ਦੁਬਈ (ਜੇਐੱਨਐੱਨ) : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲਾਕੀ ਫਰਗਿਊਸਨ ਦਾ ਮੰਨਣਾ ਹੈ ਕਿ ਇੰਗਲੈਂਡ ਵਿਚ ਖੇਡੇ ਗਏ ਆਈਸੀਸੀ ਵਿਸ਼ਵ ਕੱਪ 2019 ਦੇ ਫਾਈਨਲ ਵਿਚ ਮਿਲੀ ਹਾਰ ਨਿਰਾਸ਼ਾਜਨਕ ਸੀ ਪਰ ਟੀਮ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਸੀ ਉਹ ਦੇਸ਼ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ। ਨਾਟਕੀ ਫਾਈਨਲ ਵਿਚ ਨਿਊਜ਼ੀਲੈਂਡ ਨੂੰ ਇੰਗਲੈਂਡ ਨੇ ਮਾਤ ਦੇ ਕੇ ਵਿਸ਼ਵ ਕੱਪ ਆਪਣੇ ਨਾਂ ਕੀਤਾ ਸੀ। ਫਰਗਿਊਸਨ ਨੇ ਕਿਹਾ ਕਿ ਇਹ ਉਨ੍ਹਾਂ ਮੈਚਾਂ ਵਿਚ ਸੀ ਜਿੱਥੇ ਤੁਸੀਂ ਚੰਗੀ ਖੇਡ ਖੇਡਣਾ ਚਾਹੁੰਦੇ ਹੋ ਤੇ ਆਪਣੀ ਟੀਮ ਨੂੰ ਜਿਤਾਉਣਾ ਚਾਹੁੰਦੇ ਹੋ। ਉਨ੍ਹਾਂ ਨੇ ਕਿਹਾ ਕਿ ਪਿੱਛੇ ਮੁੜ ਕੇ ਉਸ ਹਾਰ ਨੂੰ ਦੇਖਣਾ ਕਾਫੀ ਮੁਸ਼ਕਲ ਹੈ ਤੇ ਸ਼ਾਇਦ ਉਸ ਨੂੰ ਸਵੀਕਾਰ ਕਰਨ ਵਿਚ ਕੁਝ ਸਮਾਂ ਲੱਗੇਗਾ ਪਰ ਨਾਲ ਹੀ ਇਸ ਤਰ੍ਹਾਂ ਦਾ ਫਾਈਨਲ ਹੋਣਾ ਤੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ, ਉਮੀਦ ਹੈ ਕਿ ਅਸੀਂ ਦੇਸ਼ ਦੀ ਅਗਲੀ ਪੀੜ੍ਹੀ ਨੂੰ ਪ੍ਰਰੇਰਿਤ ਕਰ ਸਕਾਂਗੇ। ਫਰਗਿਊਸਨ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿਚ ਦੂਜੇ ਸਥਾਨ 'ਤੇ ਸਨ। ਉਨ੍ਹਾਂ ਨੇ ਵਿਸ਼ਵ ਕੱਪ ਵਿਚ 21 ਵਿਕਟਾਂ ਲਈਆਂ ਸਨ।