ਨਵੀਂ ਦਿੱਲੀ (ਪੀਟੀਆਈ) : ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਲੱਕ ਦੇ ਹੇਠਲੇ ਹਿੱਸੇ ਦੀ ਸੱਟ ਦੇ ਠੀਕ ਹੋਣ ਤੋਂ ਬਾਅਦ ਮਜ਼ਬੂਤ ਹੋ ਕੇ ਵਾਪਸੀ ਕਰਨਗੇ ਜਿਸ ਕਾਰਨ ਇਸ 25 ਸਾਲਾ ਖਿਡਾਰੀ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਦੀ ਅਗਲੀ ਸੀਰੀਜ਼ ਤੋਂ ਬਾਹਰ ਹੋਣਾ ਪਿਆ। ਬੁਮਰਾਹ ਨੇ ਟਵੀਟ ਕੀਤਾ ਕਿ ਸੱਟਾਂ ਖੇਡ ਦਾ ਹਿੱਸਾ ਹਨ। ਮੈਂ ਇਸ ਝਟਕੇ ਨਾਲ ਸੱਟ ਤੋਂ ਬਾਅਦ ਮਜ਼ਬੂਤ ਵਾਪਸੀ ਦਾ ਟੀਚਾ ਰੱਖਿਆ ਹੈ। ਤਿੰਨ ਟੈਸਟ ਮੈਚਾਂ ਲਈ ਭਾਰਤੀ ਟੀਮ ਵਿਚ ਬੁਮਰਾਹ ਦੀ ਥਾਂ ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ। ਬੁਮਰਾਹ ਦੇ ਅਗਲੇ ਮਹੀਨੇ ਬੰਗਲਾਦੇਸ਼ ਖ਼ਿਲਾਫ਼ ਟੀ-20 ਤੇ ਟੈਸਟ ਵਿਚ ਵੀ ਨਾ ਖੇਡਣ ਦੀ ਸੰਭਾਵਨਾ ਹੈ। ਬੁਮਰਾਹ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਪਿਛਲੇ ਦਿਨੀਂ ਸਮਾਪਤ ਹੋਈ ਟੀ-20 ਸੀਰੀਜ਼ ਵਿਚ ਵੀ ਆਰਾਮ ਦਿੱਤਾ ਗਿਆ ਸੀ, ਜੋ 1-1 ਨਾਲ ਡਰਾਅ ਰਹੀ ਸੀ।