ਅਭਿਸ਼ੇਕ ਤਿ੍ਪਾਠੀ, ਬਰਮਿੰਘਮ : ਭਾਰਤੀ ਟੀਮ ਜਦ ਇੰਗਲੈਂਡ ਪੁੱਜੀ ਸੀ ਅਤੇ ਉਸ ਵਿਚ ਵਿਜੈ ਸ਼ੰਕਰ ਚੌਥੇ ਨੰਬਰ ਦੇ ਖਿਡਾਰੀ ਬਣ ਕੇ ਆਏ ਸਨ ਉਦੋਂ ਟੀਮ ਦੇ ਅੰਦਰ ਕਾਨਾਫੂਸੀ ਸ਼ੁਰੂ ਹੋ ਗਈ ਸੀ ਕਿ ਅੰਬਾਤੀ ਰਾਇਡੂ ਦਾ ਕੀ ਕਸੂਰ ਸੀ ਪਰ ਕਿਸੇ ਵੀ ਮੈਂਬਰ ਨੇ ਇਸ ਦਾ ਵਿਰੋਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਸਭ ਨੂੰ ਪਤਾ ਹੈ ਕਿ ਜੋ ਵਿਰੋਧ ਕਰੇਗਾ ਉਸ ਨੂੰ ਕਦੇ ਨਾ ਕਦੇ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇਗਾ। ਜੇ ਭਾਰਤੀ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਤੋਂ ਇੰਨੀ ਬੁਰੀ ਤਰ੍ਹਾਂ ਹਾਰ ਕੇ ਬਾਹਰ ਹੋਈ ਤਾਂ ਉਸ ਦਾ ਸਭ ਤੋਂ ਵੱਡਾ ਕਾਰਨ ਕੋਚ ਰਵੀ ਸਾਸ਼ਤਰੀ ਅਤੇ ਕਪਤਾਨ ਵਿਰਾਟ ਕੋਹਲੀ ਦੀ ਇਕਪਾਸੜ ਸੋਚ ਹੈ ਜੋ ਉਹ ਟੀਮ 'ਤੇ ਥੋਪਦੇ ਹਨ। ਡਰ ਕਾਰਨ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਕਰਦਾ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਇਸ ਸਮੇਂ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ੰਸਕਾਂ ਦੀ ਕਮੇਟੀ (ਸੀਓਏ) ਦੇ ਪ੍ਰਮੁੱਖ ਵਿਨੋਦ ਰਾਏ ਕੋਹਲੀ ਨੂੰ ਬਹੁਤ ਪਸੰਦ ਕਰਦੇ ਹਨ। ਬੀਸੀਸੀਆਈ ਦੇ ਤਿੰਨੋਂ ਅਹੁਦੇਦਾਰਾਂ ਕੋਲ ਇੰਨੀ ਸ਼ਕਤੀ ਨਹੀਂ ਹੈ ਕਿ ਉਹ ਟੀਮ ਦੇ ਮਸਲੇ 'ਤੇ ਕੁਝ ਬੋਲਣ ਅਤੇ ਭਾਰਤੀ ਚੋਣਕਾਰਾਂ ਦੀ ਤਾਂ ਗੱਲ ਹੀ ਵੱਖਰੀ ਹੈ। ਉਨ੍ਹਾਂ ਦੇ ਪ੍ਰਧਾਨ ਐੱਮਐੱਸਕੇ ਪ੍ਰਸ਼ਾਦ ਕਿਸੇ ਵੀ ਕੀਮਤ 'ਤੇ ਸਾਸ਼ਤਰੀ ਅਤੇ ਵਿਰਾਟ ਦਾ ਵਿਰੋਧ ਨਹੀਂ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਚਾਹੇ ਚੈਂਪੀਅਨ ਟ੍ਰਾਫੀ ਦੀ ਹਾਰ ਤੋਂ ਬਾਅਦ ਅਨਿਲ ਕੁੰਬਲੇ ਦਾ ਵਿਰਾਟ ਨਾਲ ਮਤਭੇਦਾਂ ਦੇ ਕਾਰਨ ਮੁੱਖ ਕੋਚ ਦਾ ਅਹੁਦਾ ਛੱਡਣਾ ਹੋਵੇ, ਦੱਖਣੀ ਅਫ਼ਰੀਕਾ ਵਿਚ ਟੈਸਟ ਲੜੀ ਵਿਚ 1-2 ਦੀ ਹਾਰ ਹੋਵੇ ਜਾਂ ਇੰਗਲੈਂਡ ਵਿਚ ਪੰਜ ਟੈਸਟ ਮੈਚਾਂ ਦੀ ਲੜੀ ਵਿਚ 1-4 ਦੀ ਹਾਰ, ਵਿਨੋਦ ਰਾਏ ਤੋਂ ਜਦ ਵੀ ਮੀਡੀਆ ਨੇ ਪੁੱਛਿਆ ਤਾਂ ਉਨ੍ਹਾਂ ਨੇ ਜਨਤਕ ਤੌਰ 'ਤੇ ਕਦਮ ਚੁੱਕਣ ਦੀ ਗੱਲ ਕੀਤੀ ਪਰ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇ ਉਸ ਸਮੇਂ ਕਾਰਵਾਈ ਕੀਤੀ ਜਾਂਦੀ ਤਾਂ ਟੀਮ ਵਿਚ ਹਿਟਲਰਸ਼ਾਹੀ 'ਤੇ ਲਗਾਮ ਲੱਗ ਜਾਂਦੀ ਅਤੇ ਸ਼ਾਇਦ ਟੀਮ ਇੰਡੀਆ ਸੈਮੀਫਾਈਨਲ ਵਿਚੋਂ ਬਾਹਰ ਨਹੀਂ ਹੁੰਦੀ।

ਸਿਰਫ਼ ਪਸੰਦ ਦੇ ਖਿਡਾਰੀ ਖੇਡਦੇ ਹਨ ਟੀਮ 'ਚ

ਭਾਰਤ ਵਿਚ ਉਹੀ ਖਿਡਾਰੀ ਖੇਡਦੇ ਹਨ ਜਿਨ੍ਹਾਂ ਨੂੰ ਪ੍ਰਦਰਸ਼ਨ ਦੇ ਆਧਾਰ 'ਤੇ ਬਾਹਰ ਨਹੀਂ ਕੀਤਾ ਜਾ ਸਕਦਾ, ਜਿਸ ਤਰ੍ਹਾਂ ਕਿ ਰੋਹਿਤ ਸ਼ਰਮਾ ਅਤੇ ਜਸਪ੍ਰਰੀਤ ਬੁਮਰਾਹ ਜਾਂ ਫਿਰ ਜੋ ਵਿਰਾਟ ਕੰਪਨੀ ਕੰਪਨੀ ਦੇ ਮੈਂਬਰ ਹਨ। ਇਸ ਸਮੇਂ ਟੀਮ ਵਿਚ ਦੋ ਧੜੇ ਹਨ। ਇਕ ਧੜਾ ਉਪ ਕਪਤਾਨ ਰੋਹਿਤ ਦੇ ਨਾਲ ਹੈ ਤਾਂ ਦੂਜਾ ਵਿਰਾਟ ਦੇ ਨਾਲ, ਹਾਲਾਂਕਿ ਚੰਗੀ ਗੱਲ ਇਹ ਹੈ ਕਿ ਇਹ ਬਟਵਾਰਾ ਅਜੇ ਵਿਰੋਧ ਦੇ ਪੱਧਰ 'ਤੇ ਨਹੀਂ ਪੁੱਜਿਆ ਹੈ। ਵਿਸ਼ਵ ਕੱਪ ਦੌਰਾਨ ਹੀ ਭਾਰਤੀ ਟੀਮ ਦੇ ਇਕ ਖਿਡਾਰੀ ਨੇ ਮੈਨੂੰ ਦੱਸਿਆ ਸੀ ਕਿ ਕੇਐੱਲ ਰਾਹੁਲ ਜਿੰਨਾ ਮਰਜ਼ੀ ਖ਼ਰਾਬ ਪ੍ਰਦਰਸ਼ਨ ਕਰ ਲਵੇ, ਉਨ੍ਹਾਂ ਨੂੰ ਉਦੋਂ ਤਕ ਮੌਕਾ ਦਿੱਤਾ ਜਾਵੇਗਾ ਜਦ ਤਕ ਉਹ ਵਾਪਸੀ ਨਾ ਕਰ ਲੈਣ। ਜੇ ਓਪਨਿੰਗ ਵਿਚ ਮੌਕਾ ਹੋਵੇਗਾ ਤਾਂ ਉਨ੍ਹਾਂ ਨੂੰ ਉਥੇ ਇਸਤੇਮਾਲ ਕੀਤਾ ਜਾਵੇਗਾ, ਜੇ ਚੌਥੇ ਨੰਬਰ 'ਤੇ ਮੌਕਾ ਹੋਵੇਗਾ ਤਾਂ ਉਥੇ ਜਗ੍ਹਾ ਦਿੱਤੀ ਜਾਵੇਗੀ।

ਜੇ ਕਿਤੇ ਮੌਕਾ ਨਹੀਂ ਹੋਵੇਗਾ ਤਾਂ ਉਹ ਅੰਤਿਮ 15 ਵਿਚ ਤਾਂ ਰਹਿਣਗੇ ਅਤੇ ਜਿਸ ਤਰ੍ਹਾਂ ਹੀ ਕਿਸੇ ਦਾ ਪ੍ਰਦਰਸ਼ਨ ਖ਼ਰਾਬ ਹੋਵੇਗਾ ਜਾਂ ਜ਼ਖ਼ਮੀ ਹੋਵੇਗਾ, ਉਨ੍ਹ੍ਰਾਂ ਨੂੰ ਟੀਮ ਵਿਚ ਦੁਬਾਰਾ ਸ਼ਾਮਿਲ ਕਰ ਲਿਆ ਜਾਵੇਗਾ।

ਇਹੀ ਹੀ ਨਹੀਂ, ਕੁਲਦੀਪ ਯਾਦਵ ਅਤੇ ਯੁਜਵਿੰਦਰਾ ਸਿੰਘ ਚਹਿਲ ਵਿਚੋਂ ਚਾਹੇ ਕੋਈ ਵੀ ਖ਼ਰਾਬ ਪ੍ਰਦਰਸ਼ਨ ਕਰੇ, ਅੰਤਿਮ ਟੀਮ ਵਿਚ ਤਾਂ ਕੁਲਦੀਪ ਹੀ ਹੋਣਗੇ, ਕਿਉਂਕਿ ਚਹਿਲ ਰਾਇਲ ਚੈਲੇਂਜਰਸ ਬੈਂਗਲੁਰੂ ਵਿਚ ਵਿਰਾਟ ਦੀ ਕਪਤਾਨੀ ਵਿਚ ਖੇਡਦੇ ਹਨ। 2015 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਚੌਥੇ ਨੰਬਰ ਦੇ ਬੱਲੇਬਾਜ਼ ਦੀ ਖੋਜ ਕਰ ਰਹੀ ਸੀ ਜੋ ਅੰਬਾਤੀ ਰਾਇਡੂ 'ਤੇ ਜਾ ਕੇ ਪੂਰੀ ਹੋ ਗਈ ਸੀ। ਨਿਊਜ਼ੀਲੈਂਡ ਵਿਰੁੱਧ ਵੇਲਿੰਗਟਨ ਵਿਚ ਤਿੰਨ ਫਰਵਰੀ ਨੂੰ ਭਾਰਤ ਦੇ ਚਾਰ ਵਿਕਟਾਂ 'ਤੇ 18 ਦੌੜਾਂ ਡਿੱਗ ਗਈਆਂ ਸਨ। ਚੌਥੇ ਨੰਬਰ 'ਤੇ ਉਤਰੇ ਅੰਬਾਤੀ ਰਾਇਡੂ ਨੇ 113 ਗੇਂਦਾਂ 'ਤੇ 90 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ ਸੀ। ਜਿੱਥੇ ਟ੍ਰੇਂਟ ਬੋਲਡ ਸਣੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੀਆਂ ਗੇਂਦਾਂ ਭਿਆਨਕ ਸਵਿੰਗ ਕਰ ਰਹੀ ਸੀ। ਉਸ ਸਮੇਂ ਵਿਚ ਰਾਇਡੂ ਨੇ ਅੱਠ ਚੌਕੇ ਅਤੇ ਚਾਰ ਛੱਕੇ ਮਾਰੇ ਸਨ। ਉਸੇ ਨਿਊਜ਼ੀਲੈਂਡ ਨੇ ਪਿਛਲੇ ਮੈਚ ਵਿਚ ਭਾਰਤ ਦੇ ਤਿੰਨ ਵਿਕਟਾਂ ਪੰਜ ਦੌੜਾਂ 'ਤੇ ਡਿੱਗ ਗਈਆਂ ਸਨ ਪਰ ਟੀਮ ਕੋਲ ਰਾਇਡੂ ਨਹੀਂ ਸਨ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ। ਆਈਪੀਐੱਲ ਤੋਂ ਠੀਕ ਪਹਿਲਾਂ ਆਸਟ੍ਰੇਲੀਆ ਭਾਰਤ ਦੌਰੇ 'ਤੇ ਆਈ ਅਤੇ ਰਾਇਡੂ ਸ਼ੁਰੂਆਤੀ ਤਿੰਨ ਮੈਚਾਂ ਵਿਚ 13, 18 ਅਤੇ 2 ਦੌੜਾਂ ਬਣਾ ਕੇ ਆਊਟ ਹੋ ਗਏ। ਅਗਲੇ ਦੋ ਮੈਚਾਂ ਵਿਚ ਉਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਦਿੱਤਾ ਗਿਆ। ਜਿਸ ਚਾਰ ਨੰਬਰ ਲਈ ਰਾਇਡੂ ਨੂੰ ਚੁਣਿਆ ਗਿਆ ਸੀ, ਉਨ੍ਹਾਂ ਨੂੰ ਤਿੰਨ ਮੈਚਾਂ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਵਿਸ਼ਵ ਕੱਪ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਵਿਜੈ ਸ਼ੰਕਰ ਨੂੰ ਟੀਮ ਵਿਚ ਲੈ ਗਏ।

ਭਾਰਤੀ ਟੀਮ ਦੇ ਖਿਡਾਰੀ ਨੇ ਕਿਹਾ ਕਿ ਰਾਇਡੂ ਨੂੰ ਤਾਂ ਬਾਹਰ ਕਰਨਾ ਹੀ ਸੀ ਬਸ ਉਸ ਦੇ ਖ਼ਰਾਬ ਪ੍ਰਦਰਸ਼ਨ ਦੀ ਉਡੀਕ ਹੋ ਰਹੀ ਸੀ। ਕਪਤਾਨ ਨੂੰ ਰਾਇਡੂ ਕਦੇ ਪਸੰਦ ਨਹੀਂ ਸੀ, ਇਸ ਲਈ ਉਸ ਨੇ ਟੀਮ ਚੋਣ ਤੋਂ ਬਾਅਦ ਥ੍ਰੀਡੀ ਚਸ਼ਮੇ ਵਾਲਾ ਕੁਮੈਂਟ ਕੀਤਾ ਸੀ। ਇਹੀ ਨਹੀਂ, ਜਦ ਸ਼ਿਖਰ ਧਵਨ ਅਤੇ ਵਿਜੈ ਸ਼ੰਕਰ ਜ਼ਖ਼ਮੀ ਹੋ ਅਤੇ ਬੈਕਅੱਪ ਵਿਚ ਹੋਣ ਤੋਂ ਬਾਅਦ ਵੀ ਉਸ ਦੀ ਚੋਣ ਨਹੀਂ ਹੋਈ ਤਾਂ ਉਸ ਨੇ ਦੁਖੀ ਹੋ ਕੇ ਸੰਨਿਆਸ ਲੈ ਲਿਆ। ਉਸ ਨੂੰ ਪਤਾ ਸੀ ਕਿ ਉਸ ਦੀ ਚੋਣ ਨਹੀਂ ਹੋਣੀ ਹੈ ਤਾਂ ਗੋਡੇ ਟੇਕਣ ਦਾ ਕੀ ਫਾਇਦਾ।

ਖ਼ਤਮ ਹੋ ਸਕਦਾ ਹੈ ਜਾਧਵ ਤੇ ਕਾਰਤਿਕ ਦਾ ਕਰੀਅਰ

ਬਰਮਿੰਘਮ : ਭਾਰਤ ਦੀ ਹਾਰ ਦੇ ਨਾਲ ਹੁਣ ਟੀਮ ਇੰਡੀਆ ਫਿਰ ਮੱਧਕ੍ਰਮ ਦੀ ਨਵੀਂ ਖੋਜ ਨੂੰ ਮਜ਼ਬੂਰ ਹੋਵੇਗੀ ਅਤੇ ਉਸ ਵਿਚ 34-34 ਸਾਲ ਦੇ ਕੇਦਾਰ ਅਤੇ ਦਿਨੇਸ਼ ਕਾਰਤਿਕ ਦੀ ਥਾਂ ਨਿਸ਼ਚਿਤ ਤੌਰ 'ਤੇ ਨਹੀਂ ਹੋਵੇਗੀ। ਹੁਣ 18 ਮਹੀਨੇ ਬਾਅਦ ਅਗਲੇ ਸਾਲ ਆਸਟ੍ਰੇਲੀਆ ਵਿਚ ਟੀ-20 ਵਿਸ਼ਵ ਕੱਪ ਅਤੇ 2023 ਵਿਚ ਭਾਰਤ ਵਿਚ ਇਕ ਰੋਜ਼ਾ ਵਿਸ਼ਵ ਕੱਪ ਹੋਵੇਗਾ। ਇਸ ਲਈ ਹੁਣ ਤੋਂ ਟੀਮ ਨੂੰ ਤਿਆਰੀ ਕਰਨੀ ਹੋਵੇਗੀ। ਇਸ ਵਿਚ ਕੋਈ ਸ਼ੱਕ ਨਹੀਂ ਮਹਿੰਦਰ ਸਿੰਘ ਧੋਨੀ ਇਨ੍ਹਾਂ ਦੋ ਵੱਡੇ ਟੂਰਨਾਮੈਂਟਾਂ ਦਾ ਹਿੱਸਾ ਨਹੀਂ ਹੋਣਗੇ। ਅਜਿਹੇ ਵਿਚ ਫਿਰ ਤੋਂ ਭਾਰਤ ਦਾ ਨੰਬਰ ਪੰਜ, ਛੇ ਅਤੇ ਸੱਤ ਖ਼ਾਲੀ ਹੋ ਜਾਵੇਗਾ। ਚਾਰ ਨੰਬਰ ਵੈਸੇ ਹੀ ਡਾਵਾਂਡੋਲ ਹੋਇਆ ਹੈ। ਅਜਿਹੇ ਵਿਚ ਹੁਣ ਭਾਰਤੀ ਕ੍ਰਿਕਟ ਦੇ ਹੁਕਮਰਾਨਾਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਭਵਿੱਖ ਦੀ ਟੀਮ ਦਾ ਗਠਨ ਕੀਤਾ ਜਾਵੇ ਅਤੇ ਜੋ ਪਿਛਲੇ ਜੋ ਪਿਛਲੇ ਸਾਲ ਵਿਚ ਕੀਤਾ ਉਹ ਅਗਲੇ ਚਾਰ ਸਾਲ ਵਿਚ ਨਾ ਹੋਵੇ। ਸਭ ਨੂੰ ਪਤਾ ਹੈ ਕਿ ਜਿਸ ਦਿਨ ਪਹਿਲੇ ਬੱਲੇਬਾਜ਼ ਰੋਹਿਤ, ਕੇਐੱਲ ਰਾਹੁਲ, ਸ਼ਿਖਰ ਧਵਨ ਤੇ ਵਿਰਾਟ ਕੋਹਲੀ ਦੌੜਾਂ ਨਹੀਂ ਬਣਾਉਂਗੇ ਉਸ ਦਿਨ ਭਾਰਤ ਦੇ ਵਿਚਕਾਰਲੇ ਬੱਲੇਬਾਜ਼ਾਂ ਦਾ ਕੀ ਹਾਲ ਹੋਵੇਗਾ। ਇਸ ਵਿਸ਼ਵ ਕੱਪ ਵਿਚ ਭਾਰਤ ਕੋਲ ਪਲਾਨ ਬੀ ਨਹੀਂ ਸੀ। ਅੰਬਾਤੀ ਰਾਇਡੂ ਨੂੰ ਨਹੀਂ ਚੁਣਨਾ ਸੀ ਤਾਂ ਮਨੀਸ਼ ਪਾਂਡੇ, ਅਈਰ ਅਤੇ ਸ਼ੁਭਮਨ ਗਿੱਲ ਵਰਗੇ ਬੱਲੇਬਾਜ਼ਾਂ ਨੂੰ ਲਿਆਂਦਾ ਜਾ ਸਕਦਾ ਸੀ ਪਰ ਰਿਸ਼ਬ ਪੰਤ ਨੂੰ ਚੌਥੇ ਨੰਬਰ 'ਤੇ ਖੇਡਣ ਦਾ ਮੌਕਾ ਦਿੱਤਾ ਗਿਆ। ਰਿਸ਼ਬ ਕਦੇ ਚੌਥੇ ਨੰਬਰ ਦੇ ਬੱਲੇਬਾਜ਼ ਨਹੀਂ ਰਹੇ ਕਿਉਂਕਿ ਉਨ੍ਹਾਂ ਨੂੰ ਟਿਕ ਕੇ ਖੇਡਣਾ ਨਹੀਂ ਆਉਂਦਾ ਹੈ। ਛੱਕੇ ਦੇ ਲਾਲਚ ਵਿਚ ਆਊਟ ਹੋਣਾ ਉਨ੍ਹਾਂ ਦਾ ਸੁਭਾਅ ਹੈ।