ਰਾਂਚੀ (ਜੇਐੱਨਐੱਨ) : ਜੇ ਕੋਈ ਇਹ ਪੁੱਛੇ ਕਿ 2015 ਵਿਚ ਆਸਟ੍ਰੇਲੀਆ ਦੌਰੇ 'ਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਟੈਸਟ ਕਪਤਾਨੀ ਛੱਡਣ ਤੋਂ ਬਾਅਦ ਟੀਮ ਵਿਚ ਕੀ ਤਬਦੀਲੀ ਆਈ ਹੈ ਜੋ ਇਹ ਦੁਨੀਆ ਦੀ ਨੰਬਰ ਇਕ ਟੈਸਟ ਟੀਮ ਬਣ ਗਈ ਹੈ ਤਾਂ ਇਸ ਦਾ ਇਕ ਹੀ ਜਵਾਬ ਮਿਲਦਾ ਹੈ ਕਿ ਸਾਡੇ ਤੇਜ਼ ਗੇਂਦਬਾਜ਼ ਹੁਣ ਤਕ ਦਾ ਸਰਬੋਤਮ ਪ੍ਰਦਰਸ਼ਨ ਕਰ ਰਹੇ ਹਨ। ਇਹੀ ਨਹੀਂ ਤੇਜ਼ ਗੇਂਦਬਾਜ਼ਾਂ ਦਾ ਬੈਕਅਪ ਇੰਨਾ ਮਜ਼ਬੂਤ ਹੈ ਕਿ ਜਸਪ੍ਰੀਤ ਬੁਮਰਾਹ ਦੇ ਨਾ ਹੋਣ ਦੇ ਬਾਵਜੂਦ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਛੇ ਦੀਆਂ ਛੇ ਪਾਰੀਆਂ ਵਿਚ ਆਲ ਆਊਟ ਕੀਤਾ। ਇਹੀ ਕਾਰਨ ਹੈ ਕਿ ਭਾਰਤੀ ਟੀਮ ਨੂੰ ਘਰ ਵਿਚ ਕੋਈ ਵਿਦੇਸ਼ੀ ਟੀਮ ਚੁਣੌਤੀ ਤਕ ਨਹੀਂ ਦੇ ਸਕਦੀ ਤੇ ਵਿਦੇਸ਼ਾਂ ਵਿਚ ਵੀ ਇਹ ਟੀਮ ਝੰਡੇ ਗੱਡ ਕੇ ਆ ਰਹੀ ਹੈ। ਝੁਕੇ ਹੋਏ ਮੋਿਢਆਂ ਦੇ ਨਾਲ ਫਾਫ ਡੁਪਲੇਸਿਸ ਦੀ ਕਪਤਾਨੀ ਵਿਚ ਟੈਸਟ ਸੀਰੀਜ਼ ਖੇਡਣ ਉਤਰੀ ਦੱਖਣੀ ਅਫਰੀਕਾ ਦੀ 0-3 ਦੀ ਹਾਰ ਦੀ ਕਿਸੇ ਨੇ ਉਮੀਦ ਨਹੀਂ ਕੀਤੀ ਹੋਵੇਗੀ ਪਰ ਇਹ ਮੁਮਕਿਨ ਹੋ ਸਕਿਆ ਤੇਜ਼ ਗੇਂਦਬਾਜ਼ਾਂ ਕਾਰਨ। ਹਾਲਾਂਕਿ ਇਸ ਵਿਚ ਬੱਲੇਬਾਜ਼ਾਂ ਨੂੰ ਵੀ ਮਾਣ ਜਾਂਦਾ ਹੈ ਪਰ ਘਰੇਲੂ ਪਿੱਚਾਂ 'ਤੇ ਭਾਰਤੀ ਬੱਲੇਬਾਜ਼ ਹਮੇਸ਼ਾ ਤੋਂ ਹੀ ਵਿਰੋਧੀਆਂ ਲਈ ਪਹਾੜ ਵਾਂਗ ਖੜ੍ਹੇ ਹੁੰਦੇ ਸਨ ਪਰ ਹੁਣ ਸਪਿੰਨਰ ਹੀ ਨਹੀਂ ਭਾਰਤ ਦੇ ਤੇਜ਼ ਗੇਂਦਬਾਜ਼ ਵੀ ਵਿਰੋਧੀ ਟੀਮ ਨੂੰ ਮਾਤ ਦੇ ਰਹੇ ਹਨ।

ਇਸ ਮੈਚ ਵਿਚ ਭਾਰਤ ਵੱਲੋਂ ਰੋਹਿਤ ਸ਼ਰਮਾ ਨੇ ਇਤਿਹਾਸਕ ਦੋਹਰਾ ਸੈਂਕੜਾ ਲਾਇਆ ਤਾਂ ਬਤੌਰ ਕਪਤਾਨ ਅੱਠਵੀਂ ਵਾਰ ਫਾਲੋਆਨ ਦਿੰਦੇ ਹੋਏ ਕੋਹਲੀ ਦੇ ਗੇਂਦਬਾਜ਼ਾਂ ਨੇ ਵੀ ਦੱਖਣੀ ਅਫਰੀਕਾ ਨੂੰ ਦੋ ਵਾਰ ਆਲ ਆਊਟ ਕਰ ਕੇ ਆਪਣਾ ਦਮ ਦਿਖਾਇਆ। ਭਾਰਤ ਨੇ ਤੀਜੇ ਦਿਨ ਸੋਮਵਾਰ ਦੀ ਖੇਡ ਸਮਾਪਤ ਹੋਣ ਤਕ ਦੱਖਣੀ ਅਫਰੀਕਾ ਦੀ ਦੂਜੀ ਪਾਰੀ ਵਿਚ ਅੱਠ ਵਿਕਟਾਂ 132 ਦੌੜਾਂ 'ਤੇ ਹੀ ਹਾਸਲ ਕਰ ਲਈਆਂ ਸਨ। ਭਾਰਤ ਨੇ ਆਪਣੀ ਪਹਿਲੀ ਪਾਰੀ ਨੌਂ ਵਿਕਟਾਂ ਦੇ ਨੁਕਸਾਨ 'ਤੇ 497 ਦੌੜਾਂ 'ਤੇ ਐਲਾਨੀ ਸੀ। ਇਸ ਤੋਂ ਬਾਅਦ ਤੀਜੇ ਹੀ ਦਿਨ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ਵਿਚ 162 ਦੌੜਾਂ 'ਤੇ ਸਮੇਟ ਕੇ ਉਸ ਨੂੰ ਫਾਲੋਆਨ ਦਿੱਤਾ ਸੀ। ਦੂਜੀ ਪਾਰੀ ਵਿਚ ਦੱਖਣੀ ਅਫਰੀਕਾ ਦੀ ਸਥਿਤੀ ਬਦਲ ਨਹੀਂ ਸਕੀ ਤੇ ਟੀਮ ਲਗਾਤਾਰ ਵਿਕਟਾਂ ਗੁਆਉਂਦੀ ਰਹੀ। 2001-02 ਵਿਚ ਆਸਟ੍ਰੇਲੀਆ ਖ਼ਿਲਾਫ਼ ਫਾਲੋਆਨ ਖੇਡਣ ਤੋਂ ਬਾਅਦ ਅਜਿਹਾ ਦੂਜੀ ਵਾਰ ਸੀ ਜਦ ਦੱਖਣੀ ਅਫਰੀਕੀ ਟੀਮ ਲਗਾਤਾਰ ਦੂਜੀ ਵਾਰ ਇਕ ਹੀ ਸੀਰੀਜ਼ ਵਿਚ ਫਾਲੋਆਨ ਖੇਡੀ। ਆਖ਼ਰੀ ਪਾਰੀ ਵਿਚ ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 10 ਦੌੜਾਂ ਦੇ ਕੇ ਤਿੰਨ ਵਿਕਟਾਂ ਜਦਕਿ ਉਮੇਸ਼ ਯਾਦਵ ਤੇ ਸ਼ਾਹਬਾਜ਼ ਨਦੀਮ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ। ਜਡੇਜਾ ਤੇ ਰਵੀਚੰਦਰਨ ਅਸ਼ਵਿਨ ਨੂੰ ਇਕ ਇਕ ਵਿਕਟ ਮਿਲੀ। ਤਿੰਨ ਮੈਚਾਂ ਦੀ ਸੀਰੀਜ਼ ਵਿਚ ਭਾਰਤ ਨੇ ਆਪਣੇ ਦੇਸ਼ ਵਿਚ ਛੇਵੀਂ ਵਾਰ ਕਲੀਨ ਸਵੀਪ ਕੀਤਾ ਹੈ। ਰਾਂਚੀ ਦੇ ਜੇਐੱਸਸੀਏ ਅੰਤਰਰਾਸ਼ਟਰੀ ਸਟੇਡੀਅਮ ਵਿਚ ਤੀਜੇ ਦਿਨ ਜਿੱਤ ਦੀ ਦਹਿਲੀਜ਼ 'ਤੇ ਪੁੱਜ ਚੁੱਕੀ ਭਾਰਤੀ ਟੀਮ ਨੇ ਚੌਥੇ ਦਿਨ ਮਹਿਮਾਨਾਂ ਦੀਆਂ ਦੋ ਵਿਕਟਾਂ ਕੱਢਣ ਵਿਚ ਜ਼ਿਆਦਾ ਦੇਰ ਨਹੀਂ ਕੀਤੀ ਤੇ ਸ਼ੁਰੂਆਤੀ ਘੰਟੇ ਵਿਚ ਹੀ ਮੈਚ ਤੇ ਸੀਰੀਜ਼ ਆਪਣੇ ਨਾਂ ਕਰ ਲਈ। ਆਪਣਾ ਪਹਿਲਾ ਟੈਸਟ ਖੇਡ ਰਹੇ ਨਦੀਮ ਨੇ ਚੌਥੇ ਦਿਨ ਆਪਣੇ ਪਹਿਲੇ ਓਵਰ ਦੀਆਂ ਆਖ਼ਰੀ ਦੋ ਗੇਂਦਾਂ 'ਤੇ ਦੋ ਵਿਕਟਾਂ ਹਾਸਲ ਕਰਦੇ ਹੋਏ ਦੱਖਣੀ ਅਫਰੀਕਾ ਦੀ ਪਾਰੀ ਨੂੰ 133 ਦੌੜਾਂ 'ਤੇ ਸਮੇਟ ਦਿੱਤਾ। ਭਾਰਤ ਨੇ ਇਹ ਮੁਕਾਬਲਾ ਇਕ ਪਾਰੀ ਤੇ 202 ਦੌੜਾਂ ਨਾਲ ਆਪਣੇ ਨਾਂ ਕੀਤਾ।

ਨੋਰਟਜੇ ਦੇ ਹੈਲਮਟ ਨਾਲ ਲੱਗੀ ਗੇਂਦ ਤੇ ਆਊਟ ਹੋਏ ਨਗੀਦੀ

ਰਾਂਚੀ : ਮੈਚ ਦਾ ਆਖ਼ਰੀ ਵਿਕਟ ਨਦੀਮ ਨੂੰ ਨਾਟਕੀ ਢੰਗ ਨਾਲ ਮਿਲਿਆ। ਨਦੀਮ ਦੇ ਓਵਰ ਦੀ ਆਖ਼ਰੀ ਗੇਂਦ 'ਤੇ ਨਗੀਦੀ ਨੇ ਜ਼ੋਰਦਾਰ ਬੱਲਾ ਘੁਮਾਇਆ। ਗੇਂਦ ਗੇਂਦਬਾਜ਼ੀ ਵਾਲੇ ਪਾਸੇ ਖੜ੍ਹੇ ਬੱਲੇਬਾਜ਼ ਐਨਰਿਕ ਨੋਰਟਜੇ ਦੇ ਹੈਲਮਟ ਨਾਲ ਜਾ ਲੱਗੀ ਤੇ ਸਿੱਧਾ ਨਦੀਮ ਵੱਲ ਗਈ ਜਿਸ ਨੂੰ ਗੇਂਦਬਾਜ਼ ਨੇ ਕੈਚ ਕਰ ਲਿਆ।