ਨਵੀਂ ਦਿੱਲੀ (ਜੇਐੱਨਐੱਨ) : ਬੀਸੀਸੀਆਈ ਨੇ ਮਹਿਲਾ ਕ੍ਰਿਕਟ ਟੀਮ ਦੇ ਪ੍ਰਦਰਸ਼ਨ ਵਿਸ਼ਲੇਸ਼ਕ ਦੇ ਅਹੁਦੇ ਲਈ ਬਿਨੈ ਮੰਗੇ ਹਨ। ਟੀਮ ਮੈਨੇਜਮੈਂਟ ਨੇ ਪ੍ਰਦਰਸ਼ਨ ਵਿਸ਼ਲੇਸ਼ਕ ਦੀ ਲੋੜ ਬਾਰੇ ਦੱਸਿਆ ਸੀ। ਅਹੁਦੇ ਲਈ ਬਿਨੈ ਕਰਨ ਦੀ ਆਖ਼ਰੀ ਤਰੀਕ 20 ਸਤੰਬਰ ਹੈ। ਇਸ ਅਹੁਦੇ ਲਈ ਬਿਨੈ ਕਰਨ ਵਾਲੇ ਦੀ ਉਮਰ ਹੱਦ 60 ਸਾਲ ਹੈ। ਬੀਸੀਸੀਆਈ ਨੇ ਕਿਹਾ ਕਿ ਬੋਰਡ ਵਿਚ ਵਿਸ਼ਲੇਸ਼ਕ ਦਾ ਕੰਮ ਛੋਟੇ ਤੋਂ ਛੋਟਾ ਡਾਟਾ ਇਕੱਤਰ ਕਰਨਾ ਹੋਵੇਗਾ। ਉਸ ਨੂੰ ਇਸ ਕੰਮ ਨੂੰ ਸੀਨੀਅਰ ਟੀਮ ਵੱਲੋਂ ਇਸਤੇਮਾਲ ਕੀਤੀ ਜਾਣ ਵਾਲੀ ਪ੍ਰਣਾਲੀ ਦੇ ਤਹਿਤ ਕਰਨਾ ਪਵੇਗਾ। ਇਸ ਨਾਲ ਵਿਸ਼ਲੇਸ਼ਕ ਕੋਚਿੰਗ ਤੇ ਤਕਨੀਕੀ ਮੈਂਬਰਾਂ ਨੂੰ ਖੇਡ ਦੀ ਰਣਨੀਤਕ ਤਿਆਰੀਆਂ ਵਿਚ ਮਦਦ ਕਰੇਗਾ। ਉਸ ਨੂੰ ਵਿਰੋਧੀ ਟੀਮ ਦੇ ਮਜ਼ਬੂਤ ਤੇ ਕਮਜ਼ੋਰ ਪੱਖਾਂ 'ਤੇ ਧਿਆਨ ਰੱਖਣਾ ਪਵੇਗਾ। ਬਿਨੈ ਕਰਨ ਦੇ ਚਾਹਵਾਨ ਕੋਲ ਸੂਬਾਈ ਪੱਧਰ ਦੀ ਸੀਨੀਅਰ ਟੀਮ ਜਾਂ ਉਸ ਤੋਂ ਉੱਚੇ ਪੱਧਰ ਦੀ ਟੀਮ ਨਾਲ ਕੰਮ ਕਰਨ ਦਾ ਤਿੰਨ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।

ਟੀ-20 ਸੀਰੀਜ਼ ਦੌਰਾਨ ਜੁੜ ਸਕਦੇ ਨੇ ਟੀਮ ਨਾਲ

ਪ੍ਰਦਰਸ਼ਨ ਵਿਸ਼ਲੇਸ਼ਕ 24 ਸਤੰਬਰ ਤੋਂ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਤੋਂ ਟੀਮ ਨਾਲ ਜੁੜਸ ਸਕਦਾ ਹੈ। ਭਾਰਤੀ ਮਹਿਲਾ ਟੀਮ ਨਾਲ ਕੰਮ ਕਰਨ ਵਾਲੀ ਪਹਿਲੀ ਵਿਸ਼ਲੇਸ਼ਕ ਆਰਤੀ ਨਾਗਲੇ ਸੀ ਜੋ 2014 ਤੋਂ 2018 ਤਕ ਇਸ ਅਹੁਦੇ 'ਤੇ ਰਹੀ।