ਪੋਰਟ ਆਫ ਸਪੇਨ (ਪੀਟੀਆਈ) : ਭਾਰਤੀ ਟੀਮ ਵੈਸਟਇੰਡੀਜ਼ ਖ਼ਿਲਾਫ਼ ਐਤਵਾਰ ਨੂੰ ਇੱਥੇ ਜਦ ਦੂਜੇ ਵਨ ਡੇ ਵਿਚ ਮੈਦਾਨ 'ਤੇ ਉਤਰੇਗੀ ਤਦ ਸਾਰਿਆਂ ਦੀਆਂ ਨਜ਼ਰਾਂ ਸ਼੍ਰੇਅਸ ਅਈਅਰ ਦੇ ਪ੍ਰਦਰਸ਼ਨ 'ਤੇ ਲੱਗੀਆਂ ਹੋਣਗੀਆਂ ਜਿਨ੍ਹਾਂ ਕੋਲ ਚੌਥੇ ਸਥਾਨ 'ਤੇ ਥਾਂ ਪੱਕੀ ਕਰਨ ਦਾ ਮੌਕਾ ਹੋਵੇਗਾ। ਅਈਅਰ ਨੂੰ ਟੀ-20 ਸੀਰੀਜ਼ ਵਿਚ ਆਖ਼ਰੀ ਇਲੈਵਨ ਵਿਚ ਮੌਕਾ ਨਹੀਂ ਮਿਲਿਆ ਸੀ ਪਰ ਉਹ ਬਾਰਿਸ਼ ਨਾਲ ਪ੍ਰਭਾਵਿਤ ਪਹਿਲੇ ਵਨ ਡੇ ਵਿਚ ਟੀਮ ਦਾ ਹਿੱਸਾ ਸਨ। ਗੁਆਨਾ ਵਿਚ ਹੋਏ ਇਸ ਮੈਚ ਨੂੰ 13 ਓਵਰਾਂ ਤੋਂ ਬਾਅਦ ਨਹੀਂ ਖੇਡਿਆ ਜਾ ਸਕਿਆ ਤੇ ਮੁਕਾਬਲਾ ਰੱਦ ਹੋ ਗਿਆ। ਹੁਣ ਭਾਰਤੀ ਟੀਮ ਉਮੀਦ ਕਰੇਗੀ ਕਿ ਦੂਜੇ ਵਨ ਡੇ ਵਿਚ ਧੁੱਪ ਖਿੜੀ ਹੋਵੇ ਤੇ ਬਾਰਿਸ਼ ਨਾਲ ਮੈਚ ਪ੍ਰਭਾਵਿਤ ਨਾ ਹੋਵੇ। ਇਸ ਗੱਲ ਦੀ ਸੰਭਾਵਨਾ ਕਾਫੀ ਘੱਟ ਹੈ ਕਿ ਭਾਰਤੀ ਟੀਮ ਬੱਲੇਬਾਜ਼ੀ ਨੰਬਰ ਨਾਲ ਕੋਈ ਛੇੜਛਾੜ ਕਰੇਗੀ ਇਸ ਕਾਰਨ ਮੁੰਬਈ ਦੇ ਇਸ ਬੱਲੇਬਾਜ਼ ਕੋਲ ਦੂਜੇ ਮੈਚ ਵਿਚ ਆਪਣੀ ਯੋਗਤਾ ਦਿਖਾਉਣ ਦਾ ਮੌਕਾ ਹੋਵੇਗਾ। ਟੀਮ ਵਿਚ ਥਾਂ ਪੱਕੀ ਕਰਨ ਲਈ ਹਾਲਾਂਕਿ ਦੋ ਮੈਚਾਂ ਵਿਚ ਪ੍ਰਦਰਸ਼ਨ ਕਾਫੀ ਨਹੀਂ ਹੋਵੇਗਾ ਪਰ ਇਨ੍ਹਾਂ ਮੁਕਾਬਲਿਆਂ ਵਿਚ ਚੰਗੀ ਬੱਲੇਬਾਜ਼ੀ ਨਾਲ ਉਹ ਦਬਾਅ ਨੂੰ ਘੱਟ ਜ਼ਰੂਰ ਕਰ ਸਕਣਗੇ। ਅਈਅਰ ਨੇ ਪਿਛਲੇ ਦਿਨੀਂ ਭਾਰਤ-ਏ ਲਈ ਖੇਡਦੇ ਹੋਏ ਵੈਸਟਇੰਡੀਜ਼-ਏ ਖ਼ਿਲਾਫ਼ ਦੋ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ। ਕਪਤਾਨ ਵਿਰਾਟ ਕੋਹਲੀ ਦਾ ਮਾਰਗਦਰਸ਼ਨ ਤੇ ਉੱਪ-ਕਪਤਾਨ ਰੋਹਿਤ ਸ਼ਰਮਾ ਦਾ ਸਾਥ ਮਿਲਣ ਨਾਲ ਦਿੱਲੀ ਕੈਪਿਟਲਜ਼ ਦੇ ਇਸ ਕਪਤਾਨ ਦੀ ਰਾਹ ਸੌਖੀ ਹੋ ਸਕਦੀ ਹੈ। ਅਈਅਰ ਨੂੰ ਮੱਧ ਕ੍ਰਮ ਵਿਚ ਮੌਕਾ ਮਿਲਣ ਦਾ ਮਤਲਬ ਹੋਵੇਗਾ ਕਿ ਚੋਟੀ ਦੇ ਨੰਬਰ ਵਿਚ ਸ਼ਿਖਰ ਧਵਨ ਦੀ ਮੌਜੂਦਗੀ ਵਿਚ ਲੋਕੇਸ਼ ਰਾਹੁਲ ਨੂੰ ਬੈਂਚ 'ਤੇ ਬਿਠਾਉਣਾ ਪਵੇਗਾ। ਸੀਰੀਜ਼ ਦੇ ਪਹਿਲੇ ਮੁਕਾਬਲੇ ਦੀ ਟੀਮ ਦੇਖੀਏ ਤਾਂ ਇਹ ਪਤਾ ਲਗਦਾ ਹੈ ਕਿ ਵਿਸ਼ਵ ਕੱਪ ਵਿਚ ਚੋਟੀ ਦੇ ਨੰਬਰ ਵਿਚ ਚੰਗੀ ਬੱਲੇਬਾਜ਼ੀ ਤੋਂ ਬਾਅਦ ਰਾਹੁਲ ਨੂੰ ਧਵਨ ਜਾਂ ਰੋਹਿਤ ਦੀ ਗ਼ੈਰਮੌਜੂਦਗੀ ਵਿਚ ਹੀ ਸਲਾਮੀ ਬੱਲੇਬਾਜ਼ ਵਜੋਂ ਮੌਕਾ ਮਿਲੇਗਾ।

ਕੇਦਾਰ ਜਾਧਵ ਲਈ ਮਹੱਤਵਪੂਰਨ ਮੈਚ :

ਕੇਦਾਰ ਜਾਧਵ ਲਈ ਵੀ ਇਹ ਸੀਰੀਜ਼ ਕਾਫੀ ਮਹੱਤਵਪੂਰਨ ਹੈ ਜੋ ਖ਼ਰਾਬ ਪ੍ਰਦਰਸ਼ਨ ਕਰਨ 'ਤੇ ਟੀਮ 'ਚੋਂ ਬਾਹਰ ਹੋ ਸਕਦੇ ਹਨ। ਮਹਾਰਾਸ਼ਟਰ ਦੇ ਇਸ ਛੋਟੇ ਕੱਦ ਦੇ ਬੱਲੇਬਾਜ਼ 'ਤੇ ਦਬਾਅ ਇਸ ਲਈ ਵੀ ਜ਼ਿਆਦਾ ਹੋਵੇਗਾ ਕਿਉਂਕਿ ਸ਼ੁਭਮਨ ਗਿੱਲ ਵਰਗੇ ਯੋਗ ਨੌਜਵਾਨ ਖਿਡਾਰੀ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਭਾਰਤੀ ਕਿ੍ਕਟ ਵਿਚ ਕਈ ਲੋਕਾਂ ਦਾ ਮੰਨਣਾ ਹੈ ਕਿ ਜਾਧਵ ਕੋਲ ਉੱਪਰਲੇ ਨੰਬਰ ਵਿਚ ਬੱਲੇਬਾਜ਼ ਲਈ ਵਾਜਬ ਤਕਨੀਕ ਨਹੀਂ ਹੈ ਤੇ ਉਨ੍ਹਾਂ ਕੋਲ ਆਖ਼ਰੀ ਓਵਰਾਂ ਵਿਚ ਗੇਂਦ ਨੂੰ ਬਾਊਂਡਰੀ ਲਾਈਨ ਤੋਂ ਪਾਰ ਪਹੁੰਚਾਉਣ ਦੀ ਤਾਕਤ ਵੀ ਨਹੀਂ ਹੈ।

ਨਵਦੀਪ ਸੈਣੀ ਵੀ ਖੇਡ ਸਕਦੇ ਹਨ ਮੁਕਾਬਲਾ :

ਭਾਰਤ ਲਈ ਖੱਬੇ ਹੱਥ ਦੇ ਸਪਿੰਨਰ ਦੌੜਾਂ ਰੋਕਣ ਵਿਚ ਕਾਮਯਾਬ ਰਹੇ ਹਨ ਪਰ ਆਖ਼ਰੀ ਇਲੈਵਨ ਵਿਚ ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਦੀ ਇਕੱਠੇ ਮੌਜੂਦਗੀ ਨਾਲ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਦਾ ਪੂਰਾ ਇਸਤੇਮਾਲ ਕਿਵੇਂ ਹੋਵੇਗਾ। ਭੁਵਨੇਸ਼ਵਰ ਕੁਮਾਰ ਜੇ ਆਰਾਮ ਕਰਨਾ ਚਾਹੁਣਗੇ ਤਾਂ ਨਵਦੀਪ ਸੈਣੀ ਨੂੰ ਮੌਕਾ ਮਿਲ ਸਕਦਾ ਹੈ। ਪਿੱਚ ਜੇ ਸਪਿੰਨਰਾਂ ਮੁਤਾਬਕ ਹੋਈ ਤਾਂ ਯੁਜਵਿੰਦਰ ਸਿੰਘ ਚਹਿਲ ਨੂੰ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਖਲੀਲ ਨੇ ਪਹਿਲੇ ਵਨ ਡੇ ਵਿਚ ਤਿੰਨ ਓਵਰਾਂ ਵਿਚ 27 ਦੌੜਾਂ ਦਿੱਤੀਆਂ ਸਨ। ਉਨ੍ਹਾਂ ਦੀਆਂ ਛੋਟੀਆਂ ਗੇਂਦਾਂ 'ਤੇ ਇਵਿਨ ਲੁਇਸ ਨੇ ਅਸਾਨੀ ਨਾਲ ਵੱਡੇ ਸ਼ਾਟ ਲਾਏ ਸਨ। ਬਾਰਿਸ਼ ਕਾਰਨ ਮੈਚ ਰੋਕੇ ਜਾਣ ਸਮੇਂ ਲੁਇਸ 40 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ।

ਵੈਸਟਇੰਡੀਜ਼ ਨੂੰ ਲੁਇਸ ਤੋਂ ਉਮੀਦ :

ਕੈਰੇਬਿਆਈ ਟੀਮ ਚਾਹੇਗੀ ਕਿ ਲੁਇਸ ਆਪਣੀ ਲੈਅ ਨੂੰ ਕਾਇਮ ਰੱਖਣ ਜਦਕਿ ਕ੍ਰਿਸ ਗੇਲ ਵੀ ਆਪਣੇ ਵੱਕਾਰ ਮੁਤਾਬਕ ਬੱਲੇਬਾਜ਼ੀ ਕਰਨ। ਜਮੈਕਾ ਦਾ ਇਹ ਧਮਾਕੇਦਾਰ ਬੱਲੇਬਾਜ਼ ਪਹਿਲੇ ਵਨ ਡੇ ਵਿਚ 31 ਗੇਂਦਾਂ ਵਿਚ ਸਿਰਫ਼ ਚਾਰ ਦੌੜਾਂ ਬਣਾ ਸਕਿਆ ਸੀ। ਵੈਸਟਇੰਡੀਜ਼ ਚੋਣ ਕਮੇਟੀ ਨੇ ਗੇਲ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਵਿਦਾਈ ਮੈਚ ਵਿਚ ਮੌਕਾ ਦੇਣ ਤੋਂ ਇਨਕਾਰ ਦਿੱਤਾ ਹੈ ਤਾਂ ਇਸ ਕਾਰਨ ਸੀਰੀਜ਼ ਦੇ ਆਖ਼ਰੀ ਦੋ ਮੈਚ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦੇ ਆਖ਼ਰੀ ਮੁਕਾਬਲੇ ਹੋ ਸਕਦੇ ਹਨ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ :

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵਿੰਦਰ ਸਿੰਘ ਚਹਿਲ, ਕੇਦਾਰ ਜਾਧਵ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ ਤੇ ਨਵਦੀਪ ਸੈਣੀ।

ਵੈਸਟਇੰਡੀਜ਼ :

ਜੇਸਨ ਹੋਲਡਰ (ਕਪਤਾਨ), ਕ੍ਰਿਸ ਗੇਲ, ਜਾਨ ਕੈਂਪਬੇਲ, ਇਵਿਨ ਲੁਇਸ, ਸ਼ਾਈ ਹੋਪ, ਸ਼ਿਮਰਾਨ ਹੇਟਮਾਇਰ, ਨਿਕੋਲਸ ਪੂਰਨ, ਰੋਸਟਨ ਚੇਜ, ਫੇਬੀਅਨ ਏਲੇਨ, ਕਾਰਲੋਸ ਬ੍ਰੇਥਵੇਟ, ਕੀਮੋ ਪਾਲ, ਸ਼ੇਲਡਨ ਕਾਟਰੇਲ, ਓਸ਼ਾਨੇ ਥਾਮਸ ਤੇ ਕੇਮਾਰ ਰੋਚ।