ਆਬੂ ਧਾਬੀ (ਏਐੱਫਪੀ) : ਆਇਰਲੈਂਡ ਨੇ ਅਗਲੇ ਸਾਲ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਆਇਰਿਸ਼ ਟੀਮ ਨੇ ਇੱਥੇ ਜਾਰੀ ਵਿਸ਼ਵ ਕੱਪ ਕੁਆਲੀਫਾਇਰ ਵਿਚ ਆਪਣੇ ਗਰੁੱਪ ਵਿਚ ਚੋਟੀ 'ਤੇ ਰਹਿਣ ਨਾਲ ਆਸਟ੍ਰੇਲੀਆ ਵਿਚ ਅਗਲੇ ਸਾਲ ਹੋਣ ਵਾਲੇ ਇਸ ਆਈਸੀਸੀ ਟੂਰਨਾਮੈਂਟ ਲਈ ਟਿਕਟ ਹਾਸਲ ਕਰ ਲਿਆ। ਆਇਰਲੈਂਡ ਟੀਮ ਨੇ ਗਰੁੱਪ ਬੀ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਵਿਚਾਲੇ ਪਪੂਆ ਨਿਊ ਗਿਨੀ (ਪੀਐੱਨਜੀ) ਨੇ ਵੀ ਪਹਿਲੀ ਵਾਰ ਆਈਸੀਸੀ ਵਿਸ਼ਵ ਕੱਪ ਲਈ ਕੁਆਲੀਫਾਈ ਕਰਲਿਆ। ਇਸ ਟੀਮ ਨੇ ਗਰੁੱਪ-ਏ ਵਿਚ ਚੋਟੀ 'ਤੇ ਰਹਿੰਦੇ ਹੋਏ ਵਿਸ਼ਵ ਕੱਪ ਦੀ ਟਿਕਟ ਹਾਸਲ ਕੀਤੀ। ਪੀਐੱਨਜੀ ਨੇ ਪਹਿਲਾਂ ਕੀਨੀਆ ਨੂੰ 45 ਦੌੜਾਂ ਨਾਲ ਹਰਾਇਆ ਤੇ ਫਿਰ ਨੀਦਰਲੈਂਡ ਵੱਲੋਂ ਸਕਾਟਲੈਂਡ ਨੂੰ 12.3 ਓਵਰਾਂ ਵਿਚ ਨਾ ਹਰਾ ਸਕਣ ਕਾਰਨ ਉਸ ਨੂੰ ਵਿਸ਼ਵ ਕੱਪ ਦੀ ਟਿਕਟ ਹਾਸਲ ਹੋਈ। ਅਗਲੇ ਸਾਲ ਹੋਣ ਵਾਲਾ ਵਿਸ਼ਵ ਕੱਪ ਇਸ ਵਿਸ਼ਵ ਪੱਧਰੀ ਟੂਰਨਾਮੈਂਟ ਦਾ ਸੱਤਵਾਂ ਐਡੀਸ਼ਨ ਹੋਵੇਗਾ। ਇਹ ਟੂਰਨਾਮੈਂਟ 18 ਅਕਤੂਬਰ ਤੋਂ 15 ਨਵੰਬਰ ਤਕ ਕਰਵਾਇਆ ਜਾਵੇਗਾ।