'ਧਰਮਸ਼ਾਲਾ ਦੀ ਪਿੱਚ ਬੱਲੇਬਾਜ਼ਾਂ ਦੀ ਮਦਦ ਕਰੇਗੀ। ਮੈਂ ਧਰਮਸ਼ਾਲਾ ਦੀ ਪਿੱਚ 'ਤੇ ਨਹੀਂ ਖੇਡਿਆ ਹਾਂ। ਜਦ ਪਿਛਲੀ ਵਾਰ ਅਸੀਂ ਇੱਥੇ ਆਏ ਸੀ ਤਾਂ ਪਿੱਚ ਚੰਗੀ ਖੇਡੀ ਸੀ। ਰੋਹਿਤ ਨੇ ਪਿਛਲੀ ਵਾਰ ਇੱਥੇ ਸੈਂਕੜਾ ਲਾਇਆ ਸੀ। ਮੈਨੂੰ ਉਮੀਦ ਹੈ ਕਿ ਇੱਥੇ ਦੀ ਪਿੱਚ ਚੰਗੀ ਹੋਵੇਗੀ।

-ਕਵਿੰਟਨ ਡਿਕਾਕ, ਕਪਤਾਨ, ਦੱਖਣੀ ਅਫਰੀਕਾ

ਫਾਫ ਨੇ ਦੱਖਣੀ ਅਫਰੀਕਾ ਕ੍ਰਿਕਟ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਅਸੀਂ ਹੁਣ ਭਵਿੱਖ ਨੂੰ ਵੀ ਦੇਖਣਾ ਹੈ ਤੇ ਸਾਨੂੰ ਡਿਕਾਕ 'ਤੇ ਯਕੀਨ ਹੈ ਜੋ ਟੀ-20 ਟੀਮ ਦੀ ਅਗਵਾਈ ਕਰ ਰਹੇ ਹਨ। ਸਾਡੇ ਕੋਲ ਇਕ ਚੰਗਾ ਕਪਤਾਨ ਹੈ ਤੇ ਉਨ੍ਹਾਂ ਕੋਲ ਭਵਿੱਖ ਦੀ ਟੀਮ ਤਿਆਰ ਕਰਨ ਦਾ ਮੌਕਾ ਹੈ।

-ਇਨੋਕ ਕਵੇ, ਡਾਇਰੈਕਟਰ, ਦੱਖਣੀ ਅਫਰੀਕਾ

ਧਰਮਸ਼ਾਲਾ (ਜੇਐੱਨਐੱਨ) : ਪਿਛਲੇ ਕੁਝ ਸਮੇਂ ਤੋਂ ਖ਼ਰਾਬ ਲੈਅ 'ਚ ਚੱਲ ਰਹੀ ਦੱਖਣੀ ਅਫਰੀਕੀ ਟੀਮ ਨੇ ਧਰਮਸ਼ਾਲਾ ਵਿਚ ਆਰਜ਼ੀ ਡਾਇਰੈਕਟਰ ਇਨੋਕ ਕਵੇ ਦੀ ਅਗਵਾਈ ਵਿਚ ਮੰਗਲਵਾਰ ਨੂੰ ਇੱਥੇ ਅਭਿਆਸ ਸੈਸ਼ਨ ਦੌਰਾਨ ਫੁੱਟਬਾਲ ਖੇਡੀ ਤੇ ਚੰਗਾ ਅਭਿਆਸ ਵੀ ਕੀਤਾ। ਟੀਮ ਦੇ ਖਿਡਾਰੀਆਂ ਨੇ ਪੰਜ-ਪੰਜ ਮੈਂਬਰਾਂ ਦੀ ਟੀਮ ਬਣਾ ਕੇ ਫੁੱਟਬਾਲ ਖੇਡੀ। ਕੁੱਲ ਮਿਲਾ ਕੇ ਟੀਮ ਨੇ ਸਾਢੇ ਤਿੰਨ ਘੰਟੇ ਅਭਿਆਸ ਸੈਸ਼ਨ ਵਿਚ ਪਸੀਨਾ ਵਹਾਇਆ। ਇਕੋਨ ਕਵੇ ਨੇ ਅਭਿਆਸ ਦੇ ਪਹਿਲੇ ਹੀ ਦਿਨ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮੈਚ ਵਿਚ ਪੁਰਾਣੇ ਖਿਡਾਰੀਆਂ ਨੂੰ ਪੂਰਾ ਸਨਮਾਨ ਅਤੇ ਟੀਮ ਵਿਚ ਥਾਂ ਦੇਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਧਰਮਸ਼ਾਲਾ ਸਟੇਡੀਅਮ ਦੇ ਹਾਲਾਤ ਕੀ ਹਨ ਤੇ ਅਭਿਆਸ ਦੌਰਾਨ ਇੱਥੇ ਪਹਿਲਾਂ ਖੇਡ ਚੁੱਕੇ ਖਿਡਾਰੀਆਂ ਦੀ ਰਾਇ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਧਰਮਸ਼ਾਲਾ ਸਟੇਡੀਅਮ ਵਿਚ ਮਿਲਰ ਤੇ ਰਬਾਦਾ ਇਸ ਦੋ ਅਕਤੂਬਰ 2015 ਨੂੰ ਹੋਏ ਟੀ-20 ਮੁਕਾਬਲੇ ਵਿਚ ਭਾਰਤ ਖ਼ਿਲਾਫ਼ ਖੇਡ ਚੁੱਕੇ ਹਨ ਇਸ ਲਈ ਇਨ੍ਹਾਂ ਸਾਰਿਆਂ 'ਤੇ ਸਭ ਦੀਆਂ ਨਜ਼ਰਾਂ ਹੋਣਗੀਆਂ। ਟੀਮ ਨੂੰ ਵੀ ਇਨ੍ਹਾਂ ਤੋਂ ਸਰਬੋਤਮ ਪ੍ਰਦਰਸ਼ਨ ਦੀ ਉਮੀਦ ਹੋਵੇਗੀ।