ਪੋਚੇਫਸਟਰੂਮ (ਪੀਟੀਆਈ) : ਚਾਰ ਵਾਰ ਦੀ ਚੈਂਪੀਅਨ ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਮੰਗਲਵਾਰ ਨੂੰ ਧੁਰ ਵਿਰੋਧੀ ਪਾਕਿਸਤਾਨ ਨਾਲ ਖੇਡੇਗੀ ਤਾਂ ਉਸ ਦਾ ਟੀਚਾ ਲਗਾਤਾਰ ਤੀਜੇ ਫਾਈਨਲ ਵਿਚ ਪ੍ਰਵੇਸ਼ ਕਰਨ ਦਾ ਹੋਵੇਗਾ। ਦੋਵੇਂ ਟੀਮਾਂ ਸੈਮੀਫਾਈਨਲ ਤਕ ਦੀ ਰਾਹ ਵਿਚ ਅਜੇਤੂ ਰਹੀਆਂ ਹਨ। ਭਾਰਤ ਨੇ ਕੁਆਰਟਰ ਫਾਈਨਲ ਵਿਚ ਆਸਟ੍ਰੇਲੀਆ ਨੂੰ ਤੇ ਪਾਕਿਸਤਾਨ ਨੇ ਅਫ਼ਗਾਨਿਸਤਾਨ ਨੂੰ ਹਰਾਇਆ ਸੀ। ਪਾਕਿਸਤਾਨ ਦੇ ਕਪਤਾਨ ਰੋਹੇਲ ਨਜ਼ੀਰ ਨੇ ਇਸ ਮੈਚ ਨੂੰ ਲੈ ਬਣੇ ਮਾਹੌਲ ਨੂੰ ਜ਼ਿਆਦਾ ਤੂਲ ਦੇਣ ਤੋਂ ਇਨਕਾਰ ਕੀਤਾ ਪਰ ਇਹ ਹਕੀਕਤ ਹੈ ਕਿ ਇਹ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ ਦਬਾਅ ਵਾਲਾ ਮੈਚ ਹੋਵੇਗਾ। ਇਸ ਵਿਚ ਦੋਵਾਂ ਟੀਮਾਂ ਦੇ ਖਿਡਾਰੀਆਂ ਦਾ ਅਸਲ ਇਮਤਿਹਾਨ ਹੋਵੇਗਾ। ਇਸ ਮੈਚ ਵਿਚ ਚੰਗਾ ਪ੍ਰਦਰਸ਼ਨ ਕਰਨ ਨਾਲ ਕੋਈ ਰਾਤੋ-ਰਾਤ ਸਟਾਰ ਬਣ ਜਾਵੇਗਾ ਤਾਂ ਖ਼ਰਾਬ ਖੇਡਣ 'ਤੇ ਖਲਨਾਇਕ ਵੀ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਹੁਰੈਰਾ ਨੇ ਅਫ਼ਗਾਨਿਸਤਾਨ 'ਤੇ ਮਿਲੀ ਜਿੱਤ ਤੋਂ ਬਾਅਦ ਕਿਹਾ ਸੀ ਕਿ ਇਹ ਕਾਫੀ ਦਬਾਅ ਵਾਲਾ ਮੈਚ ਹੈ ਤੇ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਅਸੀਂ ਇਸ ਨੂੰ ਇਕ ਆਮ ਮੈਚ ਵਾਂਗ ਲਵਾਂਗੇ ਤੇ ਸਰਬੋਤਮ ਪ੍ਰਦਰਸਨ ਕਰਨ ਦੀ ਕੋਸ਼ਿਸ਼ ਕਰਾਂਗੇ।

ਇਤਿਹਾਸ ਨਹੀਂ ਰੱਖਦਾ ਮਾਅਨੇ :

ਪਿਛਲੇ ਕੁਝ ਸਾਲਾਂ ਨੂੰ ਦੇਖਿਆ ਜਾਵੇ ਤਾਂ ਸੀਨੀਅਰ ਟੀਮ ਵਾਂਗ ਭਾਰਤੀ ਜੂਨੀਅਰ ਟੀਮ ਦਾ ਪਾਕਿਸਤਾਨ 'ਤੇ ਪਲੜਾ ਭਾਰੀ ਰਿਹਾ ਹੈ। ਭਾਰਤ ਨੇ ਪਿਛਲੇ ਸਾਲ ਸਤੰਬਰ ਵਿਚ ਉਸ ਨੂੰ ਏਸ਼ੀਆ ਕੱਪ ਵਿਚ ਹਰਾਇਆ ਸੀ। ਅੰਡਰ-19 ਵਿਸ਼ਵ ਕੱਪ ਵਿਚ ਪਿਛਲੀ ਵਾਰ ਦੇ ਚੈਂਪੀਅਨ ਭਾਰਤ ਨੇ 2018 ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ 203 ਦੌੜਾਂ ਨਾਲ ਮਾਤ ਦਿੱਤੀ ਸੀ। ਉਂਝ ਕ੍ਰਿਕਟ 'ਚ ਇਤਿਹਾਸ ਮਾਅਨੇ ਨਹੀਂ ਰੱਖਦਾ ਤੇ ਪਿ੍ਰਅਮ ਗਰਗ ਦੀ ਕਪਤਾਨੀ ਵਾਲੀ ਟੀਮ ਨੂੰ ਪਾਕਿਸਤਾਨ 'ਤੇ ਜਿੱਤ ਦਰਜ ਕਰਨ ਲਈ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ।

ਯਸ਼ਸਵੀ ਜਾਇਸਵਾਲ 'ਤੇ ਰਹੇਗੀ ਸਭ ਦੀ ਨਜ਼ਰ :

ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਭਾਰਤੀ ਬੱਲੇਬਾਜ਼ੀ ਨੂੰ ਮਜ਼ਬੂਤ ਕਰਦੇ ਹਨ ਜਿਨ੍ਹਾਂ ਨੇ ਚਾਰ ਮੈਚਾਂ ਵਿਚ ਤਿੰਨ ਅਰਧ ਸੈਂਕੜੇ ਲਾਏ ਹਨ ਜਿਨ੍ਹਾਂ ਵਿਚੋਂ ਇਕ ਆਸਟ੍ਰੇਲੀਆ ਖ਼ਿਲਾਫ਼ ਵੀ ਸ਼ਾਮਲ ਹੈ। ਬਾਕੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ। ਜੇ ਕੁਆਰਟਰ ਫਾਈਨਲ 'ਚ ਹੇਠਲੇ ਨੰਬਰ ਦੇ ਬੱਲੇਬਾਜ਼ ਨਾ ਹੁੰਦੇ ਤਾਂ ਨਤੀਜਾ ਕੁਝ ਹੋਰ ਵੀ ਹੋ ਸਕਦਾ ਸੀ।

ਪਾਕਿ ਗੇਂਦਬਾਜ਼ ਬਣਨਗੇ ਮੁਸ਼ਕਲ :

ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਅੱਬਾਸ ਅਫ਼ਰੀਦੀ, ਮੁਹੰਮਦ ਆਮਿਰ ਖਾਨ ਤੇ ਤਾਹਿਰ ਹੁਸੈਨ ਨੂੰ ਖੇਡਣਾ ਭਾਰਤੀ ਬੱਲੇਬਾਜ਼ਾਂ ਲਈ ਸੌਖਾ ਨਹੀਂ ਹੋਵੇਗਾ। ਸਲਾਮੀ ਬੱਲੇਬਾਜ਼ ਹੁਰੈਰਾ ਨੇ ਪਿਛਲੇ ਮੈਚ ਵਿਚ 64 ਦੌੜਾਂ ਬਣਾ ਕੇ ਪਾਕਿਸਤਾਨ ਦੀ ਜਿੱਤ 'ਚ ਅਹਿਮ ਯੋਗਦਾਨ ਦਿੱਤਾ ਸੀ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ ਅੰਡਰ-19 :

ਪਿ੍ਅਮ ਗਰਗ (ਕਪਤਾਨ), ਧਰੁਵ ਜੁਰੇਲ, ਅਥਰਵ ਅੰਕੋਲੇਕਰ, ਰਵੀ ਬਿਸ਼ਨੋਈ, ਸ਼ੁਭਾਂਗ ਹੇਗੜੇ, ਯਸ਼ਸਵੀ ਜਾਇਸਵਾਲ, ਕੁਮਾਰ ਕੁਸ਼ਾਗਰ, ਸੁਸ਼ਾਂਤ ਮਿਸ਼ਰਾ, ਵਿੱਦਿਆਧਰ ਪਾਟਿਲ, ਸ਼ਾਸ਼ਵਤ ਰਾਵਤ, ਦਿਵਿਆਂਸ਼ ਸਕਸੇਨਾ, ਆਕਾਸ਼ ਸਿੰਘ, ਕਾਰਤਿਕ ਤਿਆਗੀ, ਤਿਲਕ ਵਰਮਾ, ਸਿੱਧੇਸ਼ ਵੀਰ।

ਪਾਕਿਸਤਾਨ ਅੰਡਰ-19 :

ਰੋਹੇਲ ਨਜ਼ੀਰ (ਕਪਤਾਨ), ਹੈਦਰ ਅਲੀ, ਅੱਬਾਸ ਅਫ਼ਰੀਦੀ, ਕਾਸਿਮ ਅਕਰਮ, ਆਮਿਰ ਅਲੀ, ਆਰਿਸ਼ ਅਲੀ, ਅਬਦੁਲ ਬੰਗਲਜਈ, ਮੁਹੰਮਦ ਹੈਰਿਸ, ਫਹਾਦ ਮੁਨੀਰ, ਮੁਹੰਮਦ ਹੁਰੈਰਾ, ਤਾਹਿਰ ਹੁਸੈਨ, ਇਰਫ਼ਾਨ ਖਾਨ, ਮੁਹੰਮਦ ਆਮਿਰ ਖਾਨ, ਮੁਹੰਮਦ ਸ਼ਹਿਜ਼ਾਦ, ਮੁਹੰਮਦ ਵਸੀਮ।

ਮੈਚ ਦਾ ਸਮਾਂ : ਦੁਪਹਿਰ 1.30 ਵਜੇ ਤੋਂ

ਪ੍ਰਸਾਰਣ : ਸਟਾਰ ਸਪੋਰਟਸ 'ਤੇ

'ਅੰਡਰ-19 ਟੀਮ ਦੇ ਸਾਡੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਕੁਝ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ ਪਰ ਉਨ੍ਹਾਂ ਨੇ ਚੰਗੀ ਵਾਪਸੀ ਕੀਤੀ। ਹੁਣ ਤੁਸੀਂ ਭਾਰਤ-ਪਾਕਿਸਤਾਨ ਦੀ ਗੱਲ ਕਰਦੇ ਹੋ ਤਾਂ ਹਮੇਸ਼ਾ ਪੂਰੀ ਚੈਂਪੀਅਨਸ਼ਿਪ ਤੋਂ ਜ਼ਿਆਦਾ ਉਤਸ਼ਾਹ ਉਸ ਮੈਚ ਦਾ ਰਹਿੰਦਾ ਹੈ। ਮੈਂ ਇਸ ਗੱਲ ਨੂੰ ਲੈ ਕੇ ਆਸਵੰਦ ਹਾਂ ਕਿ ਸਾਡੇ ਖਿਡਾਰੀ ਇਸ ਵੱਡੇ ਮੈਚ 'ਚ ਹੋਰ ਬਿਹਤਰ ਪ੍ਰਦਰਸ਼ਨ ਕਰਨਗੇ।

-ਜ਼ਹੀਰ ਖ਼ਾਨ, ਸਾਬਕਾ ਭਾਰਤੀ ਤੇਜ਼ ਗੇਂਦਬਾਜ਼