ਰਾਂਚੀ (ਜੇਐੱਨਐੱਨ) : ਜੇਐੱਸਸੀਏ ਸਟੇਡੀਅਮ ਦੀ ਜਿਸ ਪਿੱਚ ਨੂੰ ਸਪਿੰਨਰਾਂ ਲਈ ਢੁੱਕਵਾਂ ਮੰਨਿਆ ਜਾ ਰਿਹਾ ਸੀ ਉਸੇ ਪਿੱਚ 'ਤੇ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਜੋੜੀ ਮੁਹੰਮਦ ਸ਼ਮੀ ਤੇ ਉਮੇਸ਼ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਭਾਰਤ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਟੈਸਟ ਮੈਚ ਵਿਚ ਜਿੱਤ ਦੇ ਦਰਵਾਜ਼ੇ 'ਤੇ ਲਿਆ ਖੜ੍ਹਾ ਕੀਤਾ ਹੈ। ਦੋਵਾਂ ਗੇਂਦਬਾਜ਼ਾਂ ਦਾ ਅਜਿਹਾ ਖ਼ੌਫ ਰਿਹਾ ਕਿ ਮਹਿਮਾਨ ਟੀਮ ਦੇ ਬੱਲੇਬਾਜ਼ ਦੋਵਾਂ ਪਾਰੀਆਂ ਵਿਚ ਖੁੱਲ੍ਹ ਕੇ ਨਹੀਂ ਖੇਡ ਸਕੇ। ਇਸ ਮੈਚ ਵਿਚ ਅਜੇ ਤਕ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਜੋੜੀ ਨੇ 10 ਵਿਕਟਾਂ ਹਾਸਲ ਕੀਤੀਆਂ ਹਨ ਜਦਕਿ ਸਪਿੰਨ ਗੇਂਦਬਾਜ਼ਾਂ ਨੇ ਛੇ ਵਿਕਟਾਂ ਲਈਆਂ ਹਨ। ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਦੱਖਣੀ ਅਫਰੀਕਾ ਦੀ ਟੀਮ ਦੂਜੀ ਪਾਰੀ ਵਿਚ ਵਿਚ ਅੱਠ ਵਿਕਟਾਂ ਗੁਆ ਕੇ 132 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਹੈ। ਅਜੇ ਵੀ ਮਹਿਮਾਨ ਟੀਮ ਨੇ ਪਾਰੀ ਦੀ ਹਾਰ ਤੋਂ ਬਚਣ ਲਈ 203 ਦੌੜਾਂ ਬਣਾਉਣੀਆਂ ਹਨ ਜਦਕਿ ਉਸ ਕੋਲ ਦੋ ਵਿਕਟਾਂ ਹੀ ਹਨ। ਪਹਿਲੀ ਪਾਰੀ ਵਿਚ ਭਾਰਤ ਨੇ ਨੌਂ ਵਿਕਟਾਂ 'ਤੇ 497 ਦੌੜਾਂ ਬਣਾਈਆਂ ਸਨ। ਪਹਿਲੀ ਪਾਰੀ ਦੇ ਆਧਾਰ 'ਤੇ 335 ਦੌੜਾਂ ਨਾਲ ਪੱਛੜੀ ਦੱਖਣੀ ਅਫਰੀਕਾ ਦੀ ਟੀਮ ਦੀ ਦੂਜੀ ਪਾਰੀ ਵਿਚ ਉਹੀ ਕਹਾਣੀ ਰਹੀ ਤੇ ਉਸ ਦੇ ਬੱਲੇਬਾਜ਼ ਸਸਤੇ ਵਿਚ ਆਊਟ ਹੁੰਦੇ ਚਲੇ ਗਏ। ਖੇਡ ਸਮਾਪਤ ਹੋਣ ਤਕ ਜ਼ਖ਼ਮੀ ਏਲਗਰ ਦੀ ਥਾਂ 'ਤੇ ਬੱਲੇਬਾਜ਼ੀ ਕਰਨ ਆਏ ਥੇਉਨਿਸ ਡੀ ਬਰੂਏਨ (30) ਤੇ ਏਨਰਿਕ ਨੋਰਟਜੇ (05) ਖੇਡ ਰਹੇ ਹਨ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ ਤਿੰਨ, ਉਮੇਸ਼ ਯਾਦਵ ਨੇ ਦੋ, ਰਵਿੰਦਰ ਜਡੇਜਾ ਤੇ ਅਸ਼ਵਿਨ ਨੇ ਇਕ ਇਕ ਵਿਕਟ ਲਈ।

ਭਾਰਤ ਨੇ ਦਿੱਤਾ ਫਾਲੋਆਨ :

ਦੱਖਣੀ ਅਫਰੀਕਾ ਦੀ ਟੀਮ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੀਰੀਜ਼ ਵਿਚ ਦੂਜੀ ਵਾਰ ਫਾਲੋਆਨ ਖਿਡਾਇਆ। ਇਹ ਪਹਿਲਾ ਮੌਕਾ ਹੈ ਜਦ ਦੱਖਣੀ ਅਫਰੀਕਾ ਦੀ ਟੀਮ ਨੂੰ ਇਕ ਸੀਰੀਜ਼ ਵਿਚ ਦੋ ਵਾਰ ਫਾਲੋਆਨ ਖੇਡਣਾ ਪਿਆ। ਦੱਖਣੀ ਅਫਰੀਕਾ ਪਹਿਲੀ ਪਾਰੀ 'ਚ 162 'ਤੇ ਸਿਮਟ ਗਿਆ ਸੀ।

ਕੋਹਲੀ ਨੇ ਤੋੜਿਆ ਅਜ਼ਹਰ ਦਾ ਰਿਕਾਰਡ

ਰਾਂਚੀ : ਕੋਹਲੀ ਵਿਰੋਧੀ ਟੀਮ ਨੂੰ ਸਭ ਤੋਂ ਜ਼ਿਆਦਾ ਵਾਰ ਫਾਲੋਆਨ ਦੇਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਮੁਹੰਮਦ ਅਜ਼ਹਰੂਦੀਨ ਦੇ ਭਾਰਤੀ ਰਿਕਾਰਡ ਨੂੰ ਤੋੜਿਆ ਜਿਨ੍ਹਾਂ ਨੇ ਸੱਤ ਵਾਰ ਵਿਰੋਧੀ ਟੀਮ ਨੂੰ ਫਾਲੋਆਨ ਦਿੱਤਾ ਸੀ। ਕੋਹਲੀ ਦਾ ਕਪਤਾਨ ਦੇ ਰੂਪ ਵਿਚ ਇਹ 51ਵਾਂ ਟੈਸਟ ਮੈਚ ਸੀ। ਉਥੇ ਅਜ਼ਹਰ ਨੇ 47 ਮੈਚਾਂ ਵਿਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਮਹਿੰਦਰ ਸਿੰਘ ਧੋਨੀ ਨੇ 60 ਮੈਚਾਂ ਵਿਚ ਪੰਜ ਵਾਰ ਤੇ ਸੌਰਵ ਗਾਂਗੁਲੀ ਨੇ 49 ਮੈਚਾਂ ਵਿਚ ਚਾਰ ਵਾਰ ਫਾਲੋਆਨ ਦਿੱਤਾ ਸੀ।

ਪੰਤ ਨੇ ਕੀਤੀ ਵਿਕਟਕੀਪਿੰਗ :

ਰਾਂਚੀ : ਵਿਕਟਕੀਪਰ ਰਿੱਧੀਮਾਨ ਸਾਹਾ ਦੇ ਦੱਖਣੀ ਅਫਰੀਕਾ ਦੀ ਦੂਜੀ ਪਾਰੀ ਦੌਰਾਨ ਸੱਜੇ ਹੱਥ ਦੀ ਉਂਗਲੀ ਵਿਚ ਗੇਂਦ ਲੱਗ ਗਈ ਸੀ। ਇਸ ਤੋਂ ਬਾਅਦ ਤੀਜੇ ਦਿਨ ਆਖ਼ਰੀ ਦੇ ਇਕ ਘੰਟੇ ਤਕ ਸਾਹਾ ਦੀ ਥਾਂ ਰਿਸ਼ਭ ਪੰਤ ਨੇ ਕੀਪਿੰਗ ਕੀਤੀ। ਸਾਹਾ ਦੀ ਸੱਟ ਫਿਲਹਾਲ ਠੀਕ ਹੈ ਪਰ ਮੰਗਲਵਾਰ ਦੀ ਸਵੇਰ ਮੈਚ ਤੋਂ ਪਹਿਲਾਂ ਉਨ੍ਹਾਂ ਦੀ ਸੱਟ ਦੀ ਜਾਂਚ ਮੁੜ ਕੀਤੀ ਜਾਵੇਗੀ।