ ਦੇ ਮੁੱਖ ਚੋਣਕਾਰ, ਬੱਲੇਬਾਜ਼ੀ ਕੋਚ ਤੇ ਮੁੱਖ ਕੋਚ ਦੀ ਭੂਮਿਕਾ ਅਦਾ ਕਰ ਰਹੇ ਸਾਬਕਾ ਕਪਤਾਨ ਮਿਸਬਾਹ ਖ਼ਿਲਾਫ਼ ਕੀਤੀ ਹੈ। ਸਈਅਦ ਨੇ ਆਪਣੇ ਬਿਨੈ ਵਿਚ ਕਿਹਾ ਹੈ ਕਿ ਮੌਜੂਦਾ ਟੀਮ ਦਾ ਸ੍ਰੀਲੰਕਾ ਖ਼ਿਲਾਫ਼ ਟੀ-20 ਵਿਚ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ। ਟੀਮ ਦੇ ਪ੍ਰਦਰਸ਼ਨ 'ਤੇ ਹੋਰ ਵੀ ਮਾੜਾ ਅਸਰ ਪਵੇਗਾ ਜੇ ਮਿਸਬਾਹ ਨੂੰ ਬਤੌਰ ਮੁੱਖ ਕੋਚ ਕੰਮ ਕਰਦੇ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕੋਰਟ ਨੂੰ ਇਸ ਗੱਲ ਦੀ ਦਰਖ਼ਾਸਤ ਦਿੱਤੀ ਹੈ ਕਿ ਉਨ੍ਹਾਂ ਦੇ ਅਹੁਦੇ 'ਤੇ ਬਣੇ ਰਹਿਣ ਨੂੰ ਲੈ ਕੇ ਇਕ ਸਟੇਅ ਆਰਡਰ ਜਾਰੀ ਕੀਤਾ ਜਾਵੇ।

ਪਾਕਿਸਤਾਨ ਕ੍ਰਿਕਟ ਬੋਰਡ ਤੋਂ ਮੰਗਿਆ ਜਵਾਬ :

ਕੋਰਟ ਨੇ ਕਿਹਾ ਹੈ ਕਿ ਇਹ ਤਾਂ ਤੈਅ ਨਹੀਂ ਕੀਤਾ ਜਾ ਸਕਦਾ ਕਿ ਕੌਣ ਟੀਮ ਵਿਚ ਖੇਡੇਗਾ ਪਰ ਜੱਜ ਨੇ ਪਾਕਿਸਾਤਨ ਕ੍ਰਿਕਟ ਬੋਰਡ ਨੂੰ ਇਸ ਬਾਰੇ ਇਕ ਨੋਟਿਸ ਜਾਰੀ ਕੀਤਾ ਹੈ ਤੇ ਅਗਲੇ ਹਫ਼ਤੇ ਤਕ ਜਵਾਬ ਦੇਣ ਲਈ ਕਿਹਾ ਹੈ। ਮੁੱਖ ਪਟੀਸ਼ਨ ਵਿਚ ਵਕੀਲ ਦਾ ਕਹਿਣਾ ਹੈ ਕਿ ਮਿਸਬਾਹ ਕੋਲ ਟੀਮ ਦਾ ਕੋਚ ਬਣਨ ਲਈ ਵਾਜਬ ਤਜਰਬਾ ਨਹੀਂ ਹੈ। ਸਈਅਦ ਦਾ ਸਾਫ਼ ਤੌਰ 'ਤੇ ਇਹ ਮੰਨਣਾ ਹੈ ਕਿ ਮਿਸਬਾਹ ਦੀ ਸਾਬਕਾ ਕੋਚ ਮਿਕੀ ਆਰਥਰ ਦੀ ਥਾਂ ਨਿਯੁਕਤੀ ਬਿਨਾਂ ਯੋਗਤਾ ਦੇ ਕੀਤੀ ਗਈ ਹੈ।