ਦੁਬਈ (ਆਈਏਐੱਨਐੱਸ) : ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਈਸੀਸੀ ਦੀ ਤਾਜ਼ਾ ਜਾਰੀ ਵਨ ਡੇ ਰੈਂਕਿੰਗ ਵਿਚ ਆਪੋ-ਆਪਣੇ ਸਥਾਨ ਕਾਇਮ ਰੱਖੇ ਹਨ। ਕੋਹਲੀ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ 895 ਅੰਕਾਂ ਨਾਲ ਪਹਿਲੇ ਸਥਾਨ 'ਤੇ ਬੈਠੇ ਹੋਏ ਹਨ। ਉਨ੍ਹਾਂ ਤੋਂ ਬਾਅਦ ਭਾਰਤ ਦੇ ਉੱਪ ਕਪਤਾਨ ਰੋਹਿਤ ਸ਼ਰਮਾ ਹਨ। ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਬੁਮਰਾਹ ਨੇ ਆਪਣਾ ਪਹਿਲਾ ਸਥਾਨ ਬਣਾਈ ਰੱਖਿਆ ਹੈ। ਉਹ 797 ਅੰਕਾਂ ਨਾਲ ਇਸ ਸਥਾਨ 'ਤੇ ਕਾਇਮ ਹਨ। ਬੁਮਰਾਹ ਤੋਂ ਬਾਅਦ ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਹਨ। ਹਰਫਡਨਮੌਲਾ ਖਿਡਾਰੀਆਂ ਦੀ ਰੈਂਕਿੰਗ ਵਿਚ ਚੋਟੀ ਦੇ 10 ਵਿਚ ਹਾਰਦਿਕ ਪਾਂਡਿਆ ਇਕੋ ਇਕ ਭਾਰਤੀ ਹਨ। ਉਹ 246 ਅੰਕਾਂ ਨਾਲ ਰੈਂਕਿੰਗ ਵਿਚ 10ਵੇਂ ਸਥਾਨ 'ਤੇ ਹਨ। ਭਾਰਤ ਨੇ ਪਿਛਲੇ ਦਿਨੀਂ ਬੰਗਲਾਦੇਸ਼ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ 2-1 ਨਾਲ ਮਾਤ ਦਿੱਤੀ ਹੈ। ਹੁਣ ਉਸ ਨੂੰ ਬੰਗਲਾਦੇਸ਼ ਨਾਲ ਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਇਸ ਤੋਂ ਬਾਅਦ ਭਾਰਤੀ ਟੀਮ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡੇਗੀ।