ਰਾਜਕੋਟ (ਪੀਟੀਆਈ) : ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿਚ ਇਕ ਵਾਰ ਮੁੜ ਦਬਾਅ ਵਿਚ ਆਇਆ ਭਾਰਤ ਵੀਰਵਾਰ ਨੂੰ ਇੱਥੇ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਜਿੱਤ ਨਾਲ ਸੀਰੀਜ਼ ਬਰਾਬਰ ਕਰਨ ਦੇ ਇਰਾਦੇ ਨਾਲ ਉਤਰੇਗਾ। ਇਸ ਮੈਚ ਵਿਚ ਸਮੁੰਦਰੀ ਝੱਖੜ ਮਹਾ ਦਾ ਵੀ ਖ਼ਤਰਾ ਮੰਡਰਾਅ ਰਿਹਾ ਹੈ। ਭਾਰਤ ਨੂੰ ਦਿੱਲੀ ਵਿਚ ਪ੍ਰਦੂਸ਼ਣ ਵਿਚਾਲੇ ਐਤਵਾਰ ਨੂੰ ਪਹਿਲੇ ਟੀ-20 ਮੈਚ ਵਿਚ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਸੀ। ਹੁਣ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਜਵਾਬੀ ਹਮਲੇ ਲਈ ਤਿਆਰ ਹੈ।

ਬੰਗਲਾਦੇਸ਼ ਲਈ ਇਹ ਨਤੀਜਾ ਬਿਹਤਰੀਨ ਹੈ ਜੋ ਤਨਖਾਹ ਤੇ ਹੋਰ ਮੁੱਦਿਆਂ ਨੂੰ ਲੈ ਕੇ ਖਿਡਾਰੀਆਂ ਦੀ ਹੜਤਾਲ ਤੋਂ ਬਾਅਦ ਇੱਥੇ ਆਇਆ ਹੈ। ਭਾਰਤ ਨੂੰ ਪਿਛਲੇ ਕੁਝ ਸਮੇਂ ਵਿਚ ਟੀ-20 ਫਾਰਮੈਟ ਵਿਚ ਚੰਗੀ ਕਾਮਯਾਬੀ ਨਹੀਂ ਮਿਲੀ ਹੈ ਜਿਵੇਂ ਟੀਮ ਨੇ ਵਨ ਡੇ ਤੇ ਟੈਸਟ ਕ੍ਰਿਕਟ ਵਿਚ ਹਾਸਲ ਕੀਤੀ ਹੈ ਤੇ ਇਹ ਇਸ ਸਾਲ ਦੇ ਨਤੀਜਿਆਂ ਵਿਚ ਵੀ ਦਿਖਾਈ ਦਿੰਦਾ ਹੈ। ਭਾਰਤ ਨੂੰ ਇਸ ਸਾਲ ਆਸਟ੍ਰੇਲੀਆ ਖ਼ਿਲਾਫ਼ ਘਰੇਲੂ ਜ਼ਮੀਨ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਬਰਾਬਰ ਰਹੀ। ਭਾਰਤ ਨੇ ਟੈਸਟ ਕ੍ਰਿਕਟ ਵਿਚ ਦੱਖਣੀ ਅਫਰੀਕਾ ਦਾ ਕਲੀਨ ਸਵੀਪ ਕੀਤਾ। ਰੈਗੂਲਰ ਕਪਤਾਨ ਵਿਰਾਟ ਕੋਹਲੀ ਸਮੇਤ ਕੁਝ ਸੀਨੀਅਰ ਖਿਡਾਰੀਆਂ ਦੀ ਗ਼ੈਰ ਮੌਜੂਦਗੀ ਵਿਚ ਨੌਜਵਾਨ ਖਿਡਾਰੀਆਂ ਕੋਲ ਇਹ ਸੀਰੀਜ਼ ਆਪਣੀ ਯੋਗਤਾ ਦਿਖਾਉਣ ਦਾ ਮੌਕਾ ਹੈ। ਭਾਰਤ ਜੇ ਬੰਗਲਾਦੇਸ਼ ਖ਼ਿਲਾਫ਼ ਸੀਰੀਜ਼ ਗੁਆ ਦਿੰਦਾ ਹੈ ਤਾਂ ਉਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਉਸ ਦੀਆਂ ਨਜ਼ਰਾਂ ਅਗਲੇ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟੀਮ ਤਿਆਰ ਕਰਨ 'ਤੇ ਟਿਕੀਆਂ ਹਨ। ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਚ ਭਾਰਤੀ ਬੱਲੇਬਾਜ਼ਾਂ ਨੂੰ ਦੌੜਾਂ ਲਈ ਜੂਝਣਾ ਪਿਆ ਸੀ।

ਦੋਵੇਂ ਟੀਮਾਂ ਇਸ ਤਰ੍ਹਾਂ ਹਨ :

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਕਰੁਣਾਲ ਪਾਂਡਿਆ, ਯੁਜਵਿੰਦਰ ਸਿੰਘ ਚਹਿਲ, ਰਾਹੁਲ ਚਾਹਰ, ਦੀਪਕ ਚਾਹਰ, ਖਲੀਲ ਅਹਿਮਦ, ਸ਼ਿਵਮ ਦੂਬੇ, ਸ਼ਾਰਦੂਲ ਠਾਕੁਰ।

ਬੰਗਲਾਦੇਸ਼ :

ਮਹਿਮੂਦੁੱਲ੍ਹਾ (ਕਪਤਾਨ), ਮੁਹੰਮਦ ਨਈਮ, ਅਫਿਫ ਹੁਸੈਨ, ਮੁਸੱਦਕ ਹੁਸੈਨ, ਅਨਿਮੁਲ ਇਸਲਾਮ, ਲਿਟਨ ਦਾਸ, ਮੁਸ਼ਫਿਕੁਰ ਰਹੀਮ, ਅਰਾਫਤ ਸਨੀ, ਅਲ ਅਮੀਨ ਹੁਸੈਨ, ਮੁਸਤਫਿਜੁਰ ਰਹਿਮਾਨ, ਸ਼ੈਫੁਲ ਇਸਲਾਮ, ਅਬੂ ਹੈਦਰ, ਮੁਹੰਮਦ ਮਿਥੁਨ, ਤਾਈਜੁਲ ਇਸਲਾਮ।

ਨੰਬਰ ਗੇਮ

-02 ਛੱਕੇ ਲਾਉਣ ਨਾਲ ਬੰਗਲਾਦੇਸ਼ ਦੇ ਟੀ-20 ਕਪਤਾਨ ਮਹਿਮੂਦੁੱਲ੍ਹਾ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ ਵਿਚ ਛੱਕਿਆਂ ਦਾ ਅਰਧ ਸੈਂਕੜਾ ਪੂਰਾ ਕਰ ਲੈਣਗੇ। ਉਹ ਟੀ-20 ਵਿਚ ਇਹ ਉਪਲੱਬਧੀ ਹਾਸਲ ਕਰਨ ਵਾਲੇ ਬੰਗਲਾਦੇਸ਼ ਦੇ ਪਹਿਲੇ ਖਿਡਾਰੀ ਬਣ ਜਾਣਗੇ। ਮਹਿਮੂਦੁੱਲ੍ਹਾ ਤੋਂ ਪਹਿਲਾਂ ਤਮੀਮ ਇਕਬਾਲ ਨੇ 41 ਛੱਕੇ ਲਾਏ ਹਨ।

-02 ਟੀ-20 ਮੈਚ ਹੀ ਸੌਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ਵਿਚ ਖੇਡੇ ਗਏ ਹਨ। 2017 ਵਿਚ ਨਿਊਜ਼ੀਲੈਂਡ ਨੇ ਦੋ ਵਿਕਟਾਂ 'ਤੇ 196 ਦੌੜਾਂ ਬਣਾਈਆਂ ਜਦਕਿ 2013 ਵਿਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੱਤ ਵਿਕਟਾਂ 'ਤੇ 201 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਭਾਰਤੀ ਟੀਮ ਨਿਊਜ਼ੀਲੈਂਡ ਹੱਥੋਂ ਮੈਚ ਹਾਰ ਗਈ ਸੀ ਜਦਕਿ ਆਸਟ੍ਰੇਲੀਆ ਨੂੰ ਉਸ ਨੇ ਮਾਤ ਦਿੱਤੀ ਸੀ।

-04 ਪਿਛਲੇ ਟੀ-20 ਮੈਚਾਂ ਵਿਚੋਂ ਤਿੰਨ ਵਿਚ ਭਾਰਤੀ ਟੀਮ ਨੂੰ ਮਾਤ ਮਿਲੀ ਹੈ। ਇਹ ਸਾਰੇ ਮੈਚ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਖੇਡੇ ਗਏ ਹਨ।

-07 ਪਿਛਲੇ ਟੀ-20 ਮੈਚਾਂ ਵਿਚੋਂ ਬੰਗਲਾਦੇਸ਼ ਦੀ ਟੀਮ ਨੇ ਪੰਜ ਵਿਚ ਜਿੱਤ ਹਾਸਲ ਕੀਤੀ ਹੈ।

-04 ਲਗਾਤਾਰ ਟੀ-20 ਅੰਤਰਰਾਸ਼ਟਰੀ ਮੈਚ ਬੰਗਲਾਦੇਸ਼ ਦੀ ਟੀਮ ਦੇ ਕੋਲ ਪਹਿਲੀ ਵਾਰ ਜਿੱਤਣ ਦਾ ਮੌਕਾ ਹੈ।

-06 ਟੀ-20 ਮੈਚ ਬੰਗਲਾਦੇਸ਼ ਦੀ ਟੀਮ ਨੇ ਨਵੇਂ ਕਪਤਾਨ ਮਹਿਮੂਦੁੱਲ੍ਹਾ ਦੀ ਕਪਤਾਨੀ ਵਿਚ ਖੇਡੇ ਹਨ ਜਿਸ ਵਿਚ ਮਹਿਮਾਨ ਟੀਮ ਸਿਰਫ਼ ਦੋ ਮੈਚ ਜਿੱਤ ਸਕੀ ਹੈ।

-03 ਜਾਂ ਇਸ ਤੋਂ ਜ਼ਿਆਦਾ ਮੈਚਾਂ ਦੀ ਟੀ-20 ਸੀਰੀਜ਼ ਨੂੰ ਬੰਗਲਾਦੇਸ਼ ਦੀ ਟੀਮ ਸਿਰਫ਼ ਦੋ ਵਾਰ ਹੀ ਜਿੱਤ ਸਕੀ ਹੈ।