ਕਾਰਡਿਫ (ਏਐੱਫਪੀ) : ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੇ ਵਿਸ਼ਵ ਕੱਪ ਵਿਚ ਸ੍ਰੀਲੰਕਾ ਦੀ ਬੱਲੇਬਾਜ਼ੀ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ 1996 ਦੀ ਚੈਂਪੀਅਨ ਟੀਮ ਨੂੰ ਬੱਲੇ ਨਾਲ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ ਤਾਂਕਿ ਗੇਂਦਬਾਜ਼ ਦਬਾਅ 'ਚ ਨਾ ਆਉਣ। ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਮੈਚ ਵਿਚ ਸ੍ਰੀਲੰਕਾ 136 ਦੌੜਾਂ 'ਤੇ ਆਊਟ ਹੋ ਗਿਆ ਜਦਕਿ ਅਫ਼ਗਾਨਿਸਤਾਨ ਨੇ ਉਸ ਨੂੰ 201 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਜੈਵਰਧਨੇ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ੍ਰੀਲੰਕਾ ਨੂੰ ਬਿਹਤਰ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਇੰਨੀ ਚੰਗੀ ਸ਼ੁਰੂਆਤ ਤੋਂ ਬਾਅਦ ਕੁਸ਼ਲ ਪਰੇਰਾ ਨੇ ਪਾਰੀ ਨੂੰ ਅੱਗੇ ਵਧਾਇਆ ਤੇ ਦੋ ਵੱਡੀਆਂ ਭਾਈਵਾਲੀਆਂ ਕੀਤੀਆਂ। ਇਸ ਤਰ੍ਹਾਂ ਮੱਧ ਕ੍ਰਮ ਨੂੰ ਨਾਕਾਮ ਹੁੰਦੇ ਦੇਖਣਾ ਦੁਖੀ ਕਰਨ ਵਾਲਾ ਹੈ। ਮੁਹੰਮਦ ਨਬੀ ਨੇ ਚੰਗੀ ਗੇਂਦਬਾਜ਼ੀ ਕੀਤੀ ਪਰ ਸਪਿੰਨਰਾਂ ਨੂੰ ਜ਼ਿਆਦਾ ਮਦਦ ਨਹੀਂ ਮਿਲ ਰਹੀ ਸੀ। ਸ੍ਰੀਲੰਕਾ ਨੇ ਮੱਧ ਕ੍ਰਮ ਵਿਚ ਜਿਸ ਤਰ੍ਹਾਂ ਵਿਕਟਾਂ ਗੁਆਈਆਂ ਉਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਕਰ ਕੇ ਵਿਰੋਧੀ ਗੇਂਦਬਾਜ਼ਾਂ 'ਤੇ ਦਬਾਅ ਬਣਾਉਣਾ ਚਾਹੀਦਾ ਹੈ। ਪਾਕਿਸਤਾਨ ਖ਼ਿਲਾਫ਼ ਅਗਲੇ ਮੈਚ ਬਾਰੇ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਾਹਮਣੇ ਮੁਕਾਬਲਾ ਰੋਮਾਂਚਕ ਹੋਵੇਗਾ। ਨਿਊਜ਼ੀਲੈਂਡ ਖ਼ਿਲਾਫ਼ ਘੱਟ ਸਕੋਰ ਵਾਲੇ ਮੈਚ ਤੋਂ ਬਾਅਦ ਇਸ ਮੈਚ ਵਿਚ ਵੀ ਦੌੜਾਂ ਨਹੀਂ ਬਣੀਆਂ। ਉਮੀਦ ਹੈ ਕਿ ਅੱਗੇ ਅਸੀਂ ਵੱਡਾ ਸਕੋਰ ਬਣਾਵਾਂਗੇ। ਜੈਵਰਧਨੇ ਨੇ ਕਿਹਾ ਕਿ ਸ੍ਰੀਲੰਕਾਈ ਬੱਲੇਬਾਜ਼ਾਂ ਵਿਚ ਆਤਮਵਿਸ਼ਵਾਸ ਦੀ ਘਾਟ ਦਿਖਾਈ ਦਿੱਤੀ। ਕਾਰਡਿਫ ਵਿਚ 250 ਤੋਂ ਜ਼ਿਆਦਾ ਦੌੜਾਂ ਬਣ ਸਕਦੀਆਂ ਸਨ। ਉਮੀਦ ਹੈ ਕਿ ਇਸ ਜਿੱਤ ਨਾਲ ਟੀਮ ਦਾ ਮਨੋਬਲ ਵਧੇਗਾ ਜਿਸ ਦੀ ਅਜੇ ਕਮੀ ਲੱਗ ਰਹੀ ਹੈ।