ਜੇਐੱਨਐੱਨ, ਨਵੀਂ ਦਿੱਲੀ : ਮਿਅੰਕ ਅਗਰਵਾਲ ਦੀ ਬੱਲੇਬਾਜ਼ੀ ਵਿਚ ਪਰਿਪੱਕਤਾ ਸਾਫ਼ ਝਲਕਦੀ ਹੈ। ਇਹ ਉਨ੍ਹਾਂ ਦੀ ਕੜੀ ਮਿਹਨਤ ਦਾ ਫਲ਼ ਹੈ ਜੋ ਉਨ੍ਹਾਂ ਨੂੰ ਲੰਮੇ ਸਮੇਂ ਤਕ ਘਰੇਲੂ ਕ੍ਰਿਕਟ ਵਿਚ ਕੀਤੀ ਹੈ ਤੇ ਭਾਰਤੀ ਟੀਮ ਦੀ ਜਰਸੀ ਪਾਉਣ ਦੀ ਉਡੀਕ ਵੱਡੇ ਹੌਸਲੇ ਨਾਲ ਕੀਤਾ। ਵਿਸ਼ਾਖਾਪਟਨਮ ਟੈਸਟ ਵਿਚ ਦੋਹਰਾ ਸੈਂਕੜਾ ਲਗਾਉਣ ਤੋਂ ਬਾਅਦ ਪੁਣੇ ਵਿਚ ਵੀਰਵਾਰ ਨੂੰ ਦੱਖਣੀ ਅਫ਼ਰੀਕਾ ਖਿਲਾਫ਼ ਸ਼ੁਰੂ ਹੋਏ ਦੂਜੇ ਟੈਸਟ ਦੇ ਪਹਿਲੇ ਦਿਨ ਮਿਅੰਕ ਨੇ ਸੈਂਕੜਾ ਲਗਾ ਕੇ ਦੱਸ ਦਿੱਤਾ ਹੈ ਕਿ ਉਹ ਹੁਣ ਪਿੱਛੇ ਮੁੜ ਕੇ ਨਹੀਂ ਦੇਖਣਗੇ। ਮਿਅੰਕ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਤਿੰਨ ਵਿਕਟਾਂ ਦੇ ਨੁਕਸਾਨ 'ਤੇ 273 ਦਾ ਸਕੋਰ ਖੜ੍ਹਾ ਕਰ ਦਿੱਤਾ। ਕਪਤਾਨ ਵਿਰਾਟ ਕੋਹਲੀ 63 ਤੇ ਅਜਿੰਕੇ ਰਹਾਣੇ 18 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।

ਚੰਗੇ ਪ੍ਰਦਰਸ਼ਨ ਦਾ ਮਿਲਿਆ ਸੀ ਇਨਾਮ

ਘਰੇਲੂ ਸੈਸ਼ਨ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਹੀ ਮਿਅੰਕ ਨੂੰ ਪਿਛਲੇ ਸਾਲ ਭਾਰਤ ਵਿਚ ਹੀ ਵੈਸਟਇੰਡੀਜ਼ ਖਿਲਾਫ਼ ਖੇਡੀ ਗਈ ਟੈਸਟ ਲੜੀ ਵਿਚ ਰਾਸ਼ਟਰੀ ਟੀਮ ਵਿਚ ਚੁਣਿਆ ਗਿਆ ਸੀ। ਉਹ ਹਾਲਾਂਕਿ ਸ਼ੁਰੂਆਤ ਨਹੀਂ ਕਰ ਸਕੇ। ਇਸ ਲਈ ਉਨ੍ਹਾਂ ਨੂੰ ਬਾਕਸਿੰਗ ਡੇ ਟੈਸਟ ਦੀ ਉਡੀਕ ਕਰਨੀ ਪਈ। ਆਸਟ੍ਰੇਲੀਆ ਵਿਚ ਉਨ੍ਹਾਂ ਨੇ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਅਤੇ ਉਦੋਂ ਤੋਂ ਉਹ ਟੀਮ ਦੇ ਨਿਯਮਿਤ ਸਲਾਮੀ ਬੱਲੇਬਾਜ਼ ਬਣ ਗਏ ਹਨ। ਹੁਣ ਤਕ ਵਿਦੇਸ਼ੀ ਜ਼ਮੀਨ 'ਤੇ ਹੀ ਬੱਲੇਬਾਜ਼ੀ ਕਰਨ ਵਾਲੇ ਮਿਅੰਕ ਨੂੰ ਜਦ ਇਸ ਲੜੀ ਰਾਹੀਂ ਘਰ ਵਿਚ ਖੇਡਣ ਦਾ ਮੌਕਾ ਮਿਲਿਆ ਤਾਂ ਉਹ ਇਕ ਨਿਡਰ ਹੀਰੋ ਦੀ ਤਰ੍ਹਾਂ ਸਾਹਮਣੇ ਆਏ। ਇਹ ਵੀ ਸੰਯੋਗ ਹੀ ਹੈ ਕਿ ਵਰਿੰਦਰ ਸਹਿਵਾਗ ਨੂੰ ਆਪਣਾ ਆਦਰਸ਼ ਮੰਨਣ ਵਾਲੇ ਮਿਅੰਕ ਨੇ ਇਸ ਸੈਂਕੜੇ ਦੇ ਨਾਲ ਹੀ ਸਹਿਵਾਗ ਦੀ ਬਰਾਬਰੀ ਕਰ ਲਈ। ਉਹ ਸਹਿਵਾਗ ਤੋਂ ਬਾਅਦ ਲਗਾਤਾਰ ਦੋ ਟੈਸਟ ਮੈਚਾਂ ਵਿਚ ਸੈਂਕੜੇ ਲਗਾਉਣ ਵਾਲੇ ਦੂਜੇ ਭਾਰਤੀ ਸਲਾਮੀ ਬੱਲੇਬਾਜ਼ ਬਣੇ।

ਮਾਨਸਿਕਤਾ 'ਚ ਕੀਤਾ ਬਦਲਾਅ

2014-15 ਘਰੇਲੂ ਸੈਸ਼ਨ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਉਹ ਕਰਨਾਟਕ ਦੀ ਟੀਮ ਤੋਂ ਬਾਹਰ ਰਹੇ ਸਨ। ਮਿਅੰਕ ਨੇ ਇਥੋਂ ਆਪਣੀ ਖੇਡ ਤੋਂ ਇਲਾਵਾ ਆਪਣੀ ਮਾਨਸਿਕਤਾ ਨੂੰ ਬਿਹਤਰ ਰੱਖਣ ਲਈ ਕੰਮ ਕੀਤਾ। ਉਨ੍ਹਾਂ ਦੀ ਇਹ ਮਿਹਨਤ ਦੱਖਣੀ ਅਫ਼ਰੀਕਾ ਖਿਲਾਫ਼ ਦਿਸੀ। 28 ਸਾਲਾ ਮਿਅੰਕ ਨੇ 195 ਗੇਂਦਾਂ ਵਿਚ 108 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੌਰਾਨ 16 ਚੌਕੇ ਤੇ ਦੋ ਛੱਕੇ ਲਗਾਏ। ਮਿਅੰਕ ਸਪਿਨਰ ਕੇਸ਼ਵ ਮਹਾਰਾਜ ਦੀ ਗੇਂਦ 'ਤੇ ਦੋ ਲਗਾਤਾਰ ਛੱਕੇ ਲਗਾ ਕੇ ਆਪਣੇ ਸੈਂਕੜੇ ਦੇ ਕਰੀਬ ਪੁੱਜੇ ਅਤੇ ਫਿਰ ਬਰਨੋਨ ਫਿਲੇਂਡਰ ਦੀ ਗੇਂਦ 'ਤੇ ਚੌਕਾ ਲਗਾ ਕੇ ਉਨ੍ਹਾਂ ਨੇ ਆਪਣਾ ਸੈਂਕੜਾ ਪੂਰਾ ਕੀਤਾ। ਅਗਰਵਾਲ ਦਾ ਸਕੋਰ ਕਾਰਡ ਉਨ੍ਹਾਂ ਦੀ ਇਸ ਖੂਬਸੂਰਤ ਪਾਰੀ ਦਾ ਗਵਾਹ ਹੈ। ਉਨ੍ਹਾਂ ਨੇ ਬਾਊਂਡਰੀ ਨਾਲ 18 ਗੇਂਦਾਂ ਵਿਚ 74 ਦੌੜਾਂ ਬਣਾਈਆਂ, ਜਦਕਿ ਬਾਕੀ ਦੀਆਂ 37 ਦੌੜਾਂ 177 ਗੇਂਦਾਂ ਵਿਚ ਬਣਾਈਆਂ। ਖਾਸ ਗੱਲ ਇਹ ਰਹੀ ਕਿ ਖੇਡ ਦੀ ਸ਼ੁਰੂਆਤੀ ਘੰਟੇ ਵਿਚ ਅਗਰਵਾਲ ਫਿਲੇਂਡਰ (0/37) ਅਤੇ ਕੈਗਿਸੋ ਰਬਾਦਾ (3/48) 'ਤੇ ਜਲਦੀ ਨਹੀਂ ਦਿਖਾਈ। ਉਨ੍ਹਾਂ ਨੇ ਸਮਝਦਾਰੀ ਨਾਲ ਤੀਜੇ ਤੇਜ਼ ਗੇਂਦਬਾਜ਼ ਦੀ ਉਡੀਕ ਕੀਤੀ। ਐਨਰਿਕ ਨਾਰਟਜੇ (0/60) 13 ਓਵਰਾਂ ਵਿਚ ਕੋਈ ਵਿਕਟ ਨਹੀਂ ਕੱਢ ਸਕੇ। ਨਾਰਟਜੇ ਨੂੰ ਮਿਅੰਕ ਨੇ ਕਾਫੀ ਪਰੇਸ਼ਾਨ ਕੀਤਾ।

ਰਬਾਦਾ ਦਾ ਜਲਵਾ

ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਰਬਾਦਾ ਇਕੱਲੇ ਗੇਂਦਬਾਜ਼ ਰਹੇ ਜਿਨ੍ਹਾਂ ਨੇ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਦਿਨ ਦੀ ਸ਼ਰੂ ਵਿਚ ਪਹਿਲੇ ਇਕ ਸ਼ਾਨਦਾਰ ਆਊਟ ਸਵਿੰਗ ਗੇਂਦ ਨਾਲ ਰੋਹਿਤ ਸ਼ਰਮਾ (14) ਨੂੰ ਵਿਕਟ ਦੇ ਪਿੱਛੇ ਕਿਵੰਟਨ ਡਿਕਾਕ ਦੇ ਹੱਥੋਂ ਕੈਚ ਕਰਵਾਇਆ। ਹਾਲਾਂਕਿ ਰਬਾਦਾ ਬਦਕਿਸਮਤ ਰਹੇ ਜਦ ਸ਼ਾਰਟ ਲੈੱਗ ਵਿਚ ਖੜ੍ਹੇ ਤੇਂਬਾ ਬਾਵੁਮਾ ਨੇ ਚੇਤੇਸ਼ਵਰ ਪੁਜਾਰਾ ਦਾ ਕੈਚ ਫੜਨ ਦਾ ਮੌਕਾ ਗੁਆ ਦਿੱਤਾ। ਪੁਜਾਰਾ ਨੇ ਇਸ ਤੋਂ ਬਾਅਦ ਮਿਅੰਕ ਦੇ ਨਾਲ ਮਿਲ ਕੇ ਦੂਜੀ ਵਿਕਟ ਲਈ 138 ਦੌੜਾਂ ਦੀ ਅਹਿਮ ਭਾਈਵਾਲੀ ਕੀਤੀ। ਰਬਾਦਾ ਨੇ ਹੀ ਆਖ਼ਰਕਾਰ ਪੁਜਾਰਾ ਦੀ ਵਿਕਟ ਲੈ ਕੇ ਇਸ ਭਾਈਵਾਲੀ ਨੂੰ ਤੋੜਿਆ ਪਰ ਉਦੋਂ ਤਕ ਪੁਜਾਰਾ ਆਪਣੇ ਟੈਸਟ ਕਰੀਅਰ 22ਵਾਂ ਸੈਂਕੜਾ ਲਗਾ ਚੁੱਕੇ ਸਨ। ਰਬਾਦਾ ਨੇ ਹੀ ਮਿਅੰਕ ਨੂੰ ਵਾਪਸ ਭੇਜਿਆ।

ਕੋਹਲੀ ਨੇ ਸੰਭਾਲੀ ਪਾਰੀ

ਪਿਛਲੇ ਕੁਝ ਸਮੇਂ ਤੋਂ ਚੰਗੇ ਪ੍ਰਦਰਸ਼ਨ ਲਈ ਜੂਝ ਰਹੇ ਕਪਤਾਨ ਵਿਰਾਟ ਕੋਹਲੀ ਨੇ ਆਖਰਕਾਰ ਲੈਅ ਹਾਸਲ ਕਰ ਲਈ। ਮਿਅੰਕ ਤੇ ਪੁਜਾਰਾ ਦੇ ਆਊਟ ਹੋਣ ਤੋਂ ਬਾਅਦ ਕੋਹਲੀ ਨੇ ਜ਼ਿੰਮੇਵਾਰੀ ਭਰੀ ਪਾਰੀ ਖੇਡੀ। ਉਹ ਹੁਣ ਆਪਣੇ ਸੈਂਕੜੇ ਵੱਲ ਵਧਦੇ ਦਿਸ ਰਹੇ ਹਨ। ਕੋਹਲੀ ਨੇ 105 ਗੇਂਦਾਂ ਵਿਚ 10 ਚੌਕੇ ਲਗਾਏ ਅਤੇ 63 ਦੌੜਾਂ ਬਣਾ ਕੇ ਮੈਦਾਨ 'ਚ ਡਟੇ ਹੋਏ ਹਨ। ਉਹ ਰਹਾਣੇ ਦੇ ਨਾਲ ਚੌਥੀ ਵਿਕਟ ਲਈ 75 ਦੌੜਾਂ ਦੀ ਭਾਈਵਾਲੀ ਕਰ ਚੁੱਕੇ ਹਨ।