ਨਵੀਂ ਦਿੱਲੀ (ਜੇਐੱਨਐੱਨ) : ਪਿਛਲੇ ਬੱਲੇਬਾਜ਼ਾਂ ਕੇਸ਼ਵ ਮਹਾਰਾਜ (72) ਤੇ ਵਰਨੋਨ ਫਿਲੈਂਡਰ (ਅਜੇਤੂ 44) ਦੇ ਜ਼ਬਰਦਸਤ ਜੁਝਾਰੂਪਨ ਦੀ ਬਦੌਲਤ ਦੱਖਣੀ ਅਫਰੀਕਾ ਦੀ ਟੀਮ 275 ਦੌੜਾਂ ਬਣਾਉਣ ਵਿਚ ਜ਼ਰੂਰ ਕਾਮਯਾਬ ਹੋਈ ਪਰ ਫਾਲੋਆਨ ਬਚਾਉਣ ਵਿਚ ਕਾਮਯਾਬ ਨਹੀਂ ਹੋ ਸਕੀ। ਭਾਰਤੀ ਟੀਮ ਨੇ ਕਪਤਾਨ ਵਿਰਾਟ ਕੋਹਲੀ ਦੇ ਦੋਹਰੇ ਸੈਂਕੜੇ ਦੀ ਬਦੌਲਤ ਪੰਜ ਵਿਕਟਾਂ 'ਤੇ 601 ਦੌੜਾਂ 'ਤੇ ਪਹਿਲੀ ਪਾਰੀ ਐਲਾਨ ਦਿੱਤੀ ਸੀ। ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 326 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰ ਲਈ ਸੀ ਤੇ ਹੁਣ ਚੌਥੇ ਦਿਨ ਐਤਵਾਰ ਦੀ ਸਵੇਰ ਦੇਖਣਾ ਪਵੇਗਾ ਕਿ ਕਪਤਾਨ ਕੋਹਲੀ ਮਹਿਮਾਨ ਟੀਮ ਨੂੰ ਦੂਜੀ ਪਾਰੀ ਵਿਚ ਫਾਲੋਆਨ ਖਿਡਾਉਂਦੇ ਹਨ ਜਾਂ ਫਿਰ ਚੌਥੀ ਪਾਰੀ ਵਿਚ ਬੱਲੇਬਾਜ਼ੀ ਕਰਨ ਦੇ ਡਰ ਤੋਂ ਖ਼ੁਦ ਹੀ ਬੱਲੇਬਾਜ਼ੀ ਲਈ ਮੈਦਾਨ 'ਤੇ ਉਤਰਦੇ ਹਨ। ਹਾਲਾਂਕਿ ਹੁਣ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਇਹ ਦੇਖਿਆ ਗਿਆ ਹੈ ਕਿ ਕੋਹਲੀ ਫਾਲੋਆਨ ਦੇਣ ਤੋਂ ਬਚਦੇ ਆਏ ਹਨ। ਰਿਕਾਰਡ ਦੇਖਿਆ ਜਾਵੇ ਤਾਂ ਭਾਰਤੀ ਟੀਮ ਨੇ ਅਜੇ ਤਕ ਟੈਸਟ ਇਤਿਹਾਸ ਵਿਚ ਕਦੀ ਵੀ ਦੱਖਣੀ ਅਫਰੀਕੀ ਟੀਮ ਨੂੰ ਫਾਲੋਆਨ ਨਹੀਂ ਦਿੱਤਾ ਹੈ। ਉਥੇ ਦੱਖਣੀ ਅਫਰੀਕੀ ਟੀਮ ਨੂੰ ਆਖ਼ਰੀ ਵਾਰ 2008 ਵਿਚ ਇੰਗਲੈਂਡ ਦੀ ਟੀਮ ਨੇ ਲਾਰਡਜ਼ ਦੇ ਮੈਦਾਨ 'ਤੇ ਫਾਲੋਆਨ ਦਿੱਤਾ ਸੀ। ਪਿਛਲੇ ਦਿਨੀਂ ਵੈਸਟਇੰਡੀਜ਼ ਨਾਲ ਟੈਸਟ ਸੀਰੀਜ਼ ਦੌਰਾਨ ਵੀ ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਫਾਲੋਆਨ ਨਾ ਦੇ ਕੇ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨਾ ਠੀਕ ਸਮਿਝਆ। ਇਸ ਤੋਂ ਪਹਿਲਾਂ ਵੀ ਦੱਖਣੀ ਅਫਰੀਕਾ ਵਿਚ ਵੀ ਇਹੀ ਦੇਖਣ ਨੂੰ ਮਿਲਿਆ ਸੀ। ਕੋਹਲੀ ਦਾ ਮੰਨਣਾ ਹੈ ਕਿ ਪੰਜਵੇਂ ਦਿਨ ਪਿੱਚ ਦੀ ਸਥਿਤੀ ਨੂੰ ਦੇਖਦੇ ਹੋਏ ਬੱਲੇਬਾਜ਼ੀ ਕਰਨ ਦਾ ਜੋਖ਼ਮ ਲੈਣਾ ਠੀਕ ਨਹੀਂ ਹੁੰਦਾ।

ਨਹੀਂ ਚੱਲੀ ਦਖਣੀ ਅਫਰੀਕੀ ਬੱਲੇਬਾਜ਼ੀ :

36 ਦੌੜਾਂ 'ਤੇ ਤਿੰਨ ਵਿਕਟਾਂ ਤੋਂ ਅੱਗੇ ਸ਼ਨਿਚਰਵਾਰ ਨੂੰ ਖੇਡਣ ਉਤਰੀ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੇ ਇਕ ਵਾਰ ਮੁੜ ਨਿਰਾਸ਼ ਕੀਤਾ। ਹਾਲਾਂਕਿ ਕਪਤਾਨ ਫਾਫ ਡੁਪਲੇਸਿਸ ਜ਼ਰੂਰ 117 ਗੇਂਦਾਂ ਵਿਚ ਨੌਂ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 64 ਦੌੜਾਂ ਬਣਾਉਣ ਵਿਚ ਕਾਮਯਾਬ ਰਹੇ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਸੰਘਰਸ਼ ਨਹੀਂ ਕਰ ਸਕਿਆ। ਸਵੇਰ ਦੇ ਸੈਸ਼ਨ ਵਿਚ ਮੁਹੰਮਦ ਸ਼ਮੀ ਦਾ ਸ਼ਾਨਦਾਰ ਸਪੈੱਲ ਤੇ ਰਿੱਧੀਮਾਨ ਸਾਹਾ ਦਾ ਸ਼ਾਨਦਾਰ ਕੈਚ ਆਕਰਸ਼ਣ ਦਾ ਕੇਂਦਰ ਰਿਹਾ। ਇਸ ਤੋਂ ਬਾਅਦ ਸਪਿੰਨਰਾਂ ਨੇ ਕਮਾਨ ਸੰਭਾਲੀ। ਡੁਪਲੇਸਿਸ ਤੇ ਕਵਿੰਟਨ ਡਿਕਾਕ (31) ਪਾਰੀ ਨੂੰ ਸੰਵਾਰਨ ਦੀ ਕੋਸ਼ਿਸ਼ ਵਿਚ ਲੱਗੇ ਸਨ। ਦੋਵਾਂ ਵਿਚਾਲੇ 75 ਦੌੜਾਂ ਦੀ ਭਾਈਵਾਲੀ ਨੂੰ ਅਸ਼ਵਿਨ ਨੇ ਤੋੜਿਆ ਜਦ ਡਿਕਾਕ ਉਨ੍ਹਾਂ ਦੀ ਗੇਂਦ 'ਤੇ ਆਊਟ ਹੋਏ।

ਪਿਛਲੇ ਬੱਲੇਬਾਜ਼ਾਂ ਨੇ ਦਿਖਾਇਆ ਜਜ਼ਬਾ :

ਫਿਲੈਂਡਰ ਤੇ ਜ਼ਖ਼ਮੀ ਮਹਾਰਾਜ ਨੇ ਨੌਵੀਂ ਵਿਕਟ ਲਈ 109 ਦੌੜਾਂ ਦੀ ਭਾਈਵਾਲੀ ਕੀਤੀ। ਫਿਲੈਂਡਰ 44 ਦੌੜਾਂ ਬਣਾ ਕੇ ਅਜੇਤੂ ਰਹੇ ਜਦਕਿ ਮਹਾਰਾਜ ਨੇ 72 ਦੌੜਾਂ ਬਣਾਈਆਂ। ਦੋਵਾਂ ਨੇ ਸੰਭਲ ਕੇ ਖੇਡਦੇ ਹੋਏ ਿਢੱਲੀਆਂ ਗੇਂਦਾਂ 'ਤੇ ਹੀ ਦੌੜਾਂ ਬਣਾਈਆਂ। ਦੋਵੇਂ ਜਿਸ ਸਮੇਂ ਕ੍ਰੀਜ਼ 'ਤੇ ਆਏ ਦੱਖਣੀ ਅਫਰੀਕਾ ਦਾ ਸਕੋਰ ਅੱਠ ਵਿਕਟਾਂ 'ਤੇ 162 ਦੌੜਾਂ ਸੀ। ਦੋਵੇਂ 43.1 ਓਵਰ ਤਕ ਕ੍ਰੀਜ਼ 'ਤੇ ਡਟੇ ਰਹੇ। ਮਹਾਰਾਜ ਨੇ ਆਪਣੀ ਪਾਰੀ ਵਿਚ 12 ਚੌਕੇ ਲਾਏ ਪਰ ਉਹ ਮੋਢੇ 'ਤੇ ਲੱਗੀ ਸੱਟ ਕਾਰਨ ਪਰੇਸ਼ਾਨ ਦਿਖਾਈ ਦਿੱਤੇ। ਆਖ਼ਰ 'ਚ ਅਸ਼ਵਿਨ ਦੀ ਗੇਂਦ 'ਤੇ ਉਹ ਲੈੱਗ ਸਲਿਪ ਵਿਚ ਰੋਹਿਤ ਸ਼ਰਮਾ ਨੂੰ ਕੈਚ ਦੇ ਕੇ ਮੁੜੇ। ਭਾਰਤ ਵੱਲੋਂ ਅਸ਼ਵਿਨ ਨੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਲਈਆਂ।