ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਟੀਮ ਨੇ ਮੇਜ਼ਬਾਨ ਇੰਗਲੈਂਡ ਨੂੰ 36 ਦੌੜਾਂ ਨਾਲ ਹਰਾ ਕੇ ਪਹਿਲੀ ਟੀ-20 ਦਿਵਿਆਂਗ ਵਿਸ਼ਵ ਕ੍ਰਿਕਟ ਸੀਰੀਜ਼ ਆਪਣੇ ਨਾਂ ਕਰ ਲਈ। ਭਾਰਤ ਨੇ ਇੰਗਲੈਂਡ ਦੇ ਨਿਊ ਰੋਡ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤੈਅ 20 ਓਵਰਾਂ ਵਿਚ ਸੱਤ ਵਿਕਟਾਂ 'ਤੇ 180 ਦੌੜਾਂ ਦਾ ਵੱਡਾ ਸਕੋਰ ਬਣਾਇਆ। ਭਾਰਤੀ ਟੀਮ ਵੱਲੋਂ ਮੱਧ ਕ੍ਰਮ ਦੇ ਬੱਲੇਬਾਜ਼ ਆਰ ਜੀ ਸਾਂਟੇ ਨੇ 34 ਗੇਂਦਾਂ 'ਤੇ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਕੇਡੀ ਫਨਾਸੇ ਨੇ 36, ਵਿਕ੍ਰਾਂਤ ਕੇਨੀ ਨੇ 29 ਤੇ ਐੱਸ ਮਹਿੰਦਰ ਨੇ 33 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਤੋਂ ਮਿਲੇ 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਤੈਅ 20 ਓਵਰਾਂ ਵਿਚ ਨੌਂ ਵਿਕਟਾਂ 'ਤੇ 144 ਦੌੜਾਂ ਹੀ ਬਣਾ ਸਕੀ। ਭਾਰਤ ਲਈ ਐੱਸ ਗੋਇਤ ਤੇ ਕੇ ਕੇਡੀ ਫਾਂਸੇ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਇੰਗਲੈਂਡ ਲਈ ਏ ਬਰਾਊਨ ਨੇ ਸਭ ਤੋਂ ਜ਼ਿਆਦਾ 44 ਦੌੜਾਂ ਬਣਾਈਆਂ। ਭਾਰਤ ਦੀ ਇਸ ਖ਼ਿਤਾਬੀ ਜਿੱਤ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।