ਜੇਐੱਨਐੱਨ, ਨਵੀਂ ਦਿੱਲੀ : ਬੱਲੇ ਨਾਲ ਉਪਯੋਗੀ ਪਾਰੀ ਖੇਡਣ ਤੋਂ ਬਾਅਦ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ (43 ਦੌੜਾਂ 'ਤੇ ਪੰਜ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਇਥੇ ਸਰ ਵਿਵਅਨ ਰਿਚਰਡਸਨ ਸਟੇਡੀਅਮ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਸ਼ਨਿਚਰਵਾਰ ਨੂੰ ਵੈਸਟਇੰਡੀਜ਼ ਨੂੰ ਪਹਿਲੀ ਪਾਰੀ 'ਚ 222 ਦੌੜਾਂ 'ਤੇ ਸਮੇਟ ਦਿੱਤਾ। ਭਾਰਤ ਨੇ ਪਹਿਲੀ ਪਾਰੀ 'ਚ 297 ਦੌੜਾਂ ਦਾ ਸਕੋਰ ਬਣਾਇਆ ਸੀ। ਅਜਿਹੇ 'ਚ ਭਾਰਤ ਨੇ ਪਹਿਲੀ ਪਾਰੀ 'ਚ 79 ਦੌੜਾਂ ਦਾ ਅਹਿਮ ਵਾਧਾ ਹਾਸਲ ਕੀਤਾ ਸੀ।

ਸ਼ੁੱਕਰਵਾਰ ਨੂੰ ਸਕੋਰ ਅੱਠ ਵਿਕਟਾਂ 'ਤੇ 189 ਦੌੜਾਂ ਤੋਂ ਅੱਗੇ ਖੇਡਣ ਉਤਰੀ ਵੈਸਟਇੰਡੀਜ਼ ਦੀ ਟੀਮ ਨੇ ਆਖਰੀ ਦੋ ਵਿਕਟਾਂ ਲਈ ਭਾਰਤੀ ਗੇਂਦਬਾਜ਼ਾਂ ਨੂੰ ਬਹੁਤ ਪਰੇਸ਼ਾਨ ਕੀਤਾ। ਕਪਤਾਨ ਜੇਸਨ ਹੋਲਡਰ (39) ਨੇ ਪਿਛਲੇ ਬੱਲੇਬਾਜ਼ ਮਿਗੁਏਲ ਕਮਿੰਸ (00) ਨਾਲ 9ਵੇਂ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਕੀਤੀ। ਖ਼ਾਸ ਗੱਲ ਇਹ ਰਹੀ ਕਿ ਇਸ 'ਚ ਸਾਰੀਆਂ ਦੌੜਾਂ ਹੋਲਡਰ ਨੇ ਬਣਾਈਆਂ। ਹਾਲਾਂਕਿ ਹੋਲਡਰ ਨੂੰ ਮੁਹੰਮਦ ਸ਼ਮੀ ਨੇ ਵਿਕਟ ਕੀਪਰ ਰਿਸੰਭ ਪੰਤ ਦੇ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਕਮਿੰਸ ਨੂੰ ਆਊਟ ਕਰ ਕੇ ਵੈਸਟ ਇੰਡੀਜ਼ ਦੀ ਪਾਰੀ ਦਾ ਅੰਤ ਕਰ ਦਿੱਤਾ।

ਇਸ ਤੋਂ ਪਹਿਲਾਂ, ਸ਼ੁੱਕਰਵਾਰ ਵੈਸਟਇੰਡੀਜ਼ ਨੂੰ ਪਹਿਲਾ ਝਟਕਾ 36 ਦੌੜਾਂ ਦੇ ਸਕੋਰ 'ਤੇ ਜਾਨ ਕੈਂਪਬੈਲ (23) ਦੇ ਰੂਪ 'ਚ ਲੱਗਾ। ਉਨ੍ਹਾਂ ਨੇ 30 ਗੇਂਦਾਂ 'ਤੇ ਚਾਰ ਚੌਕੇ ਲਾਏ। ਮੇਜ਼ਬਾਨ ਟੀਮ ਨੇ ਇਸ ਤੋਂ ਬਾਅਦ 48 ਦੇ ਸਕੋਰ 'ਤੇ ਕੈ੍ਗ ਬ੍ਰੈਥਵੇਟ (14) ਨੂੰ ਦੂਜੇ ਵਿਕਟ ਦੇ ਰੂਪ 'ਚ ਅਤੇ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਸ਼ਾਮਰਾ ਬਰੂਕਸ (11) ਨੂੰ 50 ਦੇ ਸਕੋਰ 'ਤੇ ਤੀਜੇ ਵਿਕਟ ਦੇ ਰੂਪ 'ਚ ਗਵਾ ਦਿੱਤਾ। ਵੈਸਟਇੰਡੀਜ਼ ਦੀ ਟੀਮ ਇਕ ਸਮੇਂ ਪੰਜ ਵਿਕਟਾਂ 'ਤੇ 174 ਦੌੜਾਂ ਬਣਾ ਚੁੱਕੀ ਸੀ ਪਰ ਇਸ ਤੋਂ ਬਾਅਦ ਮੇਜ਼ਬਾਨ ਟੀਮ ਨੂੰ ਸੰਕਟ 'ਚ ਪਾ ਦਿੱਤਾ। ਇਸ਼ਾਂਤ ਨੇ ਕਰੀਅਰ 'ਚ 9ਵੀਂ ਵਾਰ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਇਸ਼ਾਂਤ ਨੇ ਬੱਲੇ ਨਾਲ 19 ਦੌੜਾਂ ਦੀ ਉਪਯੋਗੀ ਪਾਰੀ ਖੇਡੀ ਸੀ ਤੇ ਉਨ੍ਹਾਂ ਨੇ ਜਡੇਜਾ ਨਾਲ ਅੱਠਵੇਂ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ 297 ਦੌੜਾਂ ਤਕ ਪਹੁੰਚਾਇਆ ਸੀ। ਵੈਸਟਇੰਡੀਜ਼ ਦੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਤੋਂ ਇਲਾਵਾ ਡੈਰੇਨ ਬ੍ਰਾਵੋ ਨੇ 27 ਗੇਂਦਾਂ 'ਚ 18, ਰੋਸਟਨ ਚੇਜ ਨੇ 74 ਗੇਂਦਾਂ 'ਚ 48, ਸਾਈ ਹੋਪ ਨੇ 65ਗੇਂਦਾਂ 'ਚ 24, ਸ਼ਿਮਰੋਨ ਹੈਟਮਾਇਰ ਨੇ 47 ਗੇਂਦਾਂ 'ਚ 35 ਤੇ ਕੇਮਾਰ ਰੋਚ ਨੇ ਜ਼ੀਰੋ ਸਕੋਰ ਬਣਾਇਆ। ਇਸ਼ਾਂਤ ਨੇ ਪੰਜ ਵਿਕਟਾਂ ਤੋਂ ਇਲਾਵਾ ਸ਼ਮੀ ਤੇ ਜਡੇਜਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।