ਨਵੀਂ ਦਿੱਲੀ (ਜੇਐੱਨਐੱਨ) : ਐਤਵਾਰ ਨੂੰ ਭਾਰਤੀ ਮਰਦ ਟੀਮ ਨੂੰ ਚਾਹੇ ਬੰਗਲਾਦੇਸ਼ ਖ਼ਿਲਾਫ਼ ਟੀ-20 ਵਿਚ ਹਾਰ ਮਿਲੀ ਪਰ ਮਹਿਲਾ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਵੈਸਟਇੰਡੀਜ਼ ਖ਼ਿਲਾਫ਼ ਵਨ ਡੇ ਵਿਚ ਜਿੱਤ ਹਾਸਲ ਕੀਤੀ। ਪਹਿਲਾ ਮੈਚ ਇਕ ਦੌੜ ਨਾਲ ਹਾਰਨ ਵਾਲੀ ਭਾਰਤੀ ਟੀਮ ਨੇ ਦੂਜੇ ਵਨ ਡੇ ਵਿਚ 54 ਦੌੜਾਂ ਦੀ ਵੱਡੀ ਜਿੱਤ ਹਾਸਲ ਕਰ ਕੇ ਸੀਰੀਜ਼ ਵਿਚ 1-1 ਦੀ ਬਰਾਬਰੀ ਹਾਸਲ ਕੀਤੀ। ਭਾਰਤ ਨੇ ਪੂਨਮ ਰਾਉਤ ਦੇ ਸ਼ਾਨਦਾਰ ਅਰਧ ਸੈਂਕੜੇ ਦੇ ਦਮ 'ਤੇ 191 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਤੇ ਫਿਰ ਵੈਸਟਇੰਡੀਜ਼ ਨੂੰ ਸਿਰਫ਼ 138 ਦੌੜਾਂ 'ਤੇ ਸਮੇਟ ਕੇ ਜਿੱਤ ਹਾਸਲ ਕੀਤੀ। ਪੂਨਮ ਰਾਉਤ ਨੂੰ ਪਲੇਅਰ ਆਫ ਦ ਮੈਚ ਚੁਣਿਆ ਗਿਆ। ਭਾਰਤੀ ਕਪਤਾਨ ਮਿਤਾਲੀ ਰਾਜ ਨੇ ਦੂਜੇ ਵਨ ਡੇ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਸੀ। ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੂੰ ਸਿਰਫ਼ ਪੰਜ ਦੌੜਾਂ ਦੇ ਸਕੋਰ'ਤੇ ਜੇਮੀਮਾ ਰਾਡਰਿਗਜ਼ ਦੇ ਰੂਪ ਵਿਚ ਪਹਿਲਾ ਝਟਕਾ ਲੱਗਾ। ਇਸ ਤੋਂ ਬਾਅਦ ਜਦ ਭਾਰਤ ਦਾ ਸਕੋਰ 17 ਦੌੜਾਂ ਸੀ ਤਾਂ ਪ੍ਰਰੀਆ ਪੂਨੀਆ ਨੇ ਆਪਣੀ ਵਿਕਟ ਗੁਆ ਦਿੱਤੀ। ਇੱਥੋ ਕਪਤਾਨ ਮਿਤਾਲੀ ਰਾਜ ਨੇ ਪੂਨਮ ਰਾਉਤ ਨਾਲ ਮਿਲ ਕੇ ਟੀਮ ਨੂੰ ਸੰਭਾਲਿਆ। 40 ਦੌੜਾਂ ਬਣਾ ਕੇ ਮਿਤਾਲੀ ਆਊਟ ਹੋਈ ਪਰ ਪੂਨਮ ਨੇ ਇਕ ਪਾਸੇ ਦੌੜਾਂ ਬਣਾਉਣਾ ਜਾਰੀ ਰੱਖਿਆ। ਉਨ੍ਹਾਂ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ 77 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਈ। ਇਸ ਪਾਰੀ 'ਚ ਉਨ੍ਹਾਂ ਨੇ 128 ਗੇਂਦਾਂ ਦਾ ਸਾਹਮਣਾ ਕੀਤਾ ਤੇ ਚਾਰ ਚੌਕੇ ਲਾਏ। ਉੱਪ ਕਪਤਾਨ ਹਰਮਨਪ੍ਰਰੀਤ ਕੌਰ ਨੇ 52 ਗੇਂਦਾਂ 'ਤੇ 46 ਦੌੜਾਂ ਬਣਾਈਆਂ। ਭਾਰਤ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 191 ਦੌੜਾਂ ਦਾ ਸਕੋਰ ਖੜ੍ਹਾ ਕੀਤਾ।

ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ :

191 ਦੌੜਾਂ ਦੇ ਸਕੋਰ ਦਾ ਭਾਰਤ ਨੇ ਕਾਮਯਾਬੀ ਨਾਲ ਬਚਾਅ ਕੀਤਾ। ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ ਤੇ ਦੀਪਤੀ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਮੇਜ਼ਬਾਨ ਟੀਮ ਸਿਰਫ਼ 138 ਦੌੜਾਂ ਹੀ ਬਣਾ ਸਕੀ। ਇਨ੍ਹਾਂ ਤਿੰਨਾਂ ਹੀ ਗੇਂਦਬਾਜ਼ਾਂ ਨੇ 2-2 ਵਿਕਟਾਂ ਹਾਸਲ ਕੀਤੀਆਂ। 47.2 ਓਵਰਾਂ ਵਿਚ ਪੂਰੀ ਵੈਸਟਇੰਡੀਜ਼ ਟੀਮ 138 ਦੌੜਾਂ 'ਤੇ ਆਊਟ ਹੋਈ ਤੇ ਭਾਰਤ ਨੇ 53 ਦੌੜਾਂ ਨਾਲ ਜਿੱਤ ਦਰਜ ਕਰ ਕੇ ਸੀਰੀਜ਼ ਵਿਚ ਬਰਾਬਰੀ ਹਾਸਲ ਕਰ ਲਈ।