ਲੰਡਨ (ਏਐੱਫਪੀ) : ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਜੋ ਰੂਟ ਨੇ ਕਿਹਾ ਹੈ ਕਿ ਕੋਚ ਟ੍ਰੇਵਰ ਬੇਲਿਸ ਨੂੰ ਜੇਤੂ ਵਿਦਾਈ ਦੇਣ ਨਾਲ ਉਨ੍ਹਾਂ ਦੀ ਟੀਮ ਕਾਫੀ ਖ਼ੁਸ਼ ਹੈ। ਆਪਣੇ ਮਾਰਗਦਰਸ਼ਨ ਵਿਚ ਇੰਗਲੈਂਡ ਨੂੰ ਪਹਿਲੀ ਵਾਰ ਵਿਸ਼ਵ ਕੱਪ ਜਿਤਾਉਣ ਵਾਲੇ ਕੋਚ ਬੇਲਿਸ ਦਾ ਟੀਮ ਨਾਲ ਇਹ ਆਖ਼ਰੀ ਮੈਚ ਸੀ ਜਿਸ ਵਿਚ ਟੀਮ ਨੇ ਉਨ੍ਹਾਂ ਨੂੰ ਜੇਤੂ ਵਿਦਾਈ ਦਿੱਤੀ। ਰੂਟ ਨੇ ਮੈਚ ਤੋਂ ਬਾਅਦ ਕਿਹਾ ਕਿ ਕੋਚ ਟ੍ਰੇਵਰ ਨੇ ਟੈਸਟ ਟੀਮ 'ਚ ਕਾਫੀ ਜਾਨ ਪਾ ਦਿੱਤੀ ਸੀ। ਡਰੈਸਿੰਗ ਰੂਮ ਵਿਚ ਉਨ੍ਹਾਂ ਦਾ ਬਹੁਤ ਮਹੱਤਵ ਹੈ। ਅਸੀਂ ਉਨ੍ਹਾਂ ਨੂੰ ਸ਼ਾਨਦਾਰ ਤਰੀਕੇ ਨਾਲ ਜੇਤੂ ਵਿਦਾਈ ਦੇਣ ਨਾਲ ਖ਼ੁਸ਼ ਹਾਂ। ਕੁਝ ਸਮੇਂ ਤੋਂ ਬਾਅਦ ਬਾਅਦ ਤੁਹਾਨੂੰ ਖਿਡਾਰੀਆਂ ਤੇ ਕੋਚਾਂ ਵਿਚਾਲੇ ਮਜ਼ਬੂਤ ਰਿਸ਼ਤੇ ਦੇਖਣ ਨੂੰ ਮਿਲਦੇ ਹਨ। ਮੈਂ ਪਿਛਲੇ ਲਗਭਗ ਢਾਈ ਸਾਲ ਤੋਂ ਐਸ਼ੇਜ਼ ਦੀਆਂ ਤਿਆਰੀਆਂ ਨੂੰ ਲੈ ਕੇ ਉਤਸ਼ਾਹਿਤ ਸੀ। ਉਮੀਦ ਹੈ ਕਿ ਅਸੀਂ ਇਸ ਨੂੰ ਮੁੜ ਜਿੱਤਣ ਵਿਚ ਕਾਮਯਾਬ ਹੋਵਾਂਗੇ। ਕੋਚ ਦੇ ਮਾਰਗਦਰਸ਼ਨ ਵਿਚ ਵਿਸ਼ਵ ਕੱਪ ਜਿੱਤਣਾ ਸ਼ਾਨਦਾਰ ਸੀ।

ਅਸੀਂ ਪੂਰੀ ਸੀਰੀਜ਼ 'ਚ ਕੀਤਾ ਸੰਘਰਸ਼ :

ਕਪਤਾਨ ਨੇ ਕਿਹਾ ਕਿ ਟਾਸ ਹਾਰਨ ਤੋਂ ਬਾਅਦ ਅਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੌਥੇ ਦਿਨ ਵਿਕਟ ਕਾਫੀ ਚੰਗੀ ਸੀ। ਆਰਚਰ ਤੇ ਸੈਮ ਕੁਰਨ ਨੇ ਚੀਜ਼ਾਂ ਸੌਖੀਆਂ ਕਰ ਦਿੱਤੀਆਂ। ਅਸੀਂ ਪੂਰੀ ਸੀਰੀਜ਼ ਵਿਚ ਸੰਘਰਸ਼ ਕੀਤਾ। ਇਸ ਦਾ ਪੂਰਾ ਮਾਣ ਟਿਮ ਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ।