ਪੋਰਟ ਆਫ ਸਪੇਨ (ਪੀਟੀਆਈ) : ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਲਗਾਤਾਰ ਚਾਰ ਪਾਰੀਆਂ ਵਿਚ ਨਾਕਾਮ ਰਹਿਣ ਤੋਂ ਬਾਅਦ ਵੱਡੀ ਪਾਰੀ ਖੇਡਣਾ ਚਾਹੁਣਗੇ ਜਦਕਿ ਭਾਰਤ ਜਦ ਬੁੱਧਵਾਰ ਨੂੰ ਇੱਥੇ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਤੇ ਆਖ਼ਰੀ ਵਨ ਡੇ ਮੈਚ ਵਿਚ ਉਤਰੇਗਾ ਤਾਂ ਉਸ ਦੀਆਂ ਨਜ਼ਰਾਂ ਇਕ ਹੋਰ ਸੀਰੀਜ਼ ਜਿੱਤਣ 'ਤੇ ਹੋਣਗੀਆਂ। ਟੀ-20 ਸੀਰੀਜ਼ ਵਿਚ 01, 23 ਤੇ 03 ਦੌੜਾਂ ਦੇ ਸਕੋਰ ਬਣਾਉਣ ਤੋਂ ਬਾਅਦ ਧਵਨ ਨੇ ਦੂਜੇ ਵਨ ਡੇ ਮੈਚ ਵਿਚ ਸਿਰਫ਼ 02 ਦਾ ਸਕੋਰ ਕੀਤਾ ਸੀ ਜਿਸ ਨਾਲ ਸੱਟ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਚੰਗੀ ਨਹੀਂ ਰਹੀ। ਧਵਨ ਨੂੰ ਅੰਦਰ ਆਉਂਦੀ ਗੇਂਦ 'ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਨੂੰ ਦੋ ਵਾਰ ਤੇਜ਼ ਗੇਂਦਬਾਜ਼ ਸ਼ੇਲਡਨ ਕਾਟਰੇਲ ਨੇ ਆਊਟ ਕੀਤਾ ਹੈ। ਧਵਨ ਟੈਸਟ ਟੀਮ ਦਾ ਹਿੱਸਾ ਨਹੀਂ ਹਨ ਤੇ ਇਸ ਕਾਰਨ ਖੱਬੇ ਹੱਥ ਦਾ ਦਿੱਲੀ ਦਾ ਇਹ ਬੱਲੇਬਾਜ਼ ਆਪਣੇ ਕੈਰੇਬਿਆਈ ਦੌਰੇ ਦਾ ਅੰਤ ਯਾਦਗਾਰ ਪਾਰੀ ਖੇਡ ਕੇ ਕਰਨਾ ਚਾਹੇਗਾ। ਭਾਰਤੀ ਟੀਮ ਵਿਚ ਚੌਥੇ ਨੰਬਰ 'ਤੇ ਥਾਂ ਪੱਕੀ ਕਰਨ ਨੂੰ ਲੈ ਕੇ ਜੰਗ ਚੱਲ ਰਹੀ ਹੈ ਤੇ ਸ਼੍ਰੇਅਸ ਅਈਅਰ ਨੇ ਦੂਜੇ ਵਨ ਡੇ ਵਿਚ ਸ਼ਾਨਦਾਰ ਪਾਰੀ ਖੇਡ ਕੇ ਰਿਸ਼ਭ ਪੰਤ 'ਤੇ ਦਬਾਅ ਵਧਾ ਦਿੱਤਾ ਹੈ। ਪੰਤ ਨੂੰ ਟੀਮ ਮੈਨੇਜਮੈਂਟ ਖ਼ਾਸ ਕਰ ਕੇ ਕਪਤਾਨ ਵਿਰਾਟ ਕੋਹਲੀ ਦਾ ਸਮਰਥਨ ਹਾਸਲ ਹੈ ਪਰ ਉਨ੍ਹਾਂ ਦੀ ਲਗਾਤਾਰ ਨਾਕਾਮੀ ਤੇ ਦੂਜੇ ਵਨ ਡੇ ਵਿਚ ਅਈਅਰ ਦੀ 68 ਗੇਂਦਾਂ ਵਿਚ 71 ਦੌੜਾਂ ਦੀ ਪਾਰੀ ਨਾਲ ਚੀਜ਼ਾਂ ਬਦਲ ਗਈਆਂ ਹਨ ਪੰਤ ਦੀ ਮਾਨਸਿਕਤਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਨ੍ਹਾਂ ਨੇ ਕਈ ਮੌਕਿਆਂ 'ਤੇ ਆਪਣੀ ਵਿਕਟ ਗੁਆਈ ਹੈ। ਕੋਈ ਵੀ ਟੀਮ ਇਸ ਮਹੱਤਵਪੂਰਨ ਸਥਾਨ 'ਤੇ ਧੀਰਜ ਵਾਲੇ ਬੱਲੇਬਾਜ਼ ਨੂੰ ਉਤਾਰਨਾ ਚਾਹੇਗੀ ਤੇ ਐਤਵਾਰ ਨੂੰ ਖੇਡੀ ਪਾਰੀ ਨਾਲ ਅਈਅਰ ਨੇ ਆਪਣਾ ਦਾਅਵਾ ਮਜ਼ਬੂਤ ਕੀਤਾ ਹੈ। ਇੱਥੇ ਤਕ ਕਿ ਦਿੱਗਜ ਸੁਨੀਲ ਗਾਵਸਕਰ ਨੇ ਵੀ ਚੌਥੇ ਨੰਬਰ ਦੀ ਥਾਂ ਲਈ ਅਈਅਰ ਦਾ ਸਮਰਥਨ ਕੀਤਾ ਹੈ। ਉਹ ਚਾਹੁੰਦੇ ਹਨ ਕਿ ਪੰਤ ਨੂੰ ਹੇਠਾਂ ਨੰਬਰ ਪੰਜ 'ਤੇ ਭੇਜਿਆ ਜਾਵੇ। ਉਨ੍ਹਾਂ ਨੂੰ ਲਗਦਾ ਹੈ ਕਿ ਇਹ ਵਿਕਟਕੀਪਰ ਬੱਲੇਬਾਜ਼ ਪਾਰੀ ਦੇ ਅੰਤ ਵਿਚ ਟੀਮ ਨੂੰ ਰਫ਼ਤਾਰ ਪ੍ਰਦਾਨ ਕਰਨ ਲਈ ਸਭ ਤੋਂ ਸਹੀ ਖਿਡਾਰੀ ਹੈ।

ਲੈਅ 'ਚ ਕਪਤਾਨ :

ਦੂਜੇ ਵਨ ਡੇ ਵਿਚ 125 ਗੇਂਦਾਂ ਵਿਚ 120 ਦੌੜਾਂ ਦੀ ਪਾਰੀ ਖੇਡਣ ਵਾਲੇ ਕਪਤਾਨ ਕੋਹਲੀ ਵੀ ਆਪਣੀ ਲੈਅ ਨੂੰ ਜਾਰੀ ਰੱਖਣਾ ਚਾਹੁਣਗੇ। ਧਵਨ, ਰੋਹਿਤ ਸ਼ਰਮਾ ਤੇ ਪੰਤ ਦੇ ਜਲਦ ਆਊਟ ਹੋਣ ਤੋਂ ਬਾਅਦ ਕੋਹਲੀ ਨੇ ਅਈਅਰ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ ਸੀ।

ਗੇਂਦਬਾਜ਼ਾਂ 'ਤੇ ਜ਼ਿੰਮੇਵਾਰੀ :

ਭੁਵਨੇਸ਼ਵਰ ਕੁਮਾਰ ਨੇ ਪਿਛਲੇ ਮੈਚ ਵਿਚ ਅੱਠ ਓਵਰਾਂ ਵਿਚ 31 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕਰਦੇ ਹੋਏ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਇਹ ਤੇਜ਼ ਗੇਂਦਬਾਜ਼ ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੌਰੇ ਦੇ ਅਗਲੇ ਮੈਚਾਂ ਵਿਚ ਦੁਹਰਾਉਣਾ ਚਾਹੁਣਗੇ। ਭੁਵਨੇਸ਼ਵਰ ਦੇ ਤੇਜ਼ ਗੇਂਦਬਾਜ਼ੀ ਜੋੜੀਦਾਰ ਮੁਹੰਮਦ ਸ਼ਮੀ ਤੇ ਕੁਲਦੀਪ ਯਾਦਵ ਨੇ ਵੀ ਦੋ-ਦੋ ਵਿਕਟਾਂ ਹਾਸਲ ਕੀਤੀਆਂ ਸਨ। ਖੱਬੇ ਹੱਥ ਦੇ ਸਪਿੰਨਰ ਕੁਲਦੀਪ ਹਾਲਾਂਕਿ ਦੌੜਾਂ ਦੀ ਰਫ਼ਤਾਰ 'ਤੇ ਰੋਕ ਲਾਉਣ ਦੀ ਕੋਸ਼ਿਸ਼ ਕਰਨਗੇ। ਜ਼ਿਆਦਾਤਰ ਟੀਮਾਂ ਜਿੱਤ ਦਰਜ ਕਰਨ ਵਾਲੀ ਟੀਮ ਵਿਚ ਤਬਦੀਲੀ ਨੂੰ ਤਰਜੀਹ ਨਹੀਂ ਦਿੰਦੀਆਂ ਹਨ ਪਰ ਕੋਹਲੀ ਆਖ਼ਰੀ ਵਨ ਡੇ 'ਚ ਸ਼ਮੀ ਨੂੰ ਆਰਾਮ ਦੇ ਕੇ ਨਵਦੀਪ ਸੈਣੀ ਨੂੰ ਮੌਕਾ ਦੇ ਸਕਦੇ ਹਨ।

ਵੈਸਟਇੰਡੀਜ਼ ਕਰਨਾ ਚਾਹੇਗਾ ਬਰਾਬਰੀ :

ਵੈਸਟਇੰਡੀਜ਼ ਦੀ ਟੀਮ ਮੈਚ ਜਿੱਤ ਕੇ ਸੀਰੀਜ਼ ਬਰਾਬਰ ਕਰਨ ਲਈ ਬੇਤਾਬ ਹੋਵੇਗੀ। ਭਾਰਤ ਨੂੰ ਹਰਾਉਣ ਲਈ ਹਾਲਾਂਕਿ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੂੰ ਜ਼ਿਆਦਾ ਜ਼ਿੰਮੇਵਾਰੀ ਨਾਲ ਖੇਡਣਾ ਪਵੇਗਾ। ਕੈਰੇਬਿਆਈ ਟੀਮ ਕੋਲ ਸ਼ਾਈ ਹੋਪ, ਸ਼ਿਮਰੋਨ ਹੇਟਮਾਇਰ ਤੇ ਨਿਕੋਲਸ ਪੂਰਨ ਵਰਗੇ ਯੋਗ ਬੱਲੇਬਾਜ਼ ਹਨ ਪਰ ਇਨ੍ਹਾਂ ਨੂੰ ਉਮੀਦਾਂ 'ਤੇ ਖ਼ਰਾ ਉਤਰਨਾ ਪਵੇਗਾ। ਵਨ ਡੇ ਸੀਰੀਜ਼ ਤੋਂ ਬਾਅਦ ਦੋਵੇਂ ਟੀਮਾਂ ਏਂਟੀਗਾ ਦੇ ਨਾਰਥ ਸਾਊਂਡ 'ਚ 22 ਅਗਸਤ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ ਹਿੱਸਾ ਲੈਣਗੀਆਂ।

ਟੀਮਾਂ 'ਚ ਸ਼ਾਮਲ ਖਿਡਾਰੀ :

ਭਾਰਤ :

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇਐੱਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵਿੰਦਰ ਸਿੰਘ ਚਹਿਲ, ਕੇਦਾਰ ਜਾਧਵ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ ਤੇ ਨਵਦੀਪ ਸੈਣੀ।

ਵੈਸਟਇੰਡੀਜ਼ :

ਜੇਸਨ ਹੋਲਡਰ (ਕਪਤਾਨ), ਕ੍ਰਿਸ ਗੇਲ, ਜਾਨ ਕੈਂਪਬੇਲ, ਇਵਿਨ ਲੁਇਸ, ਸ਼ਾਈ ਹੋਪ, ਸ਼ਿਮਰੋਨ ਹੇਟਮਾਇਰ, ਨਿਕੋਲਸ ਪੂਰਨ, ਰੋਸਟਨ ਚੇਜ, ਫੇਬੀਅਨ ਏਲੇਨ, ਕਾਰਲੋਸ ਬ੍ਰੇਥਵੇਟ, ਕੀਮੋ ਪਾਲ, ਸ਼ੇਲਡਨ ਕਾਟਰੇਲ, ਓਸ਼ਾਨੇ ਥਾਮਸ ਤੇ ਕੇਮਾਰ ਰੋਚ।