ਅਭਿਸ਼ੇਕ ਤਿ੍ਪਾਠੀ, ਲੰਡਨ : ਅੱਜ ਜੇ ਭਾਰਤ 'ਚ ਕ੍ਰਿਕਟ ਇੰਨੇ ਉੱਚੇ ਪੱਧਰ 'ਤੇ ਹੈ ਤਾਂ ਉਸ ਦਾ ਕਾਰਨ ਕਪਿਲ ਦੇਵ ਦੀ ਕਪਤਾਨੀ ਵਿਚ ਟੀਮ ਇੰਡੀਆ ਦਾ ਲਾਰਡਜ਼ ਮੈਦਾਨ 'ਚ 1983 ਵਿਸ਼ਵ ਕੱਪ ਟਰਾਫੀ ਜਿੱਤਣਾ ਹੈ ਪਰ ਭਾਰਤ ਨੂੰ ਇਹ ਟਰਾਫੀ ਸਿਰਫ ਇਸ ਲਈ ਮਿਲੀ ਕਿਉਂਕਿ ਉਸ ਵੇਲੇ ਦੇ ਕਪਤਾਨ ਕਪਿਲ ਦੇਵ ਨੇ ਨੇਵਿਲ ਕ੍ਰਿਕਟ ਮੈਦਾਨ 'ਚ 18 ਜੂਨ 1983 ਨੂੰ ਖੇਡੇ ਗਏ ਲੀਗ ਮੈਚ ਵਿਚ ਜ਼ਿੰਬਾਬਵੇ ਖ਼ਿਲਾਫ਼ 175 ਦੌੜਾਂ ਦੀ ਪਾਰੀ ਖੇਡ ਕੇ ਸਾਨੂੰ ਜਿੱਤ ਦਿਵਾਈ ਸੀ। ਇਸ ਮੈਚ ਵਿਚ ਭਾਰਤ ਨੇ ਨੌਂ ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ ਤੇ ਇਸ ਤੋਂ ਬਾਅਦ ਕਪਿਲ ਬੱਲੇਬਾਜ਼ੀ ਕਰਨ ਉਤਰੇ। 17 ਦੌੜਾਂ ਦੇ ਕੁੱਲ ਜੋੜ 'ਤੇ ਯਸ਼ਪਾਲ ਸ਼ਰਮਾ ਦੇ ਰੂਪ ਵਿਚ ਭਾਰਤ ਦੀ ਪੰਜਵੀਂ ਵਿਕਟ ਡਿੱਗੀ ਪਰ ਕਪਿਲ ਡਟੇ ਰਹੇ ਤੇ ਉਨ੍ਹਾਂ ਦੀ 138 ਗੇਂਦਾਂ ਦੀ ਅਜੇਤੂ ਪਾਰੀ ਕਾਰਨ ਭਾਰਤ 60 ਓਵਰਾਂ ਵਿਚ ਅੱਠ ਵਿਕਟਾਂ 'ਤੇ 266 ਦੌੜਾਂ ਬਣਾਉਣ ਵਿਚ ਕਾਮਯਾਬ ਰਿਹਾ। ਕਪਿਲ ਨੇ ਇਸ ਪਾਰੀ ਦੌਰਾਨ 16 ਚੌਕੇ ਤੇ ਛੇ ਛੱਕੇ ਲਾਏ ਸਨ ਤੇ ਇਸੇ ਨਾਲ ਨੇਵਿਲ ਕ੍ਰਿਕਟ ਮੈਦਾਨ ਕ੍ਰਿਕਟ ਜਗਤ ਵਿਚ ਅਮਰ ਹੋ ਗਿਆ। ਭਾਰਤ ਨੇ ਇਹ ਮੈਚ 31 ਦੌੜਾਂ ਨਾਲ ਜਿੱਤਿਆ ਤੇ ਇੱਥੋਂ ਟੀਮ ਇੰਡੀਆ ਦੀ ਕ੍ਰਿਕਟ ਦੀ ਮਹਾਸ਼ਕਤੀ ਬਣਨ ਦੀ ਸ਼ੁਰੂਆਤ ਹੋ ਗਈ। ਟੀਮ ਇੰਡੀਆ ਜੇ ਇਹ ਮੈਚ ਹਾਰ ਜਾਂਦੀ ਤਾਂ ਵਿਸ਼ਵ ਕੱਪ ਦੇ ਅਗਲੇ ਗੇੜ ਵਿਚ ਪੁੱਜਣਾ ਮੁਸ਼ਕਲ ਹੋ ਜਾਂਦਾ ਪਰ ਕਪਿਲ ਨੇ ਨੇਵਿਲ ਕ੍ਰਿਕਟ ਮੈਦਾਨ 'ਚ ਉਸ ਸਮੇਂ ਦੀ ਵਨ ਡੇ ਦੀ ਸਭ ਤੋਂ ਵੱਡੀ ਪਾਰੀ ਖੇਡ ਕੇ ਖ਼ੁਦ ਦਾ ਅਤੇ ਇਸ ਮੈਦਾਨ ਦਾ ਨਾਂ ਇਤਿਹਾਸ ਦੇ ਪੰਨਿਆਂ ਵਿਚ ਦਰਜ ਕਰਵਾ ਦਿੱਤਾ। ਹਾਲਾਂਕਿ ਵਿਸ਼ਵ ਕੱਪ ਦੇ ਬ੍ਰਾਡਕਾਸਟਰ ਬੀਬੀਸੀ ਦੀ ਹੜਤਾਲ ਹੋਣ ਕਾਰਨ ਇਸ ਮੈਚ ਦੀ ਰਿਕਾਰਡਿੰਗ ਨਹੀਂ ਹੋ ਸਕੀ। ਲਗਪਗ 4000 ਲੋਕਾਂ ਤੋਂ ਇਲਾਵਾ ਕਪਿਲ ਦੀ ਪਾਰੀ ਨੂੰ ਕੋਈ ਨਹੀਂ ਦੇਖ ਸਕਿਆ। ਉਸ ਮੈਚ ਦੀ ਰਿਕਾਰਡਿੰਗ ਨਾ ਹੋਣ ਕਾਰਨ ਤੁਸੀਂ ਕਪਿਲ ਦੀ ਉਸ ਪਾਰੀ ਨੂੰ ਚਾਹ ਕੇ ਵੀ ਨਹੀਂ ਦੇਖ ਸਕਦੇ ਹੋ। ਵਿਰਾਟ ਸੈਨਾ ਉਸੇ ਇੰਗਲੈਂਡ ਵਿਚ ਇਸ ਸਮੇਂ ਵਿਸ਼ਵ ਕੱਪ ਖੇਡ ਰਹੀ ਹੈ। ਜਦ ਅਸੀਂ ਸਾਊਥੈਂਪਟਨ ਵਿਚ ਟੀਮ ਇੰਡੀਆ ਦੀ ਦੱਖਣੀ ਅਫਰੀਕਾ 'ਤੇ ਜਿੱਤ ਤੋਂ ਬਾਅਦ ਵੀਰਵਾਰ ਨੂੰ ਲੰਡਨ ਪੁੱਜੇ ਤਾਂ ਮੇਰੇ ਦਿਮਾਗ਼ ਵਿਚ ਸਿਰਫ਼ ਇਕ ਗੱਲ ਆ ਰਹੀ ਸੀ ਕਿ ਜਿਸ ਕਾਰਨ ਅੱਜ ਅਸੀਂ ਲੋਕ ਇੱਥੇ ਹਾਂ, ਉਸ ਪਾਰੀ ਨੂੰ ਤਾਂ ਨਹੀਂ ਦੇਖ ਸਕਦੇ, ਪਰ ਉਸ ਮੈਦਾਨ, ਉਸ ਥਾਂ ਨੂੰ ਦੇਖਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਮੈਂ ਉਸ ਨੇਵਿਲ ਮੈਦਾਨ 'ਚ ਜਾਣ ਦਾ ਫ਼ੈਸਲਾ ਕੀਤਾ। ਟੀਮ ਇੰਡੀਆ ਨੂੰ ਐਤਵਾਰ ਨੂੰ ਅਗਲਾ ਮੁਕਾਬਲਾ ਓਵਲ ਮੈਦਾਨ ਵਿਚ ਆਸਟ੍ਰੇਲੀਆ ਖ਼ਿਲਾਫ਼ ਖੇਡਣਾ ਹੈ ਤੇ ਸ਼ੁੱਕਰਵਾਰ ਨੂੰ ਉਸ ਨੇ ਅਭਿਆਸ ਕਰਨਾ ਸੀ ਪਰ ਬਾਰਿਸ਼ ਕਾਰਨ ਅਭਿਆਸ ਰੱਦ ਹੋ ਗਿਆ। ਇਸ ਤੋਂ ਬਾਅਦ ਮੈਂ ਨੇਵਿਲ ਮੈਦਾਨ ਲਈ ਨਿਕਲ ਗਿਆ। ਲੰਡਨ ਦੇ ਓਵਲ ਟਿਊਬ (ਮੈਟ੍ਰੋ) ਸਟੇਸ਼ਨ ਤੋਂ ਟਿਊਬ ਫੜ ਕੇ ਚਾਰਿੰਗ ਕ੍ਰਾਸ ਰੇਲਵੇ ਸਟੇਸ਼ਨ ਪੁੱਜਾ। ਇੱਥੋਂ ਟ੍ਰੇਨ ਲੈ ਕੇ ਟਨਬਿ੍ਜ ਵੇਲਜ਼ ਸਟੇਸ਼ਨ ਉਤਰਿਆ। ਉਥੋਂ ਟੈਕਸੀ ਲੈ ਕੇ ਕਾਊਂਟੀ ਟੀਮ ਵੇਲਜ਼ ਦੇ ਮੈਦਾਨ ਨੇਵਿਲ ਪੁੱਜਾ।

ਛੋਟੇ ਮੈਦਾਨ 'ਤੇ ਵੱਡਾ ਕੀਰਤੀਮਾਨ :

ਛੋਟੇ ਜਿਹੇ ਕਸਬੇ ਵਿਚ ਬਣੇ ਇਸ ਮੈਦਾਨ ਦੇ ਗੇਟ 'ਤੇ ਨਾ ਹੀ ਕੋਈ ਸੁਰੱਖਿਆ ਕਰਮਚਾਰੀ ਸੀ ਤੇ ਨਾ ਹੀ ਦਫਤਰ ਵਿਚ ਕੋਈ ਮੁਲਾਜ਼ਮ। ਮੈਦਾਨ ਦੀ ਬਾਊਂਡਰੀ 60 ਤੋਂ 65 ਮੀਟਰ ਦੀ ਹੋਵੇਗੀ। 10 ਕਦਮ ਚੱਲਦੇ ਹੀ ਮੈਦਾਨ ਦਿਖਾਈ ਦਿੱਤਾ ਤੇ ਉਸ ਨੂੰ ਦੇਖਦੇ ਹੀ ਮਨ ਨੂੰ ਖ਼ੁਸ਼ੀ ਮਿਲੀ। ਅੱਜ ਵੀ ਉਹ ਮੈਦਾਨ ਵਧੀਆ ਹੈ। ਬਾਰਿਸ਼ ਕਾਰਨ ਪਿੱਚ ਢਕੀ ਹੋਈ ਸੀ ਤੇ ਨੀਲੇ ਤੇ ਬੈਂਗਨੀ ਰੰਗ ਦੇ ਰਾਡੋਡੇਨਡਰਾਨ ਫੁੱਲ ਦੂਰੋਂ ਖਿੱਚ ਪਾ ਰਹੇ ਸਨ। ਇਹ ਫੁੱਲ ਇਸੇ ਕ੍ਰਿਕਟ ਮੈਦਾਨ 'ਚ ਪਾਏ ਜਾਂਦੇ ਹਨ। ਮੈਦਾਨ ਹਾਰ ਪਾਸਿਓਂ ਵੱਡੇ ਵੱਡੇ ਦਰੱਖਤਾਂ ਤੇ ਇਨ੍ਹਾਂ ਫੁੱਲਾਂ ਨਾਲ ਘਿਰਿਆ ਹੋਇਆ ਹੈ। ਇੱਥੇ ਬੈਠਣ ਲਈ ਦੋ ਸਟੈਂਡ ਹਨ ਜਿਸ ਵਿਚ ਇਕ ਵਿਚ ਉਥੇ ਪੁਰਾਣੇ ਜ਼ਮਾਨੇ ਦਾ ਡਰੈਸਿੰਗ ਰੂਮ ਤੇ ਇਕ ਛੋਟਾ ਜਿਹਾ ਪਬ ਹੈ। ਬਲੂਮੇਂਟਲ ਸਟੈਂਡ ਵਿਚ 412 ਸੀਟਾਂ ਹਨ ਜਦਕਿ ਉਸ ਦੇ ਨੇੜੇ ਬਣੇ ਛੋਟੇ ਜਿਹੇ ਪਵੇਲੀਅਨ ਦੇ ਹੇਠਾਂ 124 ਲੋਕਾਂ ਦੇ ਬੈਠਣ ਦੀ ਥਾਂ ਹੈ। ਮੈਚ ਦੇ ਸਮੇਂ ਮੈਦਾਨ ਦੇ ਆਲੇ ਦੁਆਲੇ ਅਸਥਾਈ ਸੀਟਾਂ ਲਾਈਆਂ ਜਾਂਦੀਆਂ ਹਨ ਜਿਸ ਨਾਲ ਉਥੇ ਲਗਪਗ 6000 ਲੋਕ ਮੈਚ ਦੇਖ ਸਕਦੇ ਹਨ।

ਹਵਾ ਖ਼ਿਲਾਫ਼ ਲਾਏ ਚੌਕੇ ਤੇ ਛੱਕੇ :

ਸਟੇਡੀਅਮ ਕੋਲ ਹੀ ਰਹਿਣ ਵਾਲੇ ਸਟੀਵ ਨਿਕਰ ਮੁਤਾਬਕ ਇਹ ਇਸ ਮੈਦਾਨ ਦਾ ਪਹਿਲਾ ਤੇ ਆਖ਼ਰੀ ਵਨ ਡੇ ਅੰਤਰਰਾਸ਼ਟਰੀ ਮੈਚ ਸੀ। ਉਨ੍ਹਾਂ ਨੇ ਦੱਸਿਆ ਕਿ ਬੱਦਲ ਹੋਣ ਕਾਰਨ ਗੇਂਦ ਬਹੁਤ ਸਵਿੰਗ ਹੋ ਰਹੀ ਸੀ। ਹਵਾ ਬਹੁਤ ਚੱਲ ਰਹੀ ਸੀ ਤੇ ਕਪਿਲ ਹਵਾ ਖ਼ਿਲਾਫ਼ ਆਫ ਸਾਈਡ ਵਿਚ ਚੌਕੇ ਤੇ ਛੱਕੇ ਲਾ ਰਹੇ ਸਨ। ਉਹ ਦੇਖਣ ਵਿਚ ਸ਼ਾਨਦਾਰ ਸੀ।