ਨਵੀਂ ਦਿੱਲੀ, ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਤਜਰਬੇਕਾਰ ਬੱਲੇਬਾਜ਼ ਕੇਨ ਵਿਲੀਅਮਸਨ ਨੇ ਸ਼ਨੀਵਾਰ ਨੂੰ ਸ਼੍ਰੀਲੰਕਾ ਖਿਲਾਫ ਦੂਜੇ ਟੈਸਟ ਦੇ ਦੂਜੇ ਦਿਨ ਦੋਹਰਾ ਸੈਂਕੜਾ ਲਗਾ ਕੇ ਰਿਕਾਰਡਾਂ ਦੀ ਝੜੀ ਲਗਾ ਦਿੱਤੀ ਹੈ। ਵਿਲੀਅਮਸਨ ਨੇ 296 ਗੇਂਦਾਂ ਵਿੱਚ 23 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 215 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਹੈਨਰੀ ਨਿਕੋਲਸ (200*) ਨੇ ਵੀ ਦੋਹਰਾ ਸੈਂਕੜਾ ਲਗਾਇਆ।

ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ 123 ਓਵਰਾਂ 'ਚ 4 ਵਿਕਟਾਂ 'ਤੇ 580 ਦੌੜਾਂ 'ਤੇ ਐਲਾਨ ਦਿੱਤੀ। ਕੇਨ ਵਿਲੀਅਮਸਨ ਨੇ ਆਪਣੇ ਕਰੀਅਰ ਦਾ ਛੇਵਾਂ ਦੋਹਰਾ ਸੈਂਕੜਾ ਲਗਾਇਆ। ਉਂਝ ਉਨ੍ਹਾਂ ਨੇ ਆਪਣੇ ਕਰੀਅਰ ਦਾ 28ਵਾਂ ਟੈਸਟ ਸੈਂਕੜਾ ਵੀ ਪੂਰਾ ਕੀਤਾ। ਆਓ ਤੁਹਾਨੂੰ ਦੱਸਦੇ ਹਾਂ ਕੇਨ ਵਿਲੀਅਮਸਨ ਨੇ ਕਿਹੜੇ-ਕਿਹੜੇ ਰਿਕਾਰਡ ਬਣਾਏ ਹਨ।

ਨਿਕੋਲਸ ਨਾਲ ਰਿਕਾਰਡ ਸਾਂਝੇਦਾਰੀ

ਕੇਨ ਵਿਲੀਅਮਸਨ (215) ਅਤੇ ਹੈਨਰੀ ਨਿਕੋਲਸ (200*) ਨੇ ਵੈਲਿੰਗਟਨ ਵਿੱਚ ਸ਼੍ਰੀਲੰਕਾ ਦੇ ਖਿਲਾਫ ਟੈਸਟ ਵਿੱਚ ਤੀਜੇ ਵਿਕਟ ਲਈ 363 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਲੀਅਮਸਨ-ਨਿਕੋਲਸ ਨਿਊਜ਼ੀਲੈਂਡ ਦੀ ਪਹਿਲੀ ਜੋੜੀ ਬਣ ਗਈ ਜਿਸ ਨੇ ਇੱਕ ਤੋਂ ਵੱਧ ਵਾਰ 300 ਜਾਂ ਇਸ ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਵਿਲੀਅਮਸਨ ਅਤੇ ਨਿਕੋਲਸ ਨੇ ਕ੍ਰਾਈਸਟਚਰਚ 'ਚ ਪਾਕਿਸਤਾਨ ਖਿਲਾਫ ਚੌਥੇ ਵਿਕਟ ਲਈ 369 ਦੌੜਾਂ ਦੀ ਸਾਂਝੇਦਾਰੀ ਕੀਤੀ।

8000 ਦੌੜਾਂ ਪੂਰੀਆਂ ਕੀਤੀਆਂ

ਕੇਨ ਵਿਲੀਅਮਸਨ ਨੇ ਇਸ ਪਾਰੀ ਦੌਰਾਨ ਆਪਣੇ ਟੈਸਟ ਕਰੀਅਰ ਦੀਆਂ 8000 ਦੌੜਾਂ ਪੂਰੀਆਂ ਕੀਤੀਆਂ। ਉਹ ਟੈਸਟ ਵਿੱਚ 8000 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲਾ ਨਿਊਜ਼ੀਲੈਂਡ ਦਾ ਪਹਿਲਾ ਬੱਲੇਬਾਜ਼ ਬਣਿਆ। ਵਿਲੀਅਮਸਨ ਨੇ 94 ਟੈਸਟਾਂ 'ਚ 8124 ਦੌੜਾਂ ਬਣਾਈਆਂ ਹਨ। ਇਸ ਵਿੱਚ 28 ਸੈਂਕੜੇ ਅਤੇ 33 ਅਰਧ ਸੈਂਕੜੇ ਸ਼ਾਮਲ ਹਨ। ਇਸ ਸੂਚੀ ਵਿੱਚ ਰੌਸ ਟੇਲਰ ਦੂਜੇ ਸਥਾਨ 'ਤੇ ਕਾਬਜ਼ ਹੈ। ਟੇਲਰ ਨੇ 112 ਟੈਸਟ ਮੈਚਾਂ 'ਚ 19 ਸੈਂਕੜੇ ਅਤੇ 35 ਅਰਧ ਸੈਂਕੜਿਆਂ ਦੀ ਮਦਦ ਨਾਲ 7683 ਦੌੜਾਂ ਬਣਾਈਆਂ ਹਨ।

ਲਗਾਤਾਰ ਤੀਜਾ ਸੈਂਕੜਾ

ਕੇਨ ਵਿਲੀਅਮਸਨ ਟੈਸਟ ਕ੍ਰਿਕਟ ਵਿੱਚ ਇੱਕ ਤੋਂ ਵੱਧ ਵਾਰ ਲਗਾਤਾਰ ਤਿੰਨ ਸੈਂਕੜੇ ਲਗਾਉਣ ਵਾਲੇ ਨਿਊਜ਼ੀਲੈਂਡ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਵਿਲੀਅਮਸਨ ਇਸ ਸਮੇਂ ਸ਼ਾਨਦਾਰ ਫਾਰਮ 'ਚ ਹੈ। 32 ਸਾਲਾ ਵਿਲੀਅਮਸਨ ਨੇ ਫਰਵਰੀ 'ਚ ਇੰਗਲੈਂਡ ਖਿਲਾਫ 132 ਦੌੜਾਂ ਬਣਾਈਆਂ ਸਨ। ਫਿਰ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ਵਿੱਚ ਮੈਚ ਜੇਤੂ 121* ਦੌੜਾਂ ਬਣਾਈਆਂ ਅਤੇ ਹੁਣ ਸ਼੍ਰੀਲੰਕਾ ਦੇ ਖਿਲਾਫ ਦੂਜੇ ਟੈਸਟ ਵਿੱਚ ਦੋਹਰਾ ਸੈਂਕੜਾ ਲਗਾਇਆ।

ਇਸ ਤੋਂ ਪਹਿਲਾਂ 2021 'ਚ ਵੀ ਉਨ੍ਹਾਂ ਨੇ ਟੈਸਟ 'ਚ ਲਗਾਤਾਰ ਤਿੰਨ ਸੈਂਕੜੇ ਲਗਾਏ ਸਨ। ਫਿਰ ਉਸ ਨੇ ਵੈਸਟਇੰਡੀਜ਼ ਖਿਲਾਫ 251 ਦੌੜਾਂ ਬਣਾਈਆਂ ਅਤੇ ਫਿਰ ਪਾਕਿਸਤਾਨ ਖਿਲਾਫ 129 ਅਤੇ 238 ਦੌੜਾਂ ਬਣਾਈਆਂ।

17000 ਅੰਤਰਰਾਸ਼ਟਰੀ ਦੌੜਾਂ

ਕੇਨ ਵਿਲੀਅਮਸਨ ਨੇ ਇਸ ਪਾਰੀ ਦੌਰਾਨ ਆਪਣੇ ਅੰਤਰਰਾਸ਼ਟਰੀ ਕਰੀਅਰ ਦੀਆਂ 17000 ਦੌੜਾਂ ਵੀ ਪੂਰੀਆਂ ਕੀਤੀਆਂ। ਕੇਨ ਵਿਲੀਅਮਸਨ ਨਿਊਜ਼ੀਲੈਂਡ ਦੇ ਦੂਜੇ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਨਿਊਜ਼ੀਲੈਂਡ ਲਈ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਰਿਕਾਰਡ ਰੌਸ ਟੇਲਰ ਦੇ ਨਾਂ 18,199 ਦੌੜਾਂ ਹੈ। ਵਿਲੀਅਮਸਨ ਨੇ 17142 ਦੌੜਾਂ ਬਣਾਈਆਂ ਹਨ।

Posted By: Tejinder Thind