ਵੀਂ ਦਿੱਲੀ (ਪੀਟੀਆਈ) : ਟੀਮ ਇੰਡੀਆ ਦੇ ਸਭ ਤੋਂ ਬਿਹਤਰੀਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਟ੍ਰੈੱਸ ਫਰੈਕਚਰ (ਲੱਕ ਦੇ ਹੇਠਲੇ ਹਿੱਸੇ 'ਚ ਲੱਗੀ ਸੱਟ) ਕਾਰਨ ਲਗਭਗ ਦੋ ਮਹੀਨੇ ਲਈ ਕ੍ਰਿਕਟ ਤੋਂ ਦੂਰ ਹੋ ਗਏ ਹਨ। ਬੁਮਰਾਹ ਆਪਣੀ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਸੀਰੀਜ਼ ਤੇ ਉਸ ਤੋਂ ਬਾਅਦ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਕ੍ਰਿਕਟ ਸੀਰੀਜ਼ ਵਿਚ ਹਿੱਸਾ ਨਹੀਂ ਲੈ ਸਕਣਗੇ। ਬੁਮਰਾਹ ਦੀ ਸੱਟ ਬਾਰੇ ਸਹੀ ਸਮੇਂ 'ਤੇ ਪਤਾ ਲੱਗ ਗਿਆ ਤੇ ਹੁਣ ਉਹ ਇਸ ਦੇ ਠੀਕ ਹੋਣ ਦੀ ਕੋਸ਼ਿਸ਼ ਵਿਚ ਲੱਗੇ ਹਨ। ਉਥੇ ਦੂਜੇ ਪਾਸੇ ਬੁਮਰਾਹ ਦੀ ਸੱਟ 'ਤੇ ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨੇ ਹਰਾ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉਹ ਠੀਕ ਹੋਣ ਤੋਂ ਬਾਅਦ ਵਾਪਸੀ ਕਰਨ 'ਤੇ ਓਨੇ ਹੀ ਖ਼ਤਰਨਾਕ ਗੇਂਦਬਾਜ਼ ਬਣੇ ਰਹਿਣਗੇ। ਆਸ਼ੀਸ਼ ਨੇਹਰਾ ਨੇ ਬੁਮਰਾਹ ਦੀ ਸੱਟ 'ਤੇ ਕਿਹਾ ਕਿ ਉਨ੍ਹਾਂ ਦੀ ਸੱਟ ਦਾ ਉਨ੍ਹਾਂ ਦੇ ਗੇਂਦਬਾਜ਼ੀ ਐਕਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਗੇਂਦਬਾਜ਼ੀ ਐਕਸ਼ਨ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਕੋਈ ਲੋੜ ਨਹੀਂ ਹੈ। ਜੇ ਉਹ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਇਸ ਨਾਲ ਉਨ੍ਹਾਂ ਦੀ ਗੇਂਦਬਾਜ਼ੀ ਪ੍ਰਭਾਵਿਤ ਹੋਵੇਗੀ। ਨੇਹਰਾ ਨੇ ਕਿਹਾ ਕਿ ਮੈਂ ਇਸ ਗੱਲ ਦਾ ਪੂਰੀ ਤਰ੍ਹਾਂ ਭਰੋਸਾ ਦਿੰਦਾ ਹਾਂ ਕਿ ਜਦ ਉਹ ਵਾਪਸੀ ਕਰਨਗੇ ਤਾਂ ਉਸ ਤੋਂ ਬਾਅਦ ਵੀ ਉਹ ਪਹਿਲਾਂ ਵਾਂਗ ਹੀ ਤੇਜ਼ ਰਫ਼ਤਾਰ ਤੇ ਸਟੀਕ ਐਕਸ਼ਨ ਨਾਲ ਹੀ ਗੇਂਦਬਾਜ਼ੀ ਕਰਨਗੇ।

ਮਲਿੰਗਾ ਤੋਂ ਦਸ ਗੁਣਾ ਬਿਹਤਰ :

ਆਸ਼ੀਸ਼ ਨੇਹਰਾ ਨੇ ਬੁਮਰਾਹ ਦੇ ਐਕਸ਼ਨ 'ਤੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਗੇਂਦਬਾਜ਼ੀ ਕਰਨ ਦਾ ਤਰੀਕਾ ਓਨਾ ਵੀ ਵੱਖ ਨਹੀਂ ਹੈ ਜਿੰਨਾ ਕਿ ਸਮਿਝਆ ਜਾਂਦਾ ਹੈ। ਜਦ ਉਹ ਗੇਂਦ ਸੁੱਟਦੇ ਹਨ ਤਾਂ ਉਸ ਸਮੇਂ ਉਨ੍ਹਾਂ ਦਾ ਸਰੀਰ ਬਿਲਕੁਲ ਸਹੀ ਸਥਿਤੀ ਵਿਚ ਹੁੰਦਾ ਹੈ। ਗੇਂਦਬਾਜ਼ੀ ਦੇ ਸਮੇਂ ਉਨ੍ਹਾਂ ਦਾ ਖੱਬਾ ਹੱਥ ਓਨਾ ਓਪਰ ਵੱਲ ਨਹੀਂ ਜਾਂਦਾ ਤੇ ਇਹੀ ਗੱਲ ਉਨ੍ਹਾਂ ਨੂੰ ਦੂਜੇ ਗੇਂਦਬਾਜ਼ਾਂ ਤੋਂ ਵੱਖ ਬਣਾਉਂਦੀ ਹੈ। ਨੇਹਰਾ ਨੇ ਕਿਹਾ ਕਿ ਬੁਮਰਾਹ ਦਾ ਗੇਂਦਬਾਜ਼ੀ ਐਕਸ਼ਨ ਲਸਿਥ ਮਲਿੰਗਾ ਤੋਂ ਦਸ ਗੁਣਾ ਜ਼ਿਆਦਾ ਬਿਹਤਰ ਹੈ।

ਕਿਸੇ ਆਪ੍ਰੇਸ਼ਨ ਦੀ ਲੋੜ ਨਹੀਂ :

ਨੇਹਰਾ ਨੇ ਕਿਹਾ ਕਿ ਬੁਮਰਾਹ ਨੂੰ ਜਿਸ ਤਰ੍ਹਾਂ ਦੀ ਸੱਟ ਲੱਗੀ ਹੈ ਉਹ ਕਦ ਤਕ ਠੀਕ ਹੋਵੇਗੀ ਇਹ ਕਹਿਣਾ ਮੁਸ਼ਕਲ ਹੈ। ਉਹ ਦੋ ਮਹੀਨੇ ਵਿਚ ਵੀ ਠੀਕ ਹੋ ਸਕਦੇ ਹਨ ਤੇ ਅਜਿਹਾ ਵੀ ਹੋ ਸਕਦਾ ਹੈ ਕਿ ਉਹ ਛੇ ਮਹੀਨੇ ਤਕ ਮੈਦਾਨ ਤੋਂ ਦੂਰ ਰਹਿਣ। ਇਹ ਸਿਰਫ਼ ਖਿਡਾਰੀ ਹੀ ਦੱਸ ਸਕਦਾ ਹੈ ਕਿ ਉਹ ਮੈਚ ਲਈ ਪੂਰੀ ਤਰ੍ਹਾਂ ਫਿੱਟ ਹੈ ਜਾਂ ਨਹੀਂ। ਨੇਹਰਾ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਸੱਟ ਨਾਲ ਨਜਿੱਠਣ ਲਈ ਕੋਈ ਆਪ੍ਰੇਸ਼ਨ ਨਹੀਂ ਕੀਤਾ ਜਾਂਦਾ ਬਲਕਿ ਇਸ ਵਿਚ ਰਿਹੈਬਿਲੀਟੇਸ਼ਨ ਦੀ ਲੋੜ ਹੁੰਦੀ ਹੈ।