ਨਵੀਂ ਦਿੱਲੀ (ਜੇਐੱਨਐੱਨ) : ਰਾਜਧਾਨੀ ਦਿੱਲੀ ਵਿਚ ਏਅਰ ਕੁਆਲਿਟੀ ਇੰਡੈਕਸ ਖ਼ਤਰਨਾਕ ਪੱਧਰ 'ਤੇ ਪੁੱਜ ਗਿਆ ਹੈ ਤੇ ਸੁਪਰੀਮ ਕੋਰਟ ਵੱਲੋਂ ਬਣਾਈ ਏਜੰਸੀ ਨੇ ਗੈਸ ਚੈਂਬਰ ਵਰਗੇ ਹਾਲਾਤ 'ਤੇ ਨੋਟਿਸ ਲੈਂਦੇ ਹੋਏ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤੀ ਹੈ। ਸਕੂਲਾਂ ਵਿਚ ਪੰਜ ਤਰੀਕ ਤਕ ਛੁੱਟੀ ਕਰ ਦਿੱਤੀ ਗਈ ਹੈ ਤੇ ਨਿਰਮਾਣ ਕਾਰਜ ਰੋਕ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਐਤਵਾਰ ਨੂੰ ਹੋਣ ਵਾਲੇ ਪਹਿਲੇ ਟੀ-20 ਮੁਕਾਬਲੇ ਨੂੰ ਖੇਡਣ ਲਈ ਮਜਬੂਰ ਹਨ। ਐਤਵਾਰ ਨੂੰ ਸ਼ਾਮ ਸੱਤ ਵਜੇ ਤੋਂ ਮੈਂਚ ਸ਼ੁਰੂ ਹੋਵੇਗਾ ਤੇ ਆਈਟੀਓ ਦੇ ਕੋਲ ਸਥਿਤ ਅਰੁਣ ਜੇਟਲੀ ਸਟੇਡੀਅਮ ਉਸ ਸਮੇਂ ਗੈਸ ਚੈਂਬਰ ਵਿਚ ਤਬਦੀਲ ਹੋ ਚੁੱਕਾ ਹੋਵੇਗਾ। ਇਸ ਕਾਰਨ ਉਥੇ ਖੇਡ ਰਹੇ ਭਾਰਤ ਤੇ ਬੰਗਲਾਦੇਸ਼ ਦੇ ਖਿਡਾਰੀਆਂ ਹੀ ਨਹੀਂ, ਮੈਚ ਦੇਖ ਰਹੇ ਲਗਭਗ 41000 ਦਰਸ਼ਕਾਂ ਦੀ ਵੀ ਸਿਹਤ ਖ਼ਤਰੇ ਵਿਚ ਹੋਵੇਗੀ। ਸ਼ੁੱਕਰਵਾਰ ਨੂੰ ਹੀ ਦਿੱਲੀ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਤੇ ਐਤਵਾਰ ਨੂੰ ਜਦ ਇੰਨੇ ਸਾਰੇ ਲੋਕ ਹਰ ਪਾਸਿਓ! ਘਿਰੇ ਸਟੇਡੀਅਮ ਦੇ ਅੰਦਰ ਹੋਣਗੇ ਤਾਂ ਕੀ ਹਾਲਾਤ ਹੋਣਗੇ ਇਸ ਦਾ ਸਿਰਫ਼ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਦੇ ਇਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਇਸ ਕਾਰਨ ਮੈਚ ਨੂੰ ਟਾਲ਼ਿਆ ਨਹੀਂ ਜਾ ਸਕਦਾ ਪਰ ਹਾਲਾਤ ਅਸਲ ਵਿਚ ਖ਼ਤਰਨਾਕ ਹਨ। ਐਤਵਾਰ ਦੀ ਰਾਤ ਨੂੰ ਜਦ ਇੰਨੇ ਲੋਕ ਇਕ ਥਾਂ ਇਕੱਠੇ ਹੋਣਗੇ ਤਾਂ ਉਂਝ ਹੀ ਧੂੜ ਦਾ ਗੁਬਾਰ ਉੜੇਗਾ ਕਿਉਂਕਿ ਮੈਦਾਨ ਵਿਚ ਅੰਦਰ ਆਉਣ ਲਈ ਜਿੱਥੋਂ ਲਾਈਨ ਲੱਗਣੀ ਸ਼ੁਰੂ ਹੁੰਦੀ ਹੈ ਉਥੇ ਮਿੱਟੀ ਹੀ ਮਿੱਟੀ ਹੈ। ਇਹੀ ਨਹੀਂ ਸਟੇਡੀਅਮ ਦੇ ਸਾਹਮਣੇ ਜਿਸ ਪਾਰਕ ਵਿਚ ਵੀਆਈਪੀ ਪਾਰਕਿੰਗ ਹੁੰਦੀ ਹੈ ਉਥੇ ਵੀ ਗੱਡੀਆਂ ਕਾਰਨ ਆਵਾਜਾਈ ਨਾਲ ਮਿੱਟੀ ਉੱਡਦੀ ਹੈ। ਦੋ ਸਾਲ ਪਹਿਲਾਂ ਜਦ ਇੱਥੇ ਟੈਸਟ ਮੈਚ ਵਿਚ ਪ੍ਰਦੂਸ਼ਣ ਅੜਿੱਕਾ ਬਣਿਆ ਸੀ ਤਦ ਹਾਲਾਤ ਅੱਜ ਵਾਂਗ ਖ਼ਤਰਨਾਕ ਨਹੀਂ ਸਨ ਤੇ ਟੈਸਟ ਕਾਰਨ ਇੰਨੀ ਗਿਣਤੀ ਵਿਚ ਦਰਸ਼ਕ ਵੀ ਨਹੀਂ ਆਏ ਸਨ। ਇਹ ਟੀ-20 ਮੈਚ ਹੈ ਤੇ ਦਿਨ ਐਤਵਾਰ ਹੈ। ਦਰਸ਼ਕ ਮੈਚ ਦੇਖਣਾ ਚਾਹੁਣਗੇ ਪਰ ਫਲੱਡ ਲਾਈਟ ਵਿਚ ਹੋਣ ਵਾਲੇ ਇਸ ਮੈਚ ਵਿਚ ਕੀ ਹੋਵੇਗਾ ਅਜੇ ਕੋਈ ਕੁਝ ਨਹੀਂ ਕਹਿ ਸਕਦਾ।

ਮਾਸਕ ਪਹਿਨ ਕੇ ਉਤਰੇ ਬੰਗਲਾਦੇਸ਼ੀ ਖਿਡਾਰੀ

ਨਵੀਂ ਦਿੱਲੀ : ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰਦੂਸ਼ਣ ਵਾਲੇ ਮਾਹੌਲ ਵਿਚ ਅਭਿਆਸ ਕੀਤਾ। ਇਸ ਦੌਰਾਨ ਬੰਗਲਾਦੇਸ਼ੀ ਖਿਡਾਰੀ ਮਾਸਕ ਪਹਿਨ ਕੇ ਅਭਿਆਸ ਕਰਦੇ ਨਜ਼ਰ ਆਏ। ਹਾਲਾਂਕਿ ਕਿਸੇ ਵੀ ਭਾਰਤੀ ਖਿਡਾਰੀ ਨੂੰ ਮਾਸਕ ਪਹਿਨੇ ਨਹੀਂ ਦੇਖਿਆ ਗਿਆ। ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਡੇਨੀਅਲ ਵਿਟੋਰੀ ਇਨ੍ਹੀਂ ਦਿਨੀਂ ਬੰਗਲਾਦੇਸ਼ ਦੇ ਗੇਂਦਬਾਜ਼ੀ ਕੋਚ ਹਨ। ਵਿਟੋਰੀ ਨੇ ਵੀ ਮਾਸਕ ਪਹਿਨ ਕੇ ਖਿਡਾਰੀਆਂ ਨੂੰ ਅਭਿਆਸ ਕਰਵਾਇਆ।

ਈਪੀਸੀਏ ਦੀ ਸਲਾਹ ਨੂੰ ਨਕਾਰਿਆ ਜਾਵੇਗਾ

ਨਵੀਂ ਦਿੱਲੀ : ਵਾਤਾਵਰਨ ਪ੍ਰਦੂਸ਼ਣ ਕੰਟਰੋਲ ਅਥਾਰਟੀ (ਈਪੀਸੀਏ) ਨੇ ਦਿੱਲੀ ਐੱਨਸੀਆਰ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰ 'ਚੋਂ ਘੱਟ ਤੋਂ ਘੱਟ ਨਿਕਲਣ। ਖੁੱਲ੍ਹੇ ਵਿਚ ਕਸਰਤ ਨਾ ਕਰਨ। ਬਿਮਾਰ, ਬੱਚੇ ਤੇ ਬਜ਼ੁਰਗ ਘਰੋਂ ਘੱਟ ਤੋਂ ਘੱਟ ਨਿਕਲਣ। ਸਕੂਲਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਆਊਟਡੋਰ ਸਰਗਰਮੀਆਂ ਤੇ ਸਪੋਰਟਸ ਪੀਰੀਅਡ ਘੱਟ ਕਰਨ ਤਾਂਕਿ ਬੱਚਿਆਂ ਦਾ ਪ੍ਰਦੂਸ਼ਣ ਨਾਲ ਘੱਟ ਸਾਹਮਣਾ ਹੋਵੇ ਪਰ ਦਿੱਲੀ ਵਿਚ ਮੈਚ ਦੌਰਾਨ ਇਸ ਦਾ ਸ਼ਰ੍ਹੇਆਮ ਉਲੰਘਣ ਹੋਵੇਗਾ।

ਹਾਲਾਤ ਸਹੀ ਨਹੀਂ ਪਰ ਕੋਈ ਮਰ ਨਹੀਂ ਜਾਵੇਗਾ : ਡੋਮਿੰਗੋ

ਨਵੀਂ ਦਿੱਲੀ (ਜੇਐੱਨਐੱਨ) : ਬੰਗਲਾਦੇਸ਼ ਦੇ ਕੋਚ ਰਸੇਲ ਡੋਮਿੰਗੋ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਦੇ ਹਾਲਾਤ ਢੁੱਕਵੇਂ ਨਹੀਂ ਹਨ ਪਰ ਅਜਿਹਾ ਦੋਵਾਂ ਟੀਮਾਂ ਲਈ ਹੈ ਤੇ ਉਨ੍ਹਾਂ ਨੂੰ ਇਸ ਦਾ ਸਾਹਮਣਾ ਕਰਨਾ ਹੀ ਪਵੇਗਾ। ਡੋਮਿੰਗੋ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੌਸਮ ਚੰਗਾ ਹੈ, ਨਾ ਜ਼ਿਆਦਾ ਗਰਮੀ ਹੈ ਤੇ ਨਾ ਜ਼ਿਆਦਾ ਹਵਾ ਚੱਲ ਰਹੀ ਹੈ ਪਰ ਧੁੰਦ ਇਕ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਅਜਿਹਾ ਦੋਵਾਂ ਟੀਮਾਂ ਲਈ ਹੈ, ਇਹ ਆਦਰਸ਼ ਸਥਿਤੀ ਨਹੀਂ ਹੈ ਪਰ ਅਸੀਂ ਇਸ ਦੀ ਸ਼ਿਕਾਇਤ ਨਹੀਂ ਕਰ ਰਹੇ ਹਾਂ। ਡੋਮਿੰਗੋ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਸਾਡੀ ਤਿਆਰੀ ਪੂਰੀ ਰਹੇ। ਸਾਡੀ ਟੀਮ ਦੇ ਕੁਝ ਖਿਡਾਰੀਆਂ ਨੂੰ ਅੱਖਾਂ ਤੇ ਗਲ ਦੀ ਤਕਲੀਫ਼ ਹੋਈ ਹੈ ਪਰ ਇਹ ਠੀਕ ਹੈ। ਕੋਈ ਬਿਮਾਰ ਨਹੀਂ ਹੈ ਤੇ ਨਾ ਹੀ ਕੋਈ ਮਰ ਰਿਹਾ ਹੈ। ਅਸੀਂ ਇਸ ਮੌਸਮ ਵਿਚ ਮੈਦਾਨ 'ਤੇ ਛੇ ਜਾਂ ਸੱਤ ਘੰਟੇ ਤੋਂ ਜ਼ਿਆਦਾ ਨਹੀਂ ਰਹਿਣਾ ਚਾਹੁੰਦੇ। ਅਸੀਂ ਤਿੰਨ ਘੰਟੇ ਦਾ ਮੈਚ ਖੇਡ ਰਹੇ ਹਾਂ ਤੇ ਤਿੰਨ ਘੰਟੇ ਅਭਿਆਸ ਸੈਸ਼ਨ। ਇਸ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਨੂੰ ਸ਼ਾਕਿਬ ਅਲ ਹਸਨ ਦੇ ਰੂਪ ਵਿਚ ਵੱਡਾ ਝਟਕਾ ਲੱਗਾ ਹੈ। ਡੋਮਿੰਗੋ ਨੇ ਇਸ 'ਤੇ ਕਿਹਾ ਕਿ ਪਿਛਲੇ ਕੁਝ ਹਫ਼ਤੇ ਠੀਕ ਰਹੇ ਹਨ ਪਰ ਕਦੀ ਕਦੀ ਇਸ ਤਰ੍ਹਾਂ ਦੀਆਂ ਚੀਜ਼ਾਂ ਖਿਡਾਰੀਆਂ ਨੂੰ ਪ੍ਰਰੇਰਿਤ ਕਰ ਜਾਂਦੀਆਂ ਹਨ। ਟੀਮ ਇੱਥੇ ਸ਼ਾਨਦਾਰ ਕੰਮ ਕਰ ਰਹੀ ਹੈ, ਖਿਡਾਰੀ ਅਸਲ ਵਿਚ ਸਖ਼ਤ ਮਿਹਨਤ ਕਰ ਰਹੇ ਹਨ। ਉਹ ਖ਼ੁਸ਼ ਹਨ ਤੇ ਆਨੰਦ ਲੈ ਰਹੇ ਹਨ, ਇਸ ਲਈ ਇਹ ਸਾਡੀ ਤਿਆਰੀ ਦੀ ਚੰਗੀ ਸ਼ੁਰੂਆਤ ਹੈ।

ਸ਼ਾਕਿਬ ਅਲ ਹਸਨ ਦੀ ਘਾਟ ਰੜਕੇਗੀ :

ਡੋਮਿੰਗੋ ਨੇ ਕਿਹਾ ਕਿ ਹਰ ਕਿਸੇ ਨੂੰ ਸ਼ਾਕਿਬ ਦੀ ਘਾਟ ਰੜਕੇਗੀ। ਉਹ ਇਕ ਬਿਹਤਰ ਕ੍ਰਿਕਟਰ ਹਨ ਤੇ ਇਕ ਵਿਸ਼ਵ ਪੱਧਰੀ ਹਰਫ਼ਨਮੌਲਾ ਖਿਡਾਰੀ ਹਨ। ਸਾਰੇ ਖਿਡਾਰੀ ਉਨ੍ਹਾਂ ਨੂੰ ਆਦਰਸ਼ ਮੰਨਦੇ ਹਨ ਇਸ ਲਈ ਉਨ੍ਹਾਂ ਨੂੰ ਗੁਆਉਣਾ ਸਾਡੇ ਲਈ ਵੱਡਾ ਨੁਕਸਾਨ ਹੈ ਪਰ ਉਨ੍ਹਾਂ ਨੇ ਗ਼ਲਤੀ ਕੀਤੀ ਹੈ ਤੇ ਉਸ ਦੀ ਸਜ਼ਾ ਭੁਗਤ ਰਹੇ ਹਨ।