ਨਵੀਂ ਦਿੱਲੀ (ਜੇਐੱਨਐੱਨ) : ਦੱਖਣੀ ਅਫਰੀਕਾ ਖ਼ਿਲਾਫ਼ ਵਿਸ਼ਾਖਾਪਟਨਮ ਵਿਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੈਸਟ ਤੋਂ ਬਾਅਦ ਜਦ ਸੱਤ ਅਕਤੂਬਰ ਨੂੰ ਆਈਸੀਸੀ ਦੀ ਟੈਸਟ ਰੈਂਕਿੰਗ ਜਾਰੀ ਹੋਈ ਸੀ ਤਾਂ ਉਸ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ 899 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਕਾਬਜ ਸਨ ਪਰ ਜਨਵਰੀ 2018 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦ ਉਨ੍ਹਾਂ ਦੀ ਰੇਟਿੰਗ 900 ਅੰਕਾਂ ਤੋਂ ਹੇਠਾਂ ਆਈ ਸੀ। ਇੰਨਾ ਹੀ ਨਹੀਂ ਉਨ੍ਹਾਂ ਦੇ ਤੇ 937 ਅੰਕਾਂ ਨਾਲ ਚੋਟੀ ਦੀ ਰੈਂਕਿੰਗ 'ਤੇ ਕਾਬਜ਼ ਆਸਟ੍ਰੇਲੀਆ ਦੇ ਸਟੀਵ ਸਮਿਥ ਵਿਚਾਲੇ ਰੇਟਿੰਗ ਅੰਕਾਂ ਦਾ ਫ਼ਾਸਲਾ ਵਧ ਕੇ 38 ਅੰਕਾਂ ਦਾ ਹੋ ਗਿਆ ਸੀ ਪਰ ਕੋਹਲੀ ਨੇ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਵਿਚ ਕਰੀਅਰ ਦਾ ਸੱਤਵਾਂ ਦੋਹਰਾ ਸੈਂਕੜਾ ਲਾਉਂਦੇ ਹੋਏ ਇਕ ਵਾਰ ਮੁੜ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਦੁਨੀਆ ਦੇ ਸਰਬੋਤਮ ਬੱਲੇਬਾਜ਼ਾਂ ਵਿਚ ਕਿਉਂ ਸ਼ਾਮਲ ਕੀਤਾ ਜਾਂਦਾ ਹੈ। ਟੈਸਟ ਦੇ ਪਹਿਲੇ ਦਿਨ ਮਯੰਕ ਅੱਗਰਵਾਲ ਦੇ ਸੈਂਕੜੇ ਤੋਂ ਬਾਅਦ ਦੂਜੇ ਦਿਨ ਸਾਰਿਆਂ ਦੀਆਂ ਨਜ਼ਰਾਂ ਕਪਤਾਨ ਕੋਹਲੀ 'ਤੇ ਸਨ ਜੋ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ 'ਤੇ 63 ਦੌੜਾਂ ਬਣਾ ਕੇ ਅਜੇਤੂ ਸਨ। ਦੂਜਾ ਦਿਨ ਪੂਰੀ ਤਰ੍ਹਾਂ ਕੋਹਲੀ ਦੇ ਨਾਂ ਰਿਹਾ ਤੇ ਉਨ੍ਹਾਂ ਨੇ 336 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਟੈਸਟ ਕਰੀਅਰ ਦਾ ਸਰਬੋਤਮ ਸਕੋਰ ਬਣਾਉਂਦੇ ਹੋਏ ਅਜੇਤੂ 254 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ ਉਨ੍ਹਾਂ ਨੇ 33 ਚੌਕੇ ਤੇ ਦੋ ਛੱਕੇ ਵੀ ਲਾਏ। ਕੋਹਲੀ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ ਪੰਜ ਵਿਕਟਾਂ 'ਤੇ 601 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਕੋਹਲੀ ਤੋਂ ਇਲਾਵਾ ਦੂਜੇ ਦਿਨ ਅਜਿੰਕੇ ਰਹਾਣੇ (59) ਤੇ ਰਵਿੰਦਰ ਜਡੇਜਾ (91) ਨੇ ਵੀ ਅਰਧ ਸੈਂਕੜੇ ਲਾਏ। ਜਵਾਬ ਵਿਚ ਦੱਖਣੀ ਅਫਰੀਕਾ ਨੇ ਦਿਨ ਦੀ ਖੇਡ ਸਮਾਪਤ ਹੋਣ ਤਕ 36 ਦੌੜਾਂ 'ਤੇ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਭਾਰਤ ਵੱਲੋਂ ਉਮੇਸ਼ ਯਾਦਵ ਨੇ ਦੋ ਤੇ ਮੁਹੰਮਦ ਸ਼ਮੀ ਨੇ ਇਕ ਵਿਕਟ ਹਾਸਲ ਕੀਤਾ।

ਇਕ ਪਾਰੀ ਦੌਰਾਨ ਬਣਾਏ ਕਈ ਰਿਕਾਰਡ ਬਣਾਏ

ਨਵੀਂ ਦਿੱਲੀ : ਕੋਹਲੀ ਹੁਣ ਟੈਸਟ ਮੈਚਾਂ ਵਿਚ ਕਪਤਾਨ ਵਜੋਂ ਨੌਂ ਵਾਰ 150 ਤੋਂ ਜ਼ਿਆਦਾ ਦੌੜਾਂ ਦਾ ਬਣਾ ਚੁੱਕੇ ਹਨ ਜਦਕਿ ਬਰੈਡਮੈਨ ਨੇ ਇਹ ਕਾਰਨਾਮਾ ਅੱਠ ਵਾਰ ਕੀਤਾ ਸੀ। ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਵਿਚ ਸੱਤਵਾਂ ਦੋਹਰਾ ਸੈਂਕੜਾ ਲਾਇਆ। ਹੁਣ ਉਹਟੈਸਟ ਵਿਚ ਸਭਤੋਂ ਜ਼ਿਆਦਾ ਦੋਹਰੇ ਸੈਂਕੜੇ ਲਾਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਸਚਿਨ ਤੇ ਸਹਿਵਾਗ ਨੂੰ ਪਿੱਛੇ ਛੱਡਿਆ ਜਿਨ੍ਹਾਂ ਨੇ ਛੇ ਛੇ ਦੋਹਰੇ ਸੈਂਕੜੇ ਲਾਏ।