ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਚੋਣਕਾਰ 2015 ਵਿਸ਼ਵ ਕੱਪ ਤੋਂ ਬਾਅਦ ਤੋਂ 2019 ਵਿਸ਼ਵ ਕੱਪ ਤਕ ਵਨ ਡੇ ਟੀਮ ਲਈ ਚਾਰ ਨੰਬਰ ਦਾ ਬੱਲੇਬਾਜ਼ ਭਾਲਦੇ ਰਹੇ ਤੇ ਇਸ ਸਾਲ ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਵਿਚ ਉਨ੍ਹਾਂ ਨੇ ਮੱਧ ਕ੍ਰਮ ਵਿਚ ਅਜਿਹੇ ਖਿਡਾਰੀ ਉਤਾਰੇ ਜੋ ਟੀਮ ਇੰਡੀਆ ਦੀ ਹਾਰ ਦਾ ਕਾਰਨ ਬਣੇ। ਟੀਮ ਇੰਡੀਆ ਨੂੰ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਕੇ ਬਾਹਰ ਹੋਣਾ ਪਿਆ। ਵਨ ਡੇ ਵਿਸ਼ਵ ਕੱਪ ਤੋਂ ਬਾਅਦ ਤੋਂ ਐੱਮਐੱਸਕੇ ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ, ਸਥਾਈ ਕਪਤਾਨ ਵਿਰਾਟ ਕੋਹਲੀ ਤੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮਿਲ ਕੇ ਅਗਲੇ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣ ਦੀ ਨਵੀਂ ਗੱਲ ਕਹੀ। ਇਸ ਕਾਰਨ ਟੀ-20 ਵਿਚ ਗੁੱਟ ਦੇ ਸਪਿੰਨਰਾਂ ਕੁਲਦੀਪ ਯਾਦਵ ਤੇ ਯੁਜਵਿੰਦਰ ਸਿੰਘ ਚਹਿਲ ਦੀ ਕਾਮਯਾਬ ਜੋੜੀ ਨੂੰ ਵੀ ਬਾਹਰ ਕਰ ਦਿੱਤਾ ਗਿਆ। ਕਿਸੇ ਤਰ੍ਹਾਂ ਚਹਿਲ ਬੰਗਲਾਦੇਸ਼ ਖ਼ਿਲਾਫ਼ ਟੀ-20 ਟੀਮ ਵਿਚ ਵਾਪਸੀ ਕਰਨ ਵਿਚ ਕਾਮਯਾਬ ਰਹੇ ਜਦਕਿ ਕੁਲਦੀਪ ਜ਼ਖ਼ਮੀ ਹਨ। ਚੋਣਕਾਰਾਂ, ਕੋਚ ਤੇ ਕਪਤਾਨ ਨੇ ਇਨ੍ਹਾਂ ਦੋਵਾਂ ਨੂੰ ਜੋ ਮਾਨਸਿਕ ਸੱਟ ਮਾਰੀ ਹੈ ਉਸ ਨੂੰ ਠੀਕ ਹੋਣ ਲਈ ਸਮਾਂ ਲੱਗੇਗਾ ਤੇ ਇਸ ਦਾ ਅਸਰ ਟੀਮ ਇੰਡੀਆ 'ਤੇ ਵੀ ਪਵੇਗਾ। ਆਪਣੇ ਸਭ ਤੋਂ ਖ਼ਰਾਬ ਦੌਰ 'ਚੋਂ ਗੁਜ਼ਰ ਰਹੀ ਨੌਵੇਂ ਨੰਬਰ ਦੀ ਬੰਗਲਾਦੇਸ਼ੀ ਟੀਮ ਜੇ ਐਤਵਾਰ ਨੂੰ ਅਰੁਣ ਜੇਟਲੀ ਸਟੇਡੀਅਮ ਵਿਚ ਟੀ-20 ਇਤਿਹਾਸ ਵਿਚ ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਇੰਡੀਆ ਨੂੰ ਹਰਾਉਣ ਵਿਚ ਕਾਮਯਾਬ ਰਹੀ ਤਾਂ ਉਸ ਦੇ ਪਿੱਛੇ ਉਨ੍ਹਾਂ ਦੀ ਟੀਮ ਦਾ ਚੰਗਾ ਪ੍ਰਦਰਸ਼ਨ ਤਾਂ ਹੈ ਹੀ ਨਾਲ ਹੀ ਇਸ ਵਿਚ ਭਾਰਤ ਦੀ ਵੀ ਰਣਨੀਤਕ ਗ਼ਲਤੀ ਵੀ ਹੈ। ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਜਦ ਕੋਈ ਟੀਮ ਵਿਸ਼ਵ ਕੱਪ ਟੀਮ ਬਣਾਉਣ ਲਈ ਆਪਣੀ ਬਣੀ ਬਣਾਈ ਟੀਮ ਨੂੰ ਵਿਗਾੜ ਰਹੀ ਹੈ। ਿਫ਼ਲਹਾਲ ਇਸ ਸੀਰੀਜ਼ ਵਿਚ ਰੋਹਿਤ ਸ਼ਰਮਾ ਕਪਤਾਨ ਹਨ ਤੇ ਉਨ੍ਹਾਂ ਨੂੰ ਜੋ ਟੀਮ ਦਿੱਤੀ ਗਈ ਹੈ ਉਸ ਕੋਲੋਂ ਹੀ ਬਿਹਤਰ ਪ੍ਰਦਰਸ਼ਨ ਕਰਵਾਉਣਾ ਪਵੇਗਾ। ਹੁਣ ਵੀਰਵਾਰ ਨੂੰ ਰਾਜਕੋਟ ਵਿਚ ਦੋਵੇਂ ਟੀਮਾਂ ਮੁੜ ਆਹਮੋ ਸਾਹਮਣੇ ਹੋਣਗੀਆਂ। ਇਸ ਕਾਰਨ ਰੋਹਿਤ ਨੂੰ ਨਵੀਂ ਰਣਨੀਤੀ ਨਾਲ ਦੂਜੇ ਟੀ-20 ਵਿਚ ਉਤਰਨਾ ਪਵੇਗਾ।

ਦੂਜੇ ਟੀ-20 'ਤੇ ਵੀ ਖ਼ਤਰਾ :

ਨਵੀਂ ਦਿੱਲੀ : ਭਾਰਤ ਤੇ ਬੰਗਲਾਦੇਸ਼ ਵਿਚਾਲੇ ਦਿੱਲੀ ਵਿਚ ਖੇਡਿਆ ਗਿਆ ਪਹਿਲਾ ਟੀ-20 ਮੈਚ ਪ੍ਰਦੂਸ਼ਣ ਕਾਰਨ ਖ਼ਤਰੇ ਵਿਚ ਸੀ ਤਾਂ ਹੁਣ ਵੀਰਵਾਰ ਨੂੰ ਰਾਜਕੋਟ ਵਿਚ ਹੋਣ ਵਾਲੇ ਦੂਜੇ ਟੀ-20 ਮੈਚ 'ਤੇ ਖ਼ਤਰਾ ਹੈ। ਮਹਾ ਨਾਮੀ ਤੂਫ਼ਾਨ ਭਾਰਤ ਦੇ ਪੱਛਮੀ ਸਮੁੰਦਰੀ ਕੰਢੇ ਵੱਲ ਵਧ ਰਿਹਾ ਹੈ। ਹੁਣ ਰਾਜਕੋਟ ਵਿਚ ਹੋਣ ਵਾਲੇ ਮੈਚ ਤੋਂ ਪਹਿਲਾਂ, 6-7 ਨਵੰਬਰ ਨੂੰ ਪੱਛਮੀ ਸਮੁੰਦਰੀ ਕੰਢੇ 'ਤੇ ਤੂਫ਼ਾਨ ਆਉਣ ਦਾ ਸ਼ੱਕ ਹੈ ਜਿਸ ਕਾਰਨ ਸੌਰਾਸ਼ਟਰ ਸਮੁੰਦਰੀ ਕੰਢੇ 'ਤੇ ਮਛੇਰਿਆਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਕਾਈਮੇਟ ਵੈਦਰ ਮੁਤਾਬਕ ਤੂਫ਼ਾਨ ਗੁਜਰਾਤ ਦੇ ਸਮੁੰਦਰੀ ਕੰਢੇ ਤਕ ਆਉਂਦੇ ਆਉਂਦੇ ਕਮਜ਼ੋਰ ਹੋਣ ਦੀ ਉਮੀਦ ਹੈ। ਸਕਾਈਮੇਟ ਮੁਤਾਬਕ ਇਹ ਦੀਵ ਤੇ ਪੋਰਬੰਦਰ ਵਿਚਾਲੇ ਸੱਤ ਨਵੰਬਰ ਨੂੰ ਘੱਟ ਹੋ ਸਕਦਾ ਹੈ ਤੇ ਉਸ ਸਮੇਂ ਹਵਾ ਦੀ ਸਪੀਡ 80-90 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਰੋਹਿਤ ਨੇ ਕੀਤਾ ਰਿਸ਼ਭ ਦਾ ਬਚਾਅ

ਨਵੀਂ ਦਿੱਲੀ : ਬੰਗਲਾਦੇਸ਼ ਖ਼ਿਲਾਫ਼ ਰਿਸ਼ਭ ਪੰਤ ਦੇ ਖ਼ਰਾਬ ਡੀਆਰਐੱਸ ਦਾ ਖਮਿਆਜ਼ਾ ਚਾਹੇ ਭਾਰਤੀ ਟੀਮ ਨੂੰ ਭੁਗਤਣਾ ਪਿਆ ਹੋਵੇ ਪਰ ਕਪਤਾਨ ਰੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਉਹ ਕਿਸੇ ਨਤੀਜੇ 'ਤੇ ਨਹੀਂ ਪੁੱਜਣਾ ਚਾਹੁੰਦੇ ਹਨ ਕਿਉਂਕਿ ਪੰਤ ਅਜੇ ਕਾਫੀ ਨੌਜਵਾਨ ਹਨ ਤੇ ਮੁਸ਼ਕਲ ਰਿਵਿਊ 'ਤੇ ਫ਼ੈਸਲੇ ਲੈਣਾ ਸਿੱਖ ਜਾਣਗੇ। ਉਹ ਮੈਚ ਦਾ 10ਵਾਂ ਓਵਰ ਸੀ ਜਦ ਡੀਆਰਐੱਸ ਨੂੰ ਲੈ ਕੇ ਫ਼ੈਸਲੇ ਭਾਰਤ ਖ਼ਿਲਾਫ਼ ਗਏ ਤੇ ਆਖ਼ਰ ਵਿਚ ਇਹ ਗ਼ਲਤੀ ਟੀਮ ਨੂੰ ਮਹਿੰਗੀ ਪਈ ਉਸ ਨੂੰ ਪਹਿਲੀ ਵਾਰ ਬੰਗਲਾਦੇਸ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।