ਪੁਣੇ (ਪੀਟੀਆਈ) : ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਇੱਥੇ ਵੀਰਵਾਰ ਤੋਂ ਦੂਜਾ ਟੈਸਟ ਮੈਚ ਸ਼ੁਰੂ ਹੋਵੇਗਾ ਪਰ ਇਸ ਟੈਸਟ 'ਚ ਸਾਰਿਆਂ ਦੀਆਂ ਨਜ਼ਰਾਂ ਪੁਣੇ ਦੀ ਪਿੱਚ 'ਤੇ ਹੋਣਗੀਆਂ ਜੋ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਦਾ ਸਖ਼ਤ ਇਮਤਿਹਾਨ ਲੈਣਗੀਆਂ। ਵਿਸ਼ਾਖਾਪਟਨਮ ਵਿਚ ਹੋਏ ਪਹਿਲੇ ਟੈਸਟ 'ਚ 203 ਦੌੜਾਂ ਨਾਲ ਜਿੱਤਣ ਵਾਲੀ ਵਿਰਾਟ ਫ਼ੌਜ ਇੱਥੇ ਮਹਿਮਾਨ ਟੀਮ ਖ਼ਿਲਾਫ਼ ਵਧੇ ਮਨੋਬਲ ਨਾਲ ਮਹਾਰਾਸ਼ਟਰ ਕ੍ਰਿਕਟ ਸੰਘ ਮੈਦਾਨ 'ਤੇ ਉਤਰੇਗੀ ਤੇ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਤੇ ਅਜੇਤੂ ਬੜ੍ਹਤ ਲੈਣਾ ਚਾਹੇਗੀ। ਪਹਿਲੇ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਨੇ ਚੰਗਾ ਸੰਘਰਸ਼ ਕੀਤਾ ਪਰ ਮੈਚ ਦੇ ਆਖ਼ਰੀ ਦਿਨ ਉਹ ਮੇਜ਼ਬਾਨ ਟੀਮ ਦੇ ਸਾਹਮਣੇ ਟਿਕ ਨਹੀਂ ਸਕੀ। ਪੁਣੇ ਵਿਚ 2017 ਵਿਚ ਜੋ ਪਿਛਲਾ ਟੈਸਟ ਹੋਇਆ ਸੀ ਉਸ ਵਿਚ ਸਪਿੰਨਰਾਂ ਦਾ ਬੋਲਬਾਲਾ ਰਿਹਾ ਸੀ ਤੇ ਉਹ ਮੈਚ ਤਿੰਨ ਦਿਨਾਂ ਵਿਚ ਸਮਾਪਤ ਹੋ ਗਿਆ ਸੀ। ਦੂਜੇ ਟੈਸਟ ਮੈਚ 'ਤੇ ਵੀ ਬਾਰਿਸ਼ ਵੱਲੋਂ ਅੜਿੱਕਾ ਪਾਏ ਜਾਣ ਦੀ ਸੰਭਾਵਨਾ ਹੈ।

ਲੈਅ 'ਚ ਰੋਹਿਤ :

ਸੀਰੀਜ਼ ਦੇ ਪਹਿਲੇ ਮੈਚ ਵਿਚ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਪਹਿਲੀ ਵਾਰ ਟੈਸਟ ਵਿਚ ਪਾਰੀ ਦੀ ਸ਼ੁਰੂਆਤ ਕੀਤੀ ਸੀ ਤੇ ਦੋਵਾਂ ਪਾਰੀਆਂ ਵਿਚ ਸੈਂਕੜੇ (176, 127) ਲਾਏ ਸਨ। ਉਨ੍ਹਾਂ ਦੇ ਜੋੜੀਦਾਰ ਮਯੰਕ ਅੱਗਰਵਾਲ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਲਾਇਆ ਸੀ ਤੇ ਉਸ ਨੂੰ ਦੋਹਰੇ ਵਿਚ ਤਬਦੀਲ ਕਰਨ ਵਿਚ ਵੀ ਕਾਮਯਾਬ ਰਹੇ ਸਨ। ਰੋਹਿਤ ਚਾਹੁਣਗੇ ਕਿ ਬਤੌਰ ਟੈਸਟ ਸਲਾਮੀ ਬੱਲੇਬਾਜ਼ ਉਨ੍ਹਾਂ ਨੂੰ ਜੋ ਸ਼ੁਰੂਆਤ ਮਿਲੀ ਹੈ, ਉਸ ਨੂੰ ਕਾਇਮ ਰੱਖਣ ਤੇ ਮਯੰਕ ਦੇ ਨਾਲ ਮਿਲ ਕੇ ਉਹ ਟੀਮ ਨੂੰ ਪੁਣੇ ਵਿਚ ਵੀ ਮਜ਼ਬੂਤ ਸ਼ੁਰੂਆਤ ਦੇ ਸਕਣ।

ਵੱਡੀ ਪਾਰੀ ਖੇਡਣਾ ਚਾਹੁਣਗੇ ਕੋਹਲੀ ਤੇ ਪੁਜਾਰਾ :

ਟੀਮ ਦੀ ਬੱਲੇਬਾਜ਼ੀ ਵਿਚ ਕਪਤਾਨ ਵਿਰਾਟ ਕੋਹਲੀ ਤੇ ਚੇਤੇਸ਼ਵਰ ਪੁਜਾਰਾ ਵੀ ਹਨ ਜੋ ਆਪਣੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਬਦਲ ਨਹੀਂ ਪਾ ਰਹੇ ਹਨ। ਪਹਿਲੇ ਟੈਸਟ ਵਿਚ ਕੋਹਲੀ (20, ਅਜੇਤੂ 31) ਤੇ ਪੁਜਾਰਾ (6, 81) ਨੇ ਥੋੜ੍ਹਾ ਯੋਗਦਾਨ ਦਿੱਤਾ ਸੀ। ਪੁਜਾਰਾ ਤੇਜ਼ ਗੇਂਦਬਾਜ਼ ਵੱਲੋਂ ਅੰਦਰ ਆਉਂਦੀਆਂ ਗੇਂਦਾਂ ਨਾਲ ਕਾਫੀ ਪਰੇਸ਼ਾਨ ਹੋਏ ਹਨ ਜੋ ਚਿੰਤਾ ਦੀ ਗੱਲ ਹੈ। ਟੀਮ ਦੇ ਉੱਪ ਕਪਤਾਨ ਅਜਿੰਕੇ ਰਹਾਣੇ ਦਾ ਬੱਲਾ ਵੀ ਪਹਿਲੇ ਟੈਸਟ ਵਿਚ ਖ਼ਾਮੋਸ਼ ਰਿਹਾ ਸੀ ਜਦਕਿ ਹਨੂਮਾ ਵਿਹਾਰੀ ਉਪਯੋਗੀ ਯੋਗਦਾਨ ਦੇ ਸਕਦੇ ਹਨ।

ਸ਼ਮੀ ਤੇ ਇਸ਼ਾਂਤ ਨੇ ਸੰਭਾਲੀ ਜ਼ਿੰਮੇਵਾਰੀ :

ਪਹਿਲੇ ਟੈਸਟ ਮੈਚ ਵਿਚ ਜਸਪ੍ਰੀਤ ਬੁਮਰਾਹ ਦੀ ਗ਼ੈਰਮੌਜੂਦਗੀ ਵਿਚ ਮੁਹੰਮਦ ਸ਼ਮੀ ਤੇ ਇਸ਼ਾਂਤ ਸ਼ਰਮਾ ਨੇ ਚੰਗੀ ਜ਼ਿੰਮੇਵਾਰੀ ਸੰਭਾਲੀ ਸੀ। ਸ਼ਮੀ ਨੇ ਦੂਜੀ ਪਾਰੀ ਵਿਚ ਪੰਜ ਵਿਕਟਾਂ ਲੈ ਕੇ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਜੇ ਵਿਕਟ ਸਪਿੰਨਰਾਂ ਦੀ ਮਦਦਗਾਰ ਰਹਿੰਦੀ ਹੈ ਤਾਂ ਅਸ਼ਵਿਨ ਤੇ ਜਡੇਜਾ ਅਹਿਮ ਕਿਰਦਾਰ ਨਿਭਾਉਣਗੇ। ਵਿਸ਼ਾਖਾਪਟਨਮ ਵਿਚ ਵੀ ਅਸ਼ਵਿਨ ਨੇ ਪਹਿਲੀ ਪਾਰੀ ਵਿਚ ਸੱਤ ਵਿਕਟਾਂ ਲਈਆਂ ਸਨ। ਦੂਜੀ ਪਾਰੀ ਵਿਚ ਜਡੇਜਾ ਨੇ ਚਾਰ ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਬਾਰਿਸ਼ ਹੁੰਦੀ ਹੈ ਤਾਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਣਾ ਤੈਅ ਹੈ ਤੇ ਇਹ ਮਹਿਮਾਨ ਟੀਮ ਲਈ ਫ਼ਾਇਦੇਮੰਦ ਹੋ ਸਕਦਾ ਹੈ। ਦੱਖਣੀ ਅਫਰੀਕਾ ਕੋਲ ਕੈਗਿਸੋ ਰਬਾਦਾ, ਵਰਨੋਨ ਫਿਲੈਂਡਰ ਤੇ ਲੁੰਗੀ ਨਗੀਦੀ ਵਰਗੇ ਗੇਂਦਬਾਜ਼ ਹਨ ਜੋ ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਸਥਿਤੀ ਦਾ ਫ਼ਾਇਦਾ ਉਠਾ ਸਕਦੇ ਹਨ।

ਤਿੰਨ 'ਤੇ ਟਿਕੀ ਮਹਿਮਾਨ ਟੀਮ ਦੀ ਬੱਲੇਬਾਜ਼ੀ :

ਦੱਖਣੀ ਅਫਰੀਕੀ ਟੀਮ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਤਿੰਨ ਬੱਲੇਬਾਜ਼ਾਂ 'ਤੇ ਟਿਕੀ ਹੋਈ ਹੈ ਤੇ ਇਹ ਪਹਿਲੇ ਟੈਸਟ ਵਿਚ ਵੀ ਦੇਖਣ ਨੂੰ ਮਿਲ ਗਿਆ ਹੈ। ਭਾਰਤੀ ਟੀਮ ਦੀ ਮਜ਼ਬੂਤ ਗੇਂਦਬਾਜ਼ੀ ਅੱਗੇ ਸਲਾਮੀ ਬੱਲੇਬਾਜ਼ ਡੀਨ ਏਲਗਰ, ਵਿਕਟਕੀਪਰ ਬੱਲੇਬਾਜ਼ ਕਵਿੰਟਨ ਡਿਕਾਕ ਤੇ ਫਾਫ ਡੁਪਲੇਸਿਸ ਹੀ ਸਾਹਮਣਾ ਕਰ ਸਕੇ ਹਨ ਜਦਕਿ ਹੋਰ ਬੱਲੇਬਾਜ਼ਾਂ ਨੇ ਗੋਡੇ ਟੇਕ ਦਿੱਤੇ ਸਨ।

ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ :

ਵਿਰਾਟ ਕੋਹਲੀ (ਕਪਤਾਨ), ਮਯੰਕ ਅੱਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ, ਹਨੂਮਾ ਵਿਹਾਰੀ, ਰਿੱਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਰਿਸ਼ਭ ਪੰਤ, ਸ਼ੁਭਮਨ ਗਿੱਲ, ਉਮੇਸ਼ ਯਾਦਵ।

ਦੱਖਣੀ ਅਫਰੀਕਾ :

ਫਾਫ ਡੁਪਲੇਸਿਸ (ਕਪਤਾਨ), ਤੇਂਬਾ ਬਾਵੁਮਾ, ਥਿਊਨਿਸ ਡੀ ਬਰੂਨ, ਕਵਿੰਟਨ ਡਿਕਾਕ, ਡੀਨ ਏਲਗਰ, ਜੁਬੈਰ ਹਮਜਾ, ਕੇਸ਼ਨ ਮਹਾਰਾਜ, ਏਡੇਨ ਮਾਰਕਰੈਮ, ਸੇਨੁਰਨ ਮੁਥੂਸਾਮੀ, ਲੁੰਗੀ ਨਗੀਦੀ, ਐਨਰਿਕ ਨੋਰਟਜੇ, ਵਰਨੋਨ ਫਿਲੈਂਡਰ, ਡੇਨ ਪੀਟਡ, ਕੈਗਿਸੋ ਰਬਾਦਾ ਤੇ ਰੂਡੀ ਸੈਕੰਡ

ਵਿਦੇਸ਼ 'ਚ ਟੈਸਟ ਜਿੱਤਣ 'ਤੇ ਦੁੱਗਣੇ ਅੰਕ ਚਾਹੁੰਦੇ ਹਨ ਕੋਹਲੀ

ਪੁਣੇ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਕਿਹਾ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਵਿਦੇਸ਼ ਵਿਚ ਜਿੱਤ ਦਰਜ ਕਰਨ 'ਤੇ ਦੁੱਗਣੇ ਅੰਕ ਮਿਲਣੇ ਚਾਹੀਦੇ ਹਨ। ਿਫ਼ਲਹਾਲ ਸੀਰੀਜ਼ ਵਿਚ ਕਲੀਨ ਸਵੀਪ ਕਰਨ 'ਤੇ ਇਕ ਟੀਮ ਨੂੰ 120 ਅੰਕ ਮਿਲਦੇ ਹਨ ਚਾਹੇ ਉਹ ਦੋ ਮੈਚਾਂ ਦੀ ਸੀਰੀਜ਼ ਹੋਵੇ ਜਾਂ ਪੰਜ ਮੈਚਾਂ ਦੀ। ਵਿਦੇਸ਼ ਵਿਚ ਖੇਡੀ ਗਈ ਹੋਵੇ ਜਾਂ ਆਪਣੀ ਧਰਤੀ 'ਤੇ।