ਨਵੀਂ ਦਿੱਲੀ (ਪੀਟੀਆਈ) : ਆਂਧਰ ਪ੍ਰਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਕੇਐੱਸ ਭਰਤ ਨੂੰ ਰਿਸ਼ਭ ਪੰਤ ਦੇ ਬਦਲ ਵਜੋਂ ਸ਼ੁੱਕਰਵਾਰ ਨੂੰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਭਰਤ ਨੂੰ ਦੂਜੇ ਵਨ ਡੇ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ ਤੇ ਸੱਟ ਕਾਰਨ ਬਾਹਰ ਹੋਏ ਪੰਤ ਦੀ ਥਾਂ ਕੇਐੱਲ ਰਾਹੁਲ ਨੂੰ ਬਤੌਰ ਵਿਕਟਕੀਪਰ ਬੱਲੇਬਾਜ਼ ਆਖ਼ਰੀ ਇਲੈਵਨ ਵਿਚ ਸ਼ਾਮਲ ਕੀਤਾ ਗਿਆ। 26 ਸਾਲ ਦੇ ਭਰਤ ਨੇ ਅਜੇ ਤਕ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡੀ ਹੈ ਪਰ 74 ਪਹਿਲਾ ਦਰਜਾ ਮੈਚਾਂ ਵਿਚ 4143 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ ਟੀ-20 ਕ੍ਰਿਕਟ ਵਿਚ 100 ਤੋਂ ਉੱਪਰ ਹੈ। ਬੀਸੀਸੀਆਈ ਦੇ ਸਕੱਤਰ ਜੈਅ ਸ਼ਾਹ ਨੇ ਕਿਹਾ ਕਿ ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਰਾਜਕੋਟ ਵਿਚ ਦੂਜੇ ਵਨ ਡੇ ਲਈ ਕੇਐੱਸ ਭਰਤ ਨੂੰ ਟੀਮ ਵਿਚ ਚੁਣਿਆ ਹੈ। ਸੰਜੂ ਸੈਮਸਨ ਤੇ ਇਸ਼ਾਨ ਕਿਸ਼ਨ ਨਿਊਜ਼ੀਲੈਂਡ ਵਿਚ ਭਾਰਤ-ਏ ਟੀਮ ਦਾ ਹਿੱਸਾ ਹਨ। ਇਸ ਕਾਰਨ ਚੋਣ ਕਮੇਟੀ ਨੇ ਕੇਐੱਸ ਭਰਤ ਨੂੰ ਬੈਕਅਪ ਵਿਕਟਕੀਪਰ ਦੇ ਰੂਪ ਵਿਚ ਚੁਣਨ ਦਾ ਫ਼ੈਸਲਾ ਕੀਤਾ ਹੈ।

ਰਿਸ਼ਭ ਐੱਨਸੀਏ 'ਚ :

ਪੰਤ ਨੂੰ ਰਿਹੈਬਿਲੀਟੇਸ਼ਨ ਲਈ ਰਾਸ਼ਟਰੀ ਕ੍ਰਿਕਟ ਅਕੈਡਮੀ ਅਕੈਡਮੀ (ਐੱਨਸੀਏ) ਭੇਜਿਆ ਗਿਆ ਹੈ। ਪੰਤ ਨੂੰ ਮੁੰਬਈ ਵਿਚ ਪਹਿਲੇ ਵਨ ਡੇ ਵਿਚ ਹੈਲਮਟ ਤੇ ਗੇਂਦ ਲੱਗਣ ਨਾਲ ਉਹ ਜ਼ਖ਼ਮੀ ਹੋ ਗਏ ਸਨ। ਬੀਸੀਸੀਆਈ ਮੁਤਾਬਕ ਪੰਤ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਬੈਂਗਲੁਰੂ ਵਿਚ ਹੋਣ ਵਾਲੇ ਆਖ਼ਰੀ ਵਨ ਡੇ ਮੈਚ ਵਿਚ ਉਨ੍ਹਾਂ ਦੀ ਉਪਲੱਬਧਤਾ ਹੋਣ 'ਤੇ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਜਾਵੇਗਾ।