ਏਂਟੀਗਾ (ਏਐੱਫਪੀ) : ਭਾਰਤ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਕਿਹਾ ਹੈ ਕਿ ਟੀਮ ਦੇ ਬੱਲੇਬਾਜ਼ਾਂ ਨੂੰ ਸ਼ੀਸ਼ਾ ਦੇਖਣ ਦੀ ਲੋੜ ਹੈ। ਕਪਤਾਨ ਟੀਮ ਦੇ ਬੱਲੇਬਾਜ਼ਾਂ ਤੋਂ ਕਾਫੀ ਨਿਰਾਸ਼ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਬੱਲੇਬਾਜ਼ਾ ਨੂੰ ਅਜਿਹੇ ਪ੍ਰਦਰਸ਼ਨ ਤੋਂ ਬਾਅਦ ਗੰਭੀਰਤਾ ਨਾਲ ਸ਼ੀਸ਼ਾ ਦੇਖਣ ਦੀ ਲੋੜ ਹੈ। ਵਿੰਡੀਜ਼ ਦੇ ਬੱਲੇਬਾਜ਼ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਸਾਹਮਣੇ ਪੂਰੀ ਤਰ੍ਹਾਂ ਗੋਡੇ ਟੇਕ ਗਏ ਸਨ। ਬੁਮਰਾਹ ਨੇ ਸੱਤ ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਹੋਲਡਰ ਨੇ ਬੁਮਰਾਹ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਨੇ ਇਕ ਵਾਰ ਮੁੜ ਸਾਬਤ ਕੀਤਾ ਕਿ ਉਹ ਖ਼ਤਰਨਾਕ ਹਨ। ਉਨ੍ਹਾਂ ਨੇ ਕੁਝ ਸ਼ਾਨਦਾਰ ਗੇਂਦਾਂ ਸੁੱਟੀਆਂ। ਕੁਝ ਬਿਹਤਰੀਨ ਗੇਂਦਾਂ 'ਤੇ ਉਨ੍ਹਾਂ ਨੇ ਸਾਡੇ ਬੱਲੇਬਾਜ਼ਾਂ ਨੂੰ ਆਊਟ ਕੀਤਾ। ਉਹ ਬੇਸ਼ੱਕ ਦਮਦਾਰ ਗੇਂਦਬਾਜ਼ ਹਨ ਪਰ ਯਕੀਨੀ ਤੌਰ 'ਤੇ ਸਾਨੂੰ ਉਨ੍ਹਾਂ ਦਾ ਹੱਲ ਲੱਭਣ ਦੀ ਲੋੜ ਹੈ। ਹੋਲਡਰ ਨੇ ਕਿਹਾ ਕਿ ਸਾਡੇ ਬੱਲੇਬਾਜ਼ ਇਸ ਮੈਚ ਵਿਚ ਚੰਗਾ ਨਹੀਂ ਕਰ ਸਕੇ। ਮੈਨੂੰ ਲਗਦਾ ਹੈ ਕਿ ਵਿਕਟ ਬੱਲੇਬਾਜ਼ਾਂ ਲਈ ਕਾਫੀ ਚੰਗੀ ਸੀ। ਨਵੀਂ ਗੇਂਦ ਨਾਲ ਸ਼ੁਰੂਆਤ ਵਿਚ ਥੋੜ੍ਹੀ ਮੁਸ਼ਕਲ ਹੋ ਰਹੀ ਸੀ। ਇਕ ਬੱਲੇਬਾਜ਼ ਵਜੋਂ ਉਸ ਸਮੇਂ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਸੀ ਪਰ ਬਾਅਦ ਵਿਚ ਇਸ 'ਤੇ ਬੱਲੇਬਾਜ਼ੀ ਕਰਨਾ ਸੌਖਾ ਹੋ ਗਿਆ। ਇਹ ਸਾਡੇ ਵੱਲੋਂ ਥੋੜ੍ਹੀ ਹੋਰ ਮਿਹਨਤ ਕਰਨ ਗੱਲ ਹੈ।